ETV Bharat / state

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ SGPC ਵੱਲੋਂ ਵੰਡੇ ਗਏ ਵੀਜ਼ਾ ਲੱਗੇ ਪਾਸਪੋਰਟ

author img

By ETV Bharat Punjabi Team

Published : Nov 24, 2023, 2:07 PM IST

ਸ਼ਰਧਾਲੂਆਂ ਨੂੰ ਐਸਜੀਪੀਸੀ ਵੱਲੋਂ ਵੰਡੇ ਗਏ ਵੀਜ਼ਾ ਲੱਗੇ ਪਾਸਪੋਰਟ
ਸ਼ਰਧਾਲੂਆਂ ਨੂੰ ਐਸਜੀਪੀਸੀ ਵੱਲੋਂ ਵੰਡੇ ਗਏ ਵੀਜ਼ਾ ਲੱਗੇ ਪਾਸਪੋਰਟ

Guru Nanak Dev Ji Prakash Purab: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਲੱਗੇ ਪਾਸਪੋਰਟ ਵੱਡੇ ਗਏ ਹਨ। ਜਿਸ 'ਚ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਭਲਕੇ ਇਹ ਜਥਾ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ

ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 788 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਭਲਕੇ 25 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੌਰਾਨ ਅੱਜ ਸ਼ਰਧਾਲੂਆਂ ਨੇ ਆਪਣੇ ਵੀਜ਼ਾ ਲੱਗੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਹਨ।

ਕਈ ਸ਼ਰਧਾਲੂਆਂ ਦੇ ਕੱਟੇ ਗਏ ਵੀਜ਼ੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 1684 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋ ਸਫ਼ਾਰਤਖ਼ਾਨੇ ਨੇ 788 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 896 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ਾ ਨਹੀਂ ਦਿੱਤਾ। ਉਨ੍ਹਾਂ ਇਤਰਾਜ਼ ਕੀਤਾ ਕਿ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰਨਾ ਮੰਦਭਾਗਾ ਹੈ। ਜਦੋਂ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।

ਭਲਕੇ ਜਥਾ ਪਾਕਿਸਤਾਨ ਹੋਵੇਗਾ ਰਵਾਨਾ: ਪ੍ਰਤਾਪ ਸਿੰਘ ਨੇ ਦੱਸਿਆ ਕਿ ਜਥੇ ਦੀ ਰਵਾਨਗੀ ਲਈ ਤਿਆਰੀਆਂ ਮੁਕੰਮਲ ਹਨ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਉਨ੍ਹਾਂ ਦੱਸਿਆ ਕਿ ਜਥਾ ਭਲਕੇ 25 ਨਵੰਬਰ ਨੂੰ ਸਵੇਰੇ 8:30 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਅੱਜ ਪਾਸਪੋਰਟ ਲੈਣ ਨਹੀਂ ਪੁੱਜ ਸਕੇ, ਉਹ ਸਵੇਰੇ ਜਥੇ ਦੀ ਰਵਾਨਗੀ ਤੋਂ ਪਹਿਲਾਂ ਪਾਸਪੋਰਟ ਪ੍ਰਾਪਤ ਕਰ ਸਕਣਗੇ।

ਸ਼ਰਧਾਲੂਆਂ ਦੇ ਮਨਾਂ 'ਚ ਗੁਰਧਾਮਾਂ ਦੇ ਦਰਸ਼ਨਾਂ ਦੀ ਖੁਸ਼ੀ: ਇਸ ਦੌਰਾਨ ਜਿੰਨਾਂ ਸ਼ਰਧਾਲੂਆਂ ਨੂੰ ਵੀਜ਼ੇ ਲੱਗੇ ਪਾਸਪੋਰਟ ਪ੍ਰਾਪਤ ਹੋਏ, ਉਹਨਾਂ ਦੇ ਮਨਾਂ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਨੂੰ ਲੈ ਕੇ ਵੱਖਰਾ ਹੀ ਚਾਅ ਨਜ਼ਰ ਆ ਰਿਹਾ ਹੈ। ਇਸ ਮੌਕੇ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਪਾਕਿਸਤਾਨ ਵਿਖੇ ਵਿਛੜੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ ਅਤੇ ਸ਼ਰਧਾਲੂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਚਾਰ ਦਸੰਬਰ ਨੂੰ ਇਹ ਜਥਾ ਭਾਰਤ ਵਾਪਸ ਪਰਤੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.