ਅੰਮ੍ਰਿਤਸਰ: ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਦਾਲਮ ਦੇ ਰਹਿਣ ਵਾਲੇ ਚੰਦ ਸਿੰਘ ਦਾ ਵਿਆਹ ਅੱਜ ਤੋਂ 5-6 ਪਹਿਲਾਂ ਹੋਇਆ ਸੀ। ਬੜੇ ਚਾਵਾਂ ਨਾਲ ਘਰ ਵਾਲਿਆਂ ਨੇ ਵੀ ਵਿਆਹ ਕੀਤਾ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਵਿਆਹ ਤੋਂ ਬਾਅਦ ਚੰਦ ਦੀ ਪਤਨੀ ਮਾਂ ਨਹੀਂ ਬਣ ਪਾਈ ਜਿਸ ਕਰਕੇ ਉਹ ਡਿਪਰੈੱਸ਼ਨ ਵਿੱਚ ਰਹਿਣ ਲੱਗ ਪਈ। ਉਥੇ ਹੀ ਜਾਣਕਾਰੀ ਦਿੰਦੇ ਹੋਏ ਚੰਦ ਸਿੰਘ ਨੇ ਦੱਸਿਆ ਕਿ ਬੱਚਾ ਨਾ ਹੋਣ ਕਰਕੇ ਉਸ ਦੀ ਪਤਨੀ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਰਹਿਣ ਲੱਗ ਪਈ ਜਿਸ ਦੇ ਚੱਲਦੇ ਉਸ ਦੀ ਪਤਨੀ ਨੇ ਤੇਜ਼ਾਬ ਪੀ ਲਿਆ ਸੀ। ਉਸ ਤੋਂ ਬਾਅਦ ਉਹ ਮੰਜੇ ਉੱਤੇ ਹੀ ਲੱਗ ਗਈ ਹੈ।
ਘਰ ਦਾ ਸਾਮਾਨ ਵੇਚ ਕੇ ਲਾਏ ਪੈਸੇ, ਪਰ ਫ਼ਰਕ ਨਹੀਂ: ਪਤੀ ਚੰਦ ਸਿੰਘ ਨੇ ਦੱਸਿਆ ਕਿ ਤੇਜ਼ਾਬ ਪੀਣ ਕਾਰਨ ਉਸ ਦੀ ਪਤਨੀ ਦੀ ਫੂਡ ਪਾਈਪ ਖ਼ਰਾਬ ਹੋ ਗਈ ਹੈ। ਉਹ ਬਹੁਤ ਹਸਪਤਾਲਾਂ ਵਿੱਚ ਇਲਾਜ ਕਰਵਾ ਚੁੱਕੇ ਹਨ। ਇਲਾਜ ਲਈ ਘਰ ਦਾ ਸਾਰਾ ਸਾਮਾਨ ਤੱਕ ਵੇਚ ਦਿੱਤਾ, ਪਰ ਕੋਈ ਫ਼ਰਕ ਨਹੀਂ ਪਿਆ। ਹੁਣ ਤੱਕ ਲੋਕਾਂ ਕੋਲੋ ਪੈਸੇ ਲੈ ਕੇ ਅਤੇ ਘਰ ਦਾ ਸਮਾਨ ਵੇਚ ਕੇ ਤਕਰੀਬਨ 6 ਲੱਖ ਰੁਪਏ ਇਲਾਜ ਉੱਤੇ ਲਗਾ ਚੁੱਕੇ ਹਨ, ਪਰ ਅਜੇ ਵੀ ਅਰਾਮ ਨਹੀਂ ਆਇਆ। ਡਾਕਟਰ ਵਲੋਂ ਅਜੇ ਇਲਾਜ ਲਈ ਹੋਰ ਪੈਸੇ ਦੀ ਮੰਗ ਕੀਤੀ ਹੈ।
ਐਨਆਰਆਈ ਤੇ ਸਮਾਜ ਸੇਵੀਆਂ ਤੋਂ ਮਦਦ ਮੰਗੀ: ਚੰਦ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਇਲਾਜ ਕਰਵਾਉਣ ਵਿੱਚ ਅਸਮਰਥ ਹੈ। ਘਰ ਵਿੱਚ ਕੁਝ ਨਹੀਂ ਬਚਿਆ ਜਿਸ ਨੂੰ ਵੇਚ ਕੇ ਉਹ ਆਪਣੀ ਧਰਮ ਪਤਨੀ ਦੀ ਜਾਨ ਬਚਾ ਲਵੇ। ਪਿੱਛਲੇ 9 ਮਹੀਨੇ ਤੋਂ ਉਸ ਦੀ ਪਤਨੀ ਮੰਜੇ ਉੱਤੇ ਹੈ। ਖਾਣਾ ਵੀ ਨਹੀਂ ਖਾ ਸਕਦੀ, ਉਸ ਨੂੰ ਬਹੁਤ ਮੁਸ਼ਕਿਲ ਨਾਲ ਤਰਲ ਪਦਾਰਥ ਦੇ ਰੂਪ ਵਿੱਚ ਟੀਕੇ ਲਗਾ ਕੇ ਖਾਣਾ ਦਿੱਤਾ ਜਾ ਰਿਹਾ ਹੈ। ਉਥੇ ਹੀ ਬੇਬਸ ਹੋਏ ਚੰਦ ਸਿੰਘ ਨੇ ਹੁਣ NRI ਅਤੇ ਸਮਾਜ ਸੇਵਕ ਲੋਕਾਂ ਕੋਲੋਂ ਮਦਦ ਲਈ ਗੁਹਾਰ ਲਾਈ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇਸ ਹਾਲਾਤ ਵਿੱਚ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਹੁਣ ਉਹ ਇਲਾਜ ਕਰਵਾਉਣ ਵਿੱਚ ਅਸਮਰਥ ਹੈ। ਕੋਈ ਰੱਬ ਦਾ ਫਰਿਸ਼ਤਾ ਹੀ ਉਸ ਦੀ ਮਦਦ ਕਰ ਸਕਦਾ ਹੈ। ਮਦਦ ਵਾਸਤੇ 7087516504 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ, ਮੌਕੇ ਉੱਤੇ ਪਹੁੰਚੇ ਪਿੰਡ ਵਾਸੀ ਤੇਜੀ ਰੰਧਾਵਾ ਨੇ ਦੱਸਿਆ ਕਿ ਭੈਣ ਕਾਫੀ ਮਹੀਨਿਆਂ ਤੋਂ ਇਸੇ ਤਰ੍ਹਾਂ ਬਿਸਤਰੇ ਉੱਤੇ ਹੀ ਹੈ। ਉਹ ਦੋਵੇਂ ਮਾਂ-ਪੁੱਤ ਉਸ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ। ਪਰਿਵਾਰ ਦਾ ਹਾਲਾਤ ਵੀ ਬਹੁਤੇ ਠੀਕ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਸਮਾਜ ਸੇਵੀ ਸੰਸਥਾ ਇਸ ਪਰਿਵਾਰ ਦੀ ਬਾਂਹ ਜ਼ਰੂਰ ਫੜ੍ਹੇ।
ਇਹ ਵੀ ਪੜ੍ਹੋ: Atiq Ahmed News: ਅਤੀਕ ਅਹਿਮਦ ਦਾ ਇੱਕ ਮੁਲਜ਼ਮ ਸੰਨੀ ਕਈ ਸਾਲਾਂ ਤੋਂ ਅਪਣੇ ਘਰ ਨਹੀਂ ਗਿਆ, ਪਰਿਵਾਰ ਨੇ ਵੀ ਮੋੜਿਆ ਮੂੰਹ