ETV Bharat / entertainment

Raj Ranjodh: ਪੰਜਾਬੀ ਸੰਗੀਤ ਜਗਤ ਵਿਚ ਮਾਣਮੱਤਾ ਨਾਂਅ ਬਣ ਕੇ ਉਭਰਿਆ ਇਹ ਗਾਇਕ, ‘ਕਲੈਸ਼’ ਅਤੇ 'ਪੀੜ’ ਨਾਲ ਮਿਲੀ ਹੈ ਪ੍ਰਸਿੱਧੀ

author img

By

Published : Jul 10, 2023, 2:43 PM IST

ਗਾਇਕ-ਅਦਾਕਾਰ ਰਾਜ ਰਣਜੋਧ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸੰਗੀਤ ਜਗਤ ਦੀ ਝੋਲੀ ਨਵੇਂ ਗੀਤ ਪਾਉਣ ਜਾ ਰਹੇ ਹਨ, ਇਹ ਗੀਤ ਜਲਦ ਹੀ ਯੂਟਿਊਬ ਚੈਨਲ ਉਤੇ ਰਿਲੀਜ਼ ਕੀਤੇ ਜਾਣਗੇ।

Raj Ranjodh
Raj Ranjodh

ਚੰਡੀਗੜ੍ਹ: 'ਮੈਂ ਕੁੱਝੇ ਵਿੱਚ ਆਊਂਗਾ ਸਵਾਹ ਬਣਕੇ’ ਗੀਤ ਨਾਲ ਪੰਜਾਬੀ ਸੰਗੀਤ ਜਗਤ ਵਿਚ ਮਾਣਮੱਤਾ ਨਾਂਅ ਬਣ ਕੇ ਉਭਰਿਆ ਨੌਜਵਾਨ ਗੀਤਕਾਰ, ਗਾਇਕ ਰਾਜ ਰਣਜੋਧ ਅੱਜਕੱਲ ਆਪਣੇ ਹਾਲੀਆਂ ਲਿਖੇ ਅਤੇ ਜਾਰੀ ਹੋ ਚੁੱਕੇ ਗੀਤ 'ਕਲੈਸ਼' ਅਤੇ 'ਪੀੜ' ਲੋਕਪ੍ਰਿਯਤਾਂ ਦੇ ਨਵੇਂ ਆਯਾਮ ਸਿਰਜਨ ਵਿਚ ਸਫ਼ਲ ਰਿਹਾ ਹੈ, ਜਿਸ ਨੂੰ ਸਟਾਰ ਗਾਇਕ ਦਿਲਜੀਤ ਦੁਸਾਂਝ ਵੱਲੋਂ ਆਵਾਜ਼ਾਂ ਦਿੱਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਇਸੇ ਹੋਣਹਾਰ ਗੀਤਕਾਰ ਦੀ ਕਲਮ ਵਿੱਚੋਂ ਪੈਦਾ ਹੋਏ ਅਤੇ ਹਾਲੀਆ ਸਮੇਂ ਰਿਲੀਜ਼ ਹੋਏ ਗੀਤ 'ਆਹ ਕੀ ਹੋਇਆ' ਫਿਲਮ 'ਲਾਈਏ ਜੇ ਯਾਰੀਆਂ’ ਅਤੇ ਫਿਲਮ 'ਛੜਾ’ ਵਿਚਲੇ ਗੀਤ 'ਟੌਮੀ’ ਨੂੰ ਕਾਫ਼ੀ ਮਕਬੂਲੀਅਤ ਮਿਲੀ ਹੈ। ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਵਿੱਚ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਜਨਮੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਹਨ ਰਾਜ ਰਣਜੋਧ, ਜਿੰਨ੍ਹਾਂ ਦਾ ਅਸਲ ਨਾਮ ਰਣਜੋਧ ਸਿੰਘ ਚੀਮਾ ਹੈ।

ਉਨ੍ਹਾਂ ਦੇ ਜੀਵਨ ਸਫ਼ਰ ਅਨੁਸਾਰ ਰਾਜ ਰਣਜੋਧ ਦਾ ਬਚਪਨ ਉਸਦੇ ਨਾਨਕੇ ਪਿੰਡ ਝੋਕ ਟਹਿਲ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚ ਬੀਤਿਆ, ਜਿੱਥੋਂ ਅਗਲੇ ਜਵਾਨੀ ਪੜ੍ਹਾਅ ਅਧੀਨ ਉਹ ਕੈਨੇਡਾ ਆਪਣੀ ਭੈਣ ਕੋਲ ਜਾ ਵਸੇ ਅਤੇ ਇੱਥੇ ਰਹਿੰਦਿਆਂ ਹੀ ਉਨ੍ਹਾਂ ਆਪਣੇ ਗੀਤਕਾਰੀ ਅਤੇ ਗਾਇਕੀ ਸੁਪਨਿਆਂ ਨੂੰ ਅੰਜਾਮ ਦੇਣ ਲਈ ਲੰਮੀ ਅਤੇ ਉੱਚੀ ਪਰਵਾਜ਼ ਭਰੀ, ਜਿੰਨ੍ਹਾਂ ਦੀ ਆਪਣੇ ਸ਼ੌਂਕ ਪ੍ਰਤੀ ਜਨੂੰਨੀਅਤ ਅਤੇ ਮਿਹਨਤ ਨੇ ਆਖ਼ਿਰ ਉਨ੍ਹਾਂ ਨੂੰ ਮੌਜੂਦਾ ਸਫ਼ਲ ਮੁਕਾਮ ਤੱਕ ਪਹੁੰਚਾ ਹੀ ਦਿੱਤਾ।

ਸਾਲ 2005 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ 'ਵਿਰਸੇ ਦੇ ਵਾਰਿਸ਼’ 'ਸਾਰੇਗਾਮਾ' ਵੱਲੋਂ ਰਿਲੀਜ਼ ਕੀਤੀ ਗਈ, ਉਪਰੰਤ ਦੋ ਹੋਰ ਕੈਸਟਿਸ “‘ਹਿਟਲਰ’” ਅਤੇ ’ਲੰਡਨ’ ਨੇ ਉਨ੍ਹਾਂ ਨੂੰ ਇਸ ਖੇਤਰ ਵਿਚ ਸ਼ੁਰੂਆਤੀ ਸਥਾਪਤੀ ਦੇਣ ਦਾ ਅਹਿਮ ਮੁੱਢ ਬੰਨਿਆਂ।

ਪੰਜਾਬੀ ਫਿਲਮ “ਪੰਜਾਬ 1984” ਵਿੱਚ ਲਿਖੇ ਗੀਤ ‘ਸਵਾਹ ਬਣਕੇ' ਨੇ ਇਸ ਸੰਗੀਤਕ ਖੇਤਰ ਹੀਰੇ ਰਾਜ ਨੂੰ ਰਾਤੋ-ਰਾਤ ਇੱਕ ਚੰਗੇ ਗੀਤਕਾਰ ਦੇ ਰੂਪ ਵਿੱਚ ਮਸ਼ਹੂਰੀ ਦੇਣ ਵਿਚ ਵੀ ਮੋਹਰੀ ਯੋਗਦਾਨ ਪਾਇਆ, ਜਿਸ ਦੇ ਚਲਦਿਆਂ ਹੀ ਉਨ੍ਹਾਂ ਨੂੰ ਉਸ ਸਾਲ ਦੇ ਸਭ ਤੋਂ ਵਧੀਆ ਗੀਤਕਾਰ ਵਜੋਂ ਪੀ ਟੀ ਸੀ ਫਿਲਮ ਐਵਾਰਡ ਨਾਲ ਸਨਮਾਨਿਆ ਗਿਆ।

ਉਨ੍ਹਾਂ ਦੀਆਂ ਕੈਸੇਟਸ ਤੋਂ ਬਾਅਦ ਸਿੰਗਲ ਟਰੈਕ ਵੀ ਕਾਫੀ ਮਕਬੂਲ ਹੋਏ ਹਨ, ਜਿੰਨ੍ਹਾਂ ਵਿੱਚ “ਜ਼ਿੰਦਗੀ 'ਚ ਆਜਾ”, “ਸੁਣ ਵੇ ਪੂਰਣਾ”, 'ਫਿਰਦੌਸੀਆ, “ਆਈ ਵਾਨਾ ਪਾਰਟੀ”, ਗੇੜੀਆਂ’, 'ਜੱਟ ਰਾਖੀ’, 'ਤਖਤ ਹਜ਼ਾਰਾ’, ‘ਲੀਕਾਂ’, ‘ਚਿੱਟਾ ਲਹੂ’, ‘ਮੁਟਿਆਰ’, 'ਬਿਰਹਾ ਤੂੰ ਸੁਲਤਾਨ’ ਆਦਿ ਵੀ ਸੰਗੀਤ ਪ੍ਰੇਮੀਆਂ ਵੱਲੋਂ ਸਲਾਹੇ ਗਏ ਹਨ।

ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਅਤੇ ਗੀਤਕਾਰੀ ਦੀਆਂ ਧੁੰਮਾਂ ਪਾ ਰਹੇ ਇਸ ਹੋਣਹਾਰ ਗਾਇਕ-ਗੀਤਕਾਰ ਗੀਤਾਂ ਨੂੰ ਮਕਬੂਲੀਅਤ ਅਤੇ ਵਿਸ਼ਾਲ ਅਧਾਰ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪੰਜਾਬੀ ਦੇ ਨਾਲ ਨਾਲ ਕਈ ਹਿੰਦੀ ਗੀਤਾਂ, ਜਿੰਨ੍ਹਾਂ ਵਿਚ “‘ਕਿਸ ਕਿਸ ਕੋ ਪਿਆਰ ਕਰੂੰ’ ਅਤੇ ‘ਚੱਲ ਉੱਠ ਬੰਦਿਆ’ ਆਦਿ ਫਿਲਮਾਂ ਦੇ ਗੀਤਾਂ ਤੋਂ ਇਲਾਵਾ 'ਦੋ ਲਫਜ਼ੋਂ ਕੀ ਕਹਾਣੀ’ ਨੇ ਬਾਲੀਵੁੱਡ ਸੰਗੀਤ ਗਲਿਆਰਿਆਂ ਵਿਚ ਉਸ ਨੂੰ ਕਾਫ਼ੀ ਮਾਣ, ਸਤਿਕਾਰ ਦਿਵਾਇਆ ਹੈ।

ਸਦਾ ਬਹਾਰ ਲੇਖਣੀ ਦੇ ਰੰਗ ਬਿਖੇਰ ਰਹੇ ਰਾਜ ਦੇ ਗੀਤਾਂ ਨੂੰ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ, ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਕੌਰ ਬੀ, ਰਣਜੀਤ ਬਾਵਾ, ਹਿੰਮਤ ਸੰਧੂ, ਪਰਮੀਸ਼ ਵਰਮਾ, ਤਨਿਸ਼ਕ ਕੌਰ ਅਤੇ ਕਈ ਹੋਰ ਉੱਚਕੋਟੀ ਗਾਇਕ ਵੀ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ।

ਆਉਣ ਵਾਲੇ ਦਿਨ੍ਹੀਂ ਰਿਲੀਜ਼ ਹੋਣ ਜਾ ਰਹੇ ਹਨ, ਜਿੰਨ੍ਹਾਂ ਵਿੱਚ ਰਾਜ ਰਣਜੋਧ ਵੱਲੋਂ ਲਿਖੇ ਅਤੇ ਗਾਏ ਗੀਤ ‘ਨੋ ਰੂਮ’, ‘ਮੁੰਡਾ ਲੁਧਿਆਣੇ ਤੋਂ’, 'ਬਾਰੀ ਬਰਸੀ’, 'ਟਰਾਲੀਆਂ ‘ਚ ਪੂਲ’ ਤੋਂ ਇਲਾਵਾ “ਪੈਂਟ ਹਾਊਸ” ਅਤੇ “ਪੂਜਾ” ਜਲਦੀ ਹੀ 'ਕਰੇਜ਼ੀ ਪ੍ਰੋਡਕਸ਼ਨ' ਦੇ ਯੂ ਟਿਊਬ ਚੈਨਲ ਹੇਠ ਰਿਲੀਜ਼ ਹੋਣਗੇ।

ਅੱਜ ਦੇ ਸਮੇਂ ਦੇ ਗੀਤਾਂ ਦੇ ਨਾਲ ਨਾਲ ਰਾਜ ਆਪਣੇ ਰੋਮਾਂਟਿਕ ਅਤੇ ਸ਼ਾਇਰਾਨਾ ਗੀਤ ਵੀ ਇਸੇ ਚੈਨਲ ਹੇਠ ਰਿਲੀਜ਼ ਕਰੇਗਾ। ਇੰਨਾਂ ਤੋਂ ਇਲਾਵਾ ਕਪਿਲ ਸ਼ਰਮਾ, ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ, ਕੌਰ ਬੀ, ਸੁਨੰਦਾ ਸ਼ਰਮਾ, ਹਰੀਸ਼ ਵਰਮਾ ਵੱਲੋਂ ਗਾਏ ਹੋਰ ਵੀ ਕਈ ਗੀਤ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਨੂਠੇ ਸੰਗੀਤਕ ਰੰਗ ਵਿਖਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.