ETV Bharat / entertainment

ਸੈਂਕੜੇ ਗੀਤ ਰਿਕਾਰਡ, ਸੋਨੀ ਠੁੱਲੇਵਾਲ ਦੀ ਗੀਤਕਾਰੀ 'ਚ ਧੜਕਦਾ ਹੈ ਪੰਜਾਬੀਆਂ ਦੀ ਸੁੱਖ ਮੰਗਣ ਵਾਲਾ ਦਿਲ

author img

By

Published : May 12, 2023, 7:10 PM IST

ਪੰਜਾਬੀ ਗੀਤਕਾਰੀ ਵਿੱਚ ਬਰਨਾਲਾ ਜਿਲ੍ਹੇ ਦੇ ਪਿੰਡ ਠੁੱਲੇਵਾਲ ਦੇ ਗੀਤਕਾਰ ਸੋਨੀ ਠੁੱਲੇਵਾਲ ਦਾ ਨਾਂ ਉਚੇਚਾ ਲਿਆ ਜਾ ਰਿਹਾ ਹੈ। ਸੋਨੀ ਦੇ ਕਈ ਗੀਤ ਮਕਬੂਲ ਹਨ ਪਰ ਇਨ੍ਹਾਂ ਦਿਨਾਂ ਵਿੱਚ ਸੋਨੀ ਦਾ ਗੀਤ ਨਜ਼ਰਅੰਦਾਜ਼ ਚਰਚਾ ਵਿੱਚ ਹੈ। ਪੜ੍ਹੋ ਗੀਤਕਾਰ ਸੋਨੀ ਠੁੱਲੇਵਾਲ ਨਾਲ ਈਟੀਵੀ ਭਾਰਤ ਵਲੋਂ ਕੀਤੀ ਖ਼ਾਸ ਗੱਲਬਾਤ...

Songwriter Soni Thulewal of Barnala village Thulewal is in discussion
ਸੈਂਕੜੇ ਗੀਤ ਰਿਕਾਰਡ, ਸੋਨੀ ਠੁੱਲੇਵਾਲ ਦੀ ਗੀਤਕਾਰੀ 'ਚ ਧੜਕਦਾ ਹੈ ਪੰਜਾਬੀਆਂ ਦੀ ਸੁੱਖ ਮੰਗਣ ਵਾਲਾ ਦਿਲ

ਚੰਡੀਗੜ੍ਹ (ਜਗਜੀਵਨ ਮੀਤ) : ਕਹਿੰਦੇ ਨੇ ਕਿ ਕਾਲੇ ਟਿੱਕੇ ਲਾ ਕੇ ਤੇ ਸਿਰੋਂ ਮਿਰਚਾਂ ਵਾਰ ਕੇ ਜਦੋਂ ਨਜ਼ਰ ਉਤਾਰਨ ਵਾਲੇ ਹੀ ਨਜ਼ਰਅੰਦਾਜ਼ ਕਰਨ ਤਾਂ ਫਿਰ ਦਿੱਲ ਨੂੰ ਪੀੜ ਤਾਂ ਹੁੰਦੀ ਹੈ। ਇਸ ਤਰ੍ਹਾਂ ਦਾ ਇਸ਼ਕ ਜਦੋਂ ਜ਼ਹਿਰ ਬਣਦਾ ਹੈ...ਫਿਰ ਕੋਈ ਸੋਨੀ ਸ਼ਾਇਰ ਬਣਦਾ ਹੈ। ਅੱਜ ਉਸੇ ਸ਼ਾਇਰ ਦੀ ਗੱਲ ਕਰੀਏ ਤਾਂ ਲੋਕ ਗਾਇਕ ਉਜਾਗਰ ਅੰਟਾਲ ਦੀ ਦਿਲ ਟੁੰਬਵੀਂ ਆਵਾਜ਼ ਵਿੱਚ ਗਾਇਆ ਗਿਆ 'ਨਜ਼ਰਅੰਦਾਜ ਹੀ ਕਰ ਗਈ ਨਜ਼ਰਾਂ ਲਾਹੁੰਦੀ-ਲਾਹੁੰਦੀ ਗੀਤ ਸੋਨੀ ਠੁੱਲੇਵਾਲ ਦੀ ਕਲਮ ਦਾ ਕਮਾਲ ਹੈ। ਸੋਨੀ ਠੁੱਲੇਵਾਲ ਪੰਜਾਬੀ ਗੀਤਕਾਰੀ ਦਾ ਉਹ ਨਾਂ ਹੈ, ਜਿਸਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਕਿਹੜਾ ਪੰਜਾਬੀ ਗੀਤਕਾਰ ਤੇ ਗਾਇਕ ਕਿਹੋ ਜਿਹਾ ਲਿਖ ਕੇ ਮਕਬੂਲੀਅਤ ਹਾਸਿਲ ਕਰ ਰਿਹਾ ਹੈ। ਸੋਨੀ ਠੁੱਲੇਵਾਲ ਪੰਜਾਬੀ ਗੀਤਕਾਰੀ ਦਾ ਆਪਣਾ ਮੁਕਾਮ ਹਾਸਿਲ ਕਰਨ ਵਿੱਚ ਆਪਣੇ ਨਾਲ ਹੀ ਸਿਰਜੋੜ ਕੇ ਜੀਤੋੜ ਮਿਹਨਤ ਕਰਨ ਵਿੱਚ ਰੁੱਝਿਆ ਹੋਇਆ ਹੈ, ਜਿਸਦੇ ਸ਼ਾਨਦਾਰ ਗੀਤਾਂ ਦੀ ਲੜੀ ਵੀ ਬਹੁਤ ਲੰਬੀ ਹੈ। ਸੋਨੀ ਠੁੱਲੇਵਾਲ ਦਾ ਅਸਲ ਨਾਂ ਸੰਦੀਪ ਸਿੰਘ ਹੈ ਤੇ ਮੁਹੱਬਤੀ ਲੋਕ ਤੇ ਸੰਗੀਤ ਜਗਤ ਵਿੱਚ ਸੋਨੀ ਠੁੱਲੇਵਾਲ ਨਾਲ ਹੀ ਜਾਣਦੇ ਹਨ।

ਕੰਵਰ ਗਰੇਵਾਲ ਨਾਲ ਸਫਰ ਸ਼ੁਰੂ : ਦਰਅਸਲ, ਸੋਨੀ ਠੁੱਲੇਵਾਲ ਹੁਣ ਤੱਕ 100 ਤੋਂ ਵੱਧ ਅਜਿਹੇ ਗੀਤਾਂ ਦੀ ਸਿਰਜਣਾ ਕਰ ਚੁੱਕਿਆ ਹੈ, ਜਿਸ ਵਿੱਚ ਸਾਹਿਤ ਦਾ ਉਹ ਹਰ ਰੰਗ ਹੈ, ਜਿਹੜਾ ਮੌਜੂਦਾ ਗੀਤਕਾਰੀ ਤੇ ਗਾਇਕੀ ਵਿੱਚੋਂ ਵਿਸਰਦਾ ਜਾ ਰਿਹਾ ਹੈ। ਸੋਨੀ ਠੁੱਲੇਵਾਲ ਦੀ ਆਪਣੀ ਛੱਲਾ ਨਾਂ ਦੀ ਮਿਊਜ਼ਿਕਲ ਕੰਪਨੀ ਹੈ। ਛੱਲਾ ਵਲੋਂ ਕੰਵਰ ਗਰੇਵਾਲ ਦੀ ਆਵਾਜ਼ ਤੇ ਸੋਨੀ ਦੀ ਕਲਮ ਨਾਲ ਲਿਖਿਆ ਗੀਤ 'ਸੁੱਖ ਰੱਖੀ' ਵੀ ਪੇਸ਼ ਕੀਤਾ ਜਾ ਚੁੱਕਾ ਹੈ, ਜਿਹੜਾ ਖੂਬ ਨਾਮਣਾ ਖੱਟ ਚੁੱਕਾ ਹੈ। ਇਸ ਗੀਤ ਨੂੰ ਅੱਠ ਲੱਖ ਤੋਂ ਵਧੇਰੇ ਲੋਕਾਂ ਵਲੋਂ ਛੱਲਾ ਦੇ ਯੂਟਿਊ ਚੈਨਲ ਉੱਤੇ ਪਿਆਰ ਮਿਲ ਚੁੱਕਾ ਹੈ। ਇਸ ਗੀਤ ਦੇ ਬੋਲ ਪੰਜਾਬੀ ਸਾਹਿਤ ਨਾਲ ਓਤਪ੍ਰੋਤ ਹਨ।

ਗੀਤ ਦੇ ਬੋਲ ਨੇ...

ਮੈਲ ਮਨਾ ਚੋਂ ਸਾਫ ਤੂੰ ਕਰ ਦੇ,

ਕੱਢ ਨਫਰਤ ਭਰ ਦੇ ਪਿਆਰ,

ਮਾਲਕਾ ਸੁੱਖ ਰੱਖੀ

ਸੁਖੀ ਵਸੇ ਸੰਸਾਰ ਮਾਲਕਾ ਸੁੱਖ ਰੱਖੀਂ,

ਸੁਖੀ ਵਸੇ ਪਰਿਵਾਰ ਮਾਲਕਾ ਸੁੱਖ ਰੱਖੀਂ...

ਤਰਕਸ਼ ਵਿੱਚ ਹੋਰ ਵੀ ਤਿੱਖੇ ਤੀਰ : ਇਹ ਤਾਂ ਸਿਰਫ਼ ਇਕ ਗੀਤ ਹੈ, ਜਿਸਦੇ ਬੋਲ ਦਿਲ ਨੂੰ ਸਕੂਨ ਦੇਣ ਵਾਲੇ ਹਨ, ਇਸ ਤਰ੍ਹਾਂ ਦੇ ਸੋਨੀ ਠੁੱਲੇਵਾਲ ਕੋਲ ਸੈਂਕੜੇ ਗੀਤ ਹਨ ਜੋ ਤਰਕਸ਼ ਦੇ ਤੀਰਾਂ ਵਾਂਗ ਸਾਂਭੇ ਹੋਏ ਹਨ ਤੇ ਸਮਾਂ ਆਉਣ ਉੱਤੇ ਪੰਜਾਬੀਆਂ ਸਾਹਮਣੇ ਹੋਣਗੇ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੋਨੀ ਠੁੱਲੇਵਾਲ ਨੇ ਕਿਹਾ ਕਿ ਪਿਤਾ ਜੀ ਦੇ ਜਾਣ ਮਗਰੋਂ ਜੋ ਫਰਜ ਮਾਂ ਨੇ ਅਦਾ ਕੀਤਾ ਹੈ, ਉਸੇ ਸਦਕਾ ਉਹ ਸੰਦੀਪ ਸਿੰਘ ਤੋਂ ਸੋਨੀ ਠੁੱਲੇਵਾਲ ਬਣ ਸਕਿਆ ਹੈ। ਪਰਿਵਾਰ ਵਿਚ ਦੋ ਬੱਚੇ ਵੀ ਹਨ ਤੇ ਪਤਨੀ ਵੀ ਸੰਘਰਸ਼ ਤੇ ਮਕਬੂਲੀਅਤ ਦੇ ਇਨ੍ਹਾਂ ਦਿਨਾਂ ਦੀ ਨਾਲੋਂ ਨਾਲ ਗਵਾਹ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਠੁੱਲੇਵਾਲ ਦੇ ਜੰਮਪਲ ਸੋਨੀ ਠੁੱਲੇਵਾਲ ਦੀ ਰਿਹਾਇਸ਼ ਬੇਸ਼ੱਕ ਮੋਹਾਲੀ ਹੈ ਪਰ ਦਿਲ ਹਾਲੇ ਵੀ ਪਿੰਡ ਹੀ ਧੜਕਦਾ ਹੈ।

ਸ਼ਿਵ ਕੁਮਾਰ ਨੂੰ ਚੇਤੇ ਕਰਦਿਆਂ : ਫੋਨ 'ਤੇ ਗੱਲਬਾਤ ਕਰਦਿਆਂ ਸੋਨੀ ਠੁੱਲੇਵਾਲ ਨੇ ਕਿਹਾ ਕਿ ਕੰਵਰ ਗਰੇਵਾਲ, ਨਛੱਤਰ ਗਿੱਲ, ਨਿਸ਼ਾਨ ਭੁੱਲਰ ਵੀ ਜਲਦ ਉਸਦੇ ਗੀਤਾਂ ਨੂੰ ਆਵਾਜ਼ ਦੇ ਰਹੇ ਹਨ। ਗਰੇਵਾਲ ਦੀ ਆਵਾਜ ਵਿੱਚ ਇਕ ਬਹੁਤ ਵਧੀਆ ਗੀਤ ਜੂਨ ਮਹੀਨੇ ਆਉਣ ਦੀ ਤਿਆਰੀ ਵਿੱਚ ਹੈ। ਇਹ ਗੀਤ ਵੀ ਆਪਣੇ ਆਪ ਵਿੱਚ ਨਵਾਂ ਪ੍ਰਯੋਗ ਹੈ। ਸੋਨੀ ਠੁੱਲੇਵਾਲ ਨੇ ਕਿਹਾ ਕਿ ਸ਼ਿਵ ਕੁਮਾਰ ਦੀ ਸ਼ਾਹਕਾਰ ਰਚਨਾ ਹੈ...'ਇਕ ਕੁੜੀ ਜੀਹਦਾ ਨਾਂ ਮੁਹੱਬਤ ਗੁੰਮ ਹੈ...ਗੁੰਮ ਹੈ...ਗੁੰਮ ਹੈ।' ਇਸ ਨੂੰ ਲੈ ਕੇ ਵੀ ਇਕ ਵੱਖਰੇ ਤਰ੍ਹਾਂ ਦਾ ਪ੍ਰਯੋਗ ਕੀਤਾ ਗਿਆ ਹੈ। ਉਹੀ ਕੁੜੀ ਲੱਭਣ ਦੀ ਕੋਸ਼ਿਸ਼ ਵਿੱਚ ਹੈ ਸੋਨੀ ਠੁੱਲੇਵਾਲ ਤੇ ਸ਼ਾਇਦ ਲੱਭ ਵੀ ਪਈ ਹੈ। ਇਸ ਕੁੜੀ ਦੇ ਦਰਸ਼ਨ ਕੰਵਰ ਗਰੇਵਾਲ ਵਲੋਂ ਗਾਏ ਤੇ ਸੋਨੀ ਠੁੱਲੇਵਾਲ ਦੇ ਗੀਤ ਵਿੱਚ ਜਲਦ ਹੋਣਗੇ।

ਦੋ ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ: ਸੋਨੀ ਠੁੱਲੇਵਾਲ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਗਾਇਕੀ ਵਿੱਚ ਕੌਣ ਕੀ ਕਰ ਰਿਹਾ ਹੈ ਤੇ ਕਿਹੜੇ ਵਿੰਗ ਵਲੇਵਿਆਂ ਨਾਲ ਚਰਚਾ ਖੱਟ ਰਿਹਾ ਹੈ, ਇਸ ਤੋਂ ਉਸਨੇ ਕੁੱਝ ਨਹੀਂ ਲੈਣਾ। ਉਸਦੀ ਆਪਣੀ ਪੈੜ ਚਾਲ ਹੈ ਅਤੇ ਇਹ ਪੈੜ ਕਿਸੇ ਭੀੜ ਦਾ ਹਿੱਸਾ ਨਹੀਂ ਹੈ। ਪੰਜਾਬੀ ਦੀ ਕਹਾਵਤ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਤੇ ਇਹ ਮੜਕ ਸੋਨੀ ਠੁੱਲੇਵਾਲ ਦੇ ਗੀਤਾਂ ਵਿੱਚ ਵੀ ਸਾਫ ਝਲਕਦੀ ਹੈ। ਸੋਨੀ ਨੇ ਕਿਹਾ ਕਿ ਉਹ ਲੋਕਾਂ ਲਈ ਗੀਤ ਲਿਖਦਾ ਹੈ ਤੇ ਉਸਨੂੰ ਕਿਸੇ ਭੇਡ ਚਾਲ ਦੀ ਕੋਈ ਪਰਵਾਹ ਨਹੀਂ ਹੈ। ਉਸਦੀ ਗੀਤਕਾਰੀ ਵਿੱਚ ਸਾਹਿਤ ਭਾਰੂ ਹੈ ਤੇ ਇਹੀ ਕਾਰਣ ਹੈ ਕਿ ਲੋਕ ਉਸਨੂੰ ਮੁਹੱਬਤ ਦੇ ਰਹੇ ਹਨ। ਸੋਨੀ ਠੁੱਲੇਵਾਲ ਨੇ ਕਿਹਾ ਕਿ ਗੀਤ ਲਿਖਣ ਵੇਲੇ ਉਹ ਇਹੀ ਧਿਆਨ ਵਿੱਚ ਰੱਖਦਾ ਹੈ ਕਿ ਲੋਕ ਉਸਦੇ ਗੀਤਾਂ ਨੂੰ ਉਸਦੇ ਬਾਅਦ ਗੁਣਗੁਣਾਉਂਦੇ ਰਹਿਣਗੇ।

  1. ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
  2. ਫਿਲਮ ਨਿਰਮਾਣ ਤੋਂ ਬਾਅਦ ਹੁਣ ਨਿਰਦੇਸ਼ਨ ਵੱਲ ਵਧੇ ਗੱਬਰ ਸੰਗਰੂਰ, ਪਹਿਲੀ ਨਿਰਦੇਸ਼ਿਤ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ
  3. Film Chamkila: 'ਜੋੜੀ' ਤੋਂ ਬਾਅਦ 'ਚਮਕੀਲਾ' 'ਤੇ ਲੱਗੀ ਰੋਕ ਹਟਾਈ, ਹੁਣ ਫਿਲਮ 'ਚਮਕੀਲਾ' ਦਾ ਵੀ ਲੈ ਸਕੋਗੇ ਆਨੰਦ

ਨਵੇਂ ਗਾਇਕਾਂ ਦੀ ਬਾਂਹ ਫੜ੍ਹਨ ਵਾਲਾ ਗੀਤਕਾਰ : ਗੱਲਬਾਤ ਕਰਦਿਆਂ ਸੋਨੀ ਠੁੱਲੇਵਾਲ ਨੇ ਕਿਹਾ ਕਿ ਆਪਣੀ ਸਾਖ ਪੈਦਾ ਕਰ ਚੁੱਕੇ ਵੱਡੇ ਗਾਇਕਾਂ ਨੂੰ ਪਲੇਟਫਾਰਮਾਂ ਦੀ ਘਾਟ ਨਹੀਂ ਹੈ, ਪਰ ਗੱਲ ਉਨ੍ਹਾਂ ਦੀ ਹੈ, ਜਿਹੜੇ ਇਸ ਖੇਤਰ ਵਿੱਚ ਦਿਨ ਰਾਤ ਇਕ ਕਰ ਰਹੇ ਹਨ। ਉਨ੍ਹਾਂ ਦੀ ਬਾਂਹ ਫੜ੍ਹਨਾ ਵੀ ਜਰੂਰੀ ਹੈ। ਇਸੇ ਸੋਚ ਨੂੰ ਲੈ ਕੇ ਛੱਲਾ ਮਿਊਜ਼ਕਲ ਕੰਪਨੀ ਦੀ ਨੀਂਹ ਰੱਖੀ ਹੈ। ਇਸ ਕੰਪਨੀ ਨਾਲ ਨਵੇਂ ਗਾਇਕ ਜੋੜੇ ਜਾ ਰਹੇ ਹਨ। ਨਵੀਂ ਪਨੀਰੀ ਲਈ ਇਹ ਕੰਪਨੀ ਰਾਹ ਦਸੇਰਾ ਵੀ ਹੈ। ਇਸ ਸਫਰ ਵਿੱਚ ਮਨਰਾਜ ਰਾਏ ਦਾ ਨਾਂ ਵੀ ਸੋਨੀ ਠੁੱਲੇਵਾਲ ਉਚੇਚਾ ਲੈਂਦਾ ਹੈ। ਮਨਰਾਜ ਰਾਏ ਇਸ ਸਾਰੇ ਕਾਰਜਭਾਰ ਵਿੱਚ ਪ੍ਰਬੰਧਕ ਦੀ ਭੂਮਿਕਾ ਨਿਭਾ ਰਹੇ ਹਨ ਤੇ ਨਵੀਂ ਗਾਇਕੀ ਨੂੰ ਪ੍ਰਮੋਟ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.