ETV Bharat / entertainment

Film Gudiya First Song: ਅੱਜ ਰਿਲੀਜ਼ ਹੋਵੇਗਾ ਆਉਣ ਵਾਲੀ ਹੌਰਰ ਪੰਜਾਬੀ ਫਿਲਮ 'ਗੁੜੀਆ' ਦਾ ਪਹਿਲਾਂ ਗੀਤ,  ਯੁਵਰਾਜ ਹੰਸ ਅਤੇ ਜੀਡੀ 47 ਵੱਲੋਂ ਦਿੱਤੀਆਂ ਗਈਆਂ ਹਨ ਆਵਾਜ਼ਾਂ

author img

By ETV Bharat Punjabi Team

Published : Nov 1, 2023, 1:26 PM IST

Film Gudiya First Song
Film Gudiya First Song

Gudiya First Song: ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੌਰਰ ਪੰਜਾਬੀ ਫਿਲਮ ਗੁੜੀਆ ਦਾ ਪਹਿਲਾਂ ਗੀਤ ਅੱਜ 1 ਨਵੰਬਰ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਗੀਤ ਨੂੰ ਯੁਵਰਾਜ ਹੰਸ ਅਤੇ ਜੀਡੀ 47 ਵੱਲੋਂ ਗਾਇਆ ਗਿਆ ਹੈ।

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਪੰਜਾਬੀ ਫਿਲਮ 'ਗੁੜੀਆ' ਦਾ ਪਹਿਲਾਂ ਗੀਤ 'ਸੱਚ ਜਾਣ ਕੇ' ਅੱਜ ਰਿਲੀਜ਼ (Film Gudiya First Song) ਹੋਣ ਜਾ ਰਿਹਾ ਹੈ, ਜਿਸ ਨੂੰ ਆਵਾਜ਼ਾਂ ਯੁਵਰਾਜ ਹੰਸ ਅਤੇ ਜੀਡੀ 47 ਵੱਲੋਂ ਦਿੱਤੀਆਂ ਗਈਆਂ ਹਨ, ਜੋ ਇਸ ਫਿਲਮ ਵਿੱਚ ਲੀਡ ਭੂਮਿਕਾ ਵੀ ਅਦਾ ਕਰ ਰਹੇ ਹਨ।

'ਸਿਨੇਮਾ ਸਟਾਰ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣ ਰਹੀ ਉਕਤ ਫਿਲਮ ਦਾ ਨਿਰਮਾਣ ਗਾਰਗੀ ਚੰਦੇਰ ਅਤੇ ਰਾਹੁਲ ਚੰਦੇਰ ਕਰ ਰਹੇ ਹਨ, ਜਦਕਿ ਇਸ ਦਾ ਨਿਰਦੇਸ਼ਨ ਰਾਹੁਲ ਚੰਦੇਰ ਅਤੇ ਗੌਰਵ ਸੋਨੀ ਦੁਆਰਾ ਕੀਤਾ ਜਾ ਰਿਹਾ ਹੈ। ਉਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਹੌਰਰ-ਡਰਾਮਾ ਸਟੋਰੀ ਆਧਾਰਿਤ ਇਸ ਫਿਲਮ ਵਿੱਚ ਯੁਵਰਾਜ ਹੰਸ ਅਤੇ ਸਾਵਨ ਰੂਪੋਵਾਲੀ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਆਰੁਸ਼ੀ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਸਮਾਇਰਾ ਨਾਇਰ ਵੀ ਮਹੱਤਵਪੂਰਨ ਰੋਲਜ਼ ਵਿੱਚ ਵਿਖਾਈ ਦੇਣਗੇ।


ਪੰਜਾਬ ਅਤੇ ਚੰਡੀਗੜ੍ਹ (Film Gudiya First Song) ਦੀਆਂ ਵੱਖ-ਵੱਖ ਲੋਕੇਸਨਾਂ 'ਤੇ ਫ਼ਿਲਮਾਈ ਜਾ ਰਹੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਅਰਵਿੰਦਰ ਤੇਜੀ, ਸਟੋਰੀ ਸਕਰੀਨ ਪਲੇ ਅਤੇ ਡਾਇਲਾਗ ਲੇਖਕ ਗੌਰਵ ਸੋਨੀ ਹਨ। ਪੰਜਾਬੀ ਸਿਨੇਮਾ ਦੀ ਮੇਨ ਸਟਰੀਮ ਫਿਲਮਾਂ ਨਾਲੋਂ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਦੇ ਉਕਤ ਰਿਲੀਜ਼ ਹੋ ਰਹੇ ਗਾਣੇ ਦਾ ਸੰਗੀਤ ਗੁਰਮੋਹ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਨੂੰ ਲਿਖਿਆ ਹੈ ਗੁਰਜੀਤ ਖੋਸਾ ਨੇ, ਜੋ ਮਿਆਰੀ ਗੀਤ ਲੇਖਨ ਦੇ ਚੱਲਦਿਆਂ ਫਿਲਮੀ ਅਤੇ ਗੈਰ ਫਿਲਮੀ ਸੰਗੀਤ ਗਲਿਆਰਿਆਂ ਵਿੱਚ ਚੋਖੀ ਅਤੇ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ।

ਪਰਿਵਾਰਿਕ ਜਿੰਮੇਵਾਰੀਆਂ ਦੇ ਚੱਲਦਿਆਂ ਪੰਜਾਬੀ ਫਿਲਮ ਇੰਡਸਟਰੀ ਤੋਂ ਕੁਝ ਸਮੇਂ ਦੀ ਦੂਰੀ ਬਣਾਉਣ ਤੋਂ ਬਾਅਦ ਮੁੜ ਤੇਜੀ ਨਾਲ ਸਰਗਰਮ ਹੁੰਦੇ ਜਾ ਰਹੇ ਹਨ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ, ਜਿੰਨ੍ਹਾਂ ਦੱਸਿਆ ਕਿ ਇੰਨ੍ਹੀਂ ਦਿਨ੍ਹੀਂ ਉਨ੍ਹਾਂ ਦੀਆਂ ਕਈ ਪੰਜਾਬੀ ਫਿਲਮਾਂ ਫ਼ਲੌਰ 'ਤੇ ਹਨ, ਜਿੰਨ੍ਹਾਂ ਵਿੱਚੋਂ 'ਮੁੰਡਾ ਰੌਕਸਟਾਰ' ਅਤੇ ਉਕਤ ਫਿਲਮ 'ਗੁੜੀਆ' ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ, ਜੋ ਜਲਦ ਹੀ ਅੱਗੇ ਪਿੱਛੇ ਰਿਲੀਜ਼ ਹੋਣ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਇਹ ਪਹਿਲੀ ਹੌਰਰ ਫਿਲਮ ਹੈ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅਜਿਹਾ ਕਿਰਦਾਰ ਅਤੇ ਫਿਲਮ ਪਹਿਲਾਂ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਹਮਣੇ ਆਉਣ ਵਾਲੀ ਫ਼ਾਰਮੂਲਾ ਹੌਰਰ ਫਿਲਮਾਂ ਤੋਂ ਬਿਲਕੁਲ ਅਲਹਦਾ ਅਤੇ ਮਿਆਰੀ ਸਿਨੇਮਾ ਮਾਪਦੰਢਾਂ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਭਾਵਨਾਤਮਕਤਾ ਅਤੇ ਪਿਆਰ, ਸਨੇਹ ਭਰੇ ਰੰਗ ਵੀ ਵੇਖਣ ਨੂੰ ਮਿਲਣਗੇ, ਜਿਸ ਦੀ ਕਿ ਕਮੀ ਅਕਸਰ ਅਜਿਹੀਆਂ ਫਿਲਮਾਂ ਵਿੱਚ ਰੜ੍ਹਕਦੀ ਰਹਿੰਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਫਿਲਮ ਦੀ ਨਿਰਦੇਸ਼ਨ ਅਤੇ ਨਿਰਮਾਣ ਟੀਮ ਹਾਲਾਂਕਿ ਪੰਜਾਬੀ ਸਿਨੇਮਾ ਖੇਤਰ ਲਈ ਨਵੀਂ ਹੈ, ਪਰ ਇਹ ਸਾਰੀਆਂ ਸ਼ਖਸੀਅਤਾਂ ਹਿੰਦੀ ਸਿਨੇਮਾ ਖੇਤਰ ਵਿੱਚ ਲੰਮੇਰ੍ਹਾ ਤਜ਼ਰਬਾ ਅਤੇ ਹੁਨਰਮੰਦੀ ਰੱਖਦੀਆਂ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਇਸ ਫਿਲਮ ਨੂੰ ਬੇਹਤਰੀਨ ਮੁਹਾਂਦਰਾ ਦੇਣ ਲਈ ਤਰੱਦਦ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.