ਨਵੀਂ ਦਿੱਲੀ: ਇਸਰੋ ਚੰਦਰਯਾਨ-3 ਦੀ ਸੌਫ਼ਟ ਲੈਡਿੰਗ ਦਾ ਲਾਈਵ ਪ੍ਰਸਾਰਣ ਕਰੇਗਾ। ਇਹ ਅੱਜ ਸ਼ਾਮ 5.20 ਵਜੇ ਸ਼ੁਰੂ ਹੋਵੇਗਾ। ਦੇਸ਼ ਦੇ ਚੰਦਰਮਾਂ ਮਿਸ਼ਨ ਨੂੰ ਲੈ ਕੇ ਕਾਫ਼ੀ ਉਮੀਦਾਂ ਹਨ। ਦੇਸ਼ ਭਰ ਦੇ ਤਾਰਾਮੰਡਲਾਂ, ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਸੰਸਥਾਵਾਂ ਅੱਜ ਇਸ ਵੱਡੇ ਪਲ ਦੀ ਤਿਆਰੀ ਕਰ ਰਹੇ ਹਨ, ਕਿਉਕਿ ਇਸਰੋ ਦਾ ਚੰਦਰਯਾਨ-3 ਚੰਦਰਮਾਂ ਦੇ ਪੱਧਰ 'ਤੇ ਉਤਰਨ ਵਾਲਾ ਹੈ।
ਵਿਗਿਆਨੀ ਅਤੇ ਅਧਿਆਪਕ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਦੇਣਗੇ: ਸਕੂਲਾਂ ਅਤੇ ਕਾਲਜਾਂ ਨੇ ਇਤਿਹਾਸਕ ਟਚਡਾਊਨ ਦੇ ਸਿੱਧੇ ਪ੍ਰਸਾਰਣ ਦੀ ਤਿਆਰੀ ਕੀਤੀ ਹੈ। ਵਿਗਿਆਨੀ ਅਤੇ ਅਧਿਆਪਕ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਦੇਣਗੇ ਅਤੇ ਭਾਰਤ ਦੇ ਪੁਲਾੜ ਇਤਿਹਾਸ ਦੀ ਮਹੱਤਵਪੂਰਨ ਘਟਨਾ ਦੇ ਮਹੱਤਵ ਨੂੰ ਸਮਝਾਉਣਗੇ। ਦਿੱਲੀ ਦੇ ਇੰਦਰਾ ਗਾਂਧੀ ਤਾਰਾਮੰਡਲਾਂ ਦੁਆਰਾ ਅੱਜ ਚੰਦਰਯਾਨ-3 'ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ। ਇਸ ਪ੍ਰੋਗਰਾਮ 'ਚ ਰਿਮੋਟ ਸੈਸਿੰਗ ਐਂਡ ਐਪਲੀਕੇਸ਼ਨ ਸੈਂਟਰ ਦੇ ਵਿਗਿਆਨੀ ਡਾ: ਅਨਿਰੁਧ ਉਨਿਆਲ ਚੰਦਰਮਾਂ 'ਤੇ ਇੱਕ ਪ੍ਰੈਕਟੀਕਲ ਲੈਕਚਰ ਦੇਣਗੇ, ਜਿਸ ਵਿੱਚ ਇਸਦੀ ਬਣਤਰ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ।
ਚੰਦਰਯਾਨ-3 ਦੀ ਲੈਂਡਿੰਗ ਦੌਰਾਨ ਪਲੈਨਟੇਰੀਅਮ ਲਾਈਵ ਪ੍ਰਸਾਰਣ: ਇਸ ਤੋਂ ਇਲਾਵਾ ਇੰਦਰਾ ਗਾਂਧੀ ਤਾਰਾਮੰਡਲਾਂ ਚੰਦਰਯਾਨ-3 ਦੇ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਚੰਦਰਯਾਨ-3 ਦੀ ਲੈਂਡਿੰਗ ਦੌਰਾਨ ਪਲੈਨਟੇਰੀਅਮ ਲਾਈਵ ਪ੍ਰਸਾਰਣ ਵੀ ਕਰੇਗਾ, ਜਿਸ ਨਾਲ ਆਮ ਲੋਕਾਂ ਨੂੰ ਹਿੱਸਾ ਲੈਣ ਦਾ ਇੱਕ ਵਿਲੱਖਣ ਮੌਕਾ ਮਿਲੇਗਾ।
ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ: ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਵਜੇ ਤੋਂ ਸ਼ੁਰੂ ਹੋਵੇਗਾ। ਲੈਂਡਿੰਗ ਦੀ ਲਾਈਵ ਗਤੀਵਿਧੀਆਂ ਇਸਰੋ ਵੈੱਬਸਾਈਟ, ਇਸਦੇ YouTube ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ 'ਤੇ ਅੱਜ ਸ਼ਾਮ 5:27 ਤੋਂ ਉਪਲਬਧ ਹੋਵੇਗਾ। ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ਼ ਹੋਵੇਗਾ। ਇਸ ਤੋਂ ਪਹਿਲਾ ਅਮਰੀਕਾ, ਰੂਸ ਅਤੇ ਚੀਨ ਅਜਿਹਾ ਕਰ ਚੁੱਕੇ ਹਨ। ਪਰ ਭਾਰਤ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਉਤਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ।