ETV Bharat / state

ਜਥੇਦਾਰ ਨੇ ਖਾਲਸਾ ਏਡ ਉੱਤੇ NIA ਦੀ ਕਾਰਵਾਈ ਨੂੰ ਦੱਸਿਆ ਗਲਤ, ਕਿਹਾ- ਸਿੱਖਾਂ ਨੂੰ ਭਾਰਤ 'ਚ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ

author img

By

Published : Aug 4, 2023, 4:33 PM IST

Giani Raghbir Singh in Amritsar said that there was an attempt to defame the Sikhs in India
ਜਥੇਦਾਰ ਨੇ ਖਾਲਸਾ ਏਡ ਉੱਤੇ NIA ਦੀ ਕਾਰਵਾਈ ਨੂੰ ਦੱਸਿਆ ਗਲਤ, ਕਿਹਾ- ਸਿੱਖਾਂ ਨੂੰ ਭਾਰਤ 'ਚ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ

ਬੀਤੇ ਦਿਨ੍ਹੀਂ ਭਾਰਤ ਅੰਦਰ ਖਾਲਸਾ ਏਡ ਦੇ ਦਫਤਰ ਉੱਤੇ ਐੱਨਆਈਏ ਦੀ ਰੇਡ ਅਤੇ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਏਅਰਪੋਰਟ ਉੱਤੇ ਰੋਕ ਕੇ ਰੱਖਣ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਖਾਲਸਾ ਏਡ ਦੇ ਭਾਰਤ ਸਥਿਤ ਦਫਤਰ ਵਿੱਚ ਐਨ.ਆਈ.ਏ. ਦੀ ਛਾਪੇਮਾਰੀ ਅਤੇ ਇੰਗਲੈਂਡ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕਣ ਦੀ ਘਟਨਾ ‘ਤੇ ਆਪਣੀ ਮਹੱਤਵਪੂਰਨ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਆਖਿਆ ਕਿ ਭਾਰਤ ਅੰਦਰ ਸਿੱਖਾਂ ਨੂੰ ਆਨੇ-ਬਹਾਨੇ ਅਲਹਿਦਗੀ ਦਾ ਅਹਿਸਾਸ ਕਰਵਾਉਣਾ ਮੰਦਭਾਗਾ ਹੈ।

ਛਾਪੇਮਾਰੀ ਕਰਨੀ ਹੈਰਾਨੀਜਨਕ: ਗਿਆਨੀ ਰਘਬੀਰ ਸਿੰਘ ਨੇ ਅੱਜ ਜਾਰੀ ਇਕ ਬਿਆਨ ਵਿੱਚ ਆਖਿਆ ਕਿ ਖਾਲਸਾ ਏਡ ਵੱਲੋਂ ਵਿਸ਼ਵ ਪੱਧਰ ‘ਤੇ ਮਾਨਵਤਾ ਦੀ ਸੇਵਾ ਦੇ ਕੀਤੇ ਜਾ ਰਹੇ ਕਾਰਜ ਕੋਈ ਲੁਕੇ-ਛੁਪੇ ਨਹੀਂ ਹਨ। ਇਸ ਤਰੀਕੇ ਐਨ.ਆਈ.ਏ. ਵੱਲੋਂ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫਤਰ ਵਿੱਚ ਛਾਪੇਮਾਰੀ ਕਰਨੀ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸ਼ਾਇਦ ਸਿੱਖ ਸੇਵਾ ਕਰਦੇ ਵੀ ਚੰਗੇ ਨਹੀਂ ਲੱਗਦੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਮਾਨਵ-ਕਲਿਆਣਕਾਰੀ ਫਲਸਫੇ ‘ਤੇ ਚੱਲਦਿਆਂ ਖ਼ਾਲਸਾ ਏਡ ਵਰਗੀਆਂ ਵਿਸ਼ਵ-ਵਿਆਪੀ ਸਿੱਖ ਜਥੇਬੰਦੀਆਂ ਬਿਨਾਂ ਜਾਤ, ਦੇਸ਼, ਖਿਤਾ ਤੇ ਮਜ਼੍ਹਬ ਵੇਖੇ ਨਿੱਠ ਕੇ ਮਨੁੱਖਤਾ ਦੀ ਸੇਵਾ ਕਰ ਰਹੀਆਂ ਹਨ ਪਰ ਸਰਕਾਰਾਂ ਸੇਵਾ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਮਜ਼੍ਹਬੀ ਤੇ ਸੰਪਰਦਾਇਕ ਐਨਕਾਂ ਲਾਹ ਕੇ ਵੇਖਣ ਲਈ ਤਿਆਰ ਨਹੀਂ ਹਨ।

ਸਿੱਖਾਂ ਦੇ ਅਕਸ ਨੂੰਹ ਢਾਹ ਲਾਉਣ ਦੀ ਕੋਸ਼ਿਸ਼: ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨ ਇੰਗਲੈਂਡ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਦੋ ਘੰਟੇ ਰੋਕੀ ਰੱਖਣ ਦੀ ਘਟਨਾ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰੀਕੇ ਸਿੱਖਾਂ ਦੇ ਅਕਸ ਅਤੇ ਸਮਰੱਥਾ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਦੇਸ਼ ਦੀ ਆਨ, ਬਾਨ, ਸ਼ਾਨ ਵਿੱਚ ਸਿੱਖਾਂ ਦੀ ਮਹੱਤਵਪੂਰਨ ਭੂਮਿਕਾ ਵੀ ਅਣਗੌਲੀ ਨਹੀਂ ਜਾ ਸਕਦੀ।

ਸਿੱਖਾਂ ਨਾਲ ਹੋ ਰਿਹਾ ਧੱਕਾ: ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਸਿੱਖਾਂ ਅਤੇ ਪੰਜਾਬ ਨਾਲ ਪਿਛਲੇ 72 ਸਾਲਾਂ ਦੌਰਾਨ ਹੋਏ ਸਿਆਸੀ ਵਿਤਕਰਿਆਂ ਅਤੇ ਵਧੀਕੀਆਂ ਨੂੰ ਵੀ ਇਤਿਹਾਸ ਵਿੱਚੋਂ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਜੂਨ 1984 ਦਾ ਘੱਲੂਘਾਰਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਦਿੱਤਾ ਗਿਆ ਅਜਿਹਾ ਨਾਸੂਰ ਹੈ, ਜੋ ਰਹਿੰਦੀ ਦੁਨੀਆਂ ਤੱਕ ਰਿਸਦਾ ਰਹੇਗਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵੱਸਦਾ ਕੋਈ ਵੀ ਸਿੱਖ ਜਦੋਂ ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਦੀ ਗੱਲ ਕਰਦਾ ਹੈ ਤਾਂ ਬਜਾਇ ਇਸ ਦੇ ਕਿ ਸਿੱਟਾ ਮੁਖੀ ਨੀਤੀਆਂ ‘ਤੇ ਚੱਲ ਕੇ ਸਿੱਖ ਕੌਮ ਦੇ ਬੇਇਨਸਾਫੀ ਦੇ ਹੇਰਵੇ ਨੂੰ ਦੂਰ ਕਰਕੇ ਉਨ੍ਹਾਂ ਦਾ ਭਰੋਸਾ ਜਿੱਤਿਆ ਜਾਵੇ, ਉਲਟਾ ਸਰਕਾਰਾਂ ਅਜਿਹਾ ਪੱਖਪਾਤੀ ਵਤੀਰਾ ਧਾਰਨ ਕਰਦੀਆਂ ਹਨ ਕਿ ਸਿੱਖਾਂ ਅੰਦਰ ਅਲਹਿਦਗੀ ਦਾ ਹੋਰ ਅਹਿਸਾਸ ਪੈਦਾ ਹੋਵੇ। ਗਿਆਨੀ ਰਘਬੀਰ ਸਿੰਘ ਨੇ ਅਖੀਰ ਵਿਚ ਕਿਹਾ ਕਿ ਇਤਿਹਾਸ ਦੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਸਰਕਾਰਾਂ ਨੂੰ ਸਿਆਸੀ ਸਮੱਸਿਆਵਾਂ ਦਾ ਹੱਲ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਾਲੀਆਂ ਨੀਤੀਆਂ ਦੀ ਥਾਂ ਸੁਹਿਰਦਤਾ ਅਤੇ ਫ਼ਰਾਖ਼ਦਿਲੀ ਵਾਲਾ ਵਤੀਰਾ ਧਾਰਨ ਕਰਕੇ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.