ETV Bharat / entertainment

Ambra De Taare: ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’, 8 ਜੂਨ ਆਵੇਗਾ ਟ੍ਰੇਲਰ

author img

By

Published : Jun 7, 2023, 11:04 AM IST

Ambra De Taare: ਮਿਨਾਰ ਮਲਹੋਤਰਾ ਅਤੇ ਅਮਨ ਮਹਿਮੀ ਜਲਦ ਹੀ ਇੱਕਠੇ ਫਿਲਮ ਲੈ ਕੇ ਆ ਰਹੇ ਹਨ, ਫਿਲਮ ਦਾ ਟ੍ਰੇਲਰ 8 ਜੂਨ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ।

Ambra De Taare
Ambra De Taare

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਅਦਾਕਾਰ ਕੁਝ ਅਲੱਗ ਕਰਨ ਲਈ ਯਤਨਸ਼ੀਲ ਮਿਨਾਰ ਮਲਹੋਤਰਾ ਦੀ ਨਵੀਂ ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’ ਦੀ ਰਿਲੀਜ਼ ਮਿਤੀ ਦਾ ਇਸ ਦੇ ਨਿਰਮਾਣ ਹਾਊਸ ਵੱਲੋਂ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਟ੍ਰੇਲਰ 8 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ਪੰਜਾਬੀ ਸਿਨੇਮਾ ਲਈ ਬਤੌਰ ਐਸੋਸੀਏਟ ਕਈ ਵੱਡੀਆਂ ਫਿਲਮਾਂ ਕਰ ਚੁੱਕੇ ਅਤੇ ਅਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਕਈ ਸਫ਼ਲ ਲਘੂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੌਜਵਾਨ ਫਿਲਮਕਾਰ ਅਮਨ ਮਹਿਮੀ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਸਿਲਵਰ ਸਕਰੀਨ 'ਤੇ ਨਿਰਦੇਸ਼ਕ ਵਜੋਂ ਆਪਣੀ ਪਲੇਠੀ ਪਾਰੀ ਸ਼ੁਰੂ ਕਰਨਗੇ।

ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’
ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’

‘ਆਹੋ ਇੰਟਰਟੇਨਮੈਂਟ’ ਅਤੇ ‘ਮੋਰਾਇਆ ਫ਼ਿਲਮਜ਼ ਇੰਟਰਟੇਨਮੈਂਟ’ ਦੇ ਬੈਨਰ ਅਧੀਨ ਬਣੀ ਇਸ ਫਿਲਮ ਵਿਚ ਮਿਨਾਰ ਮਲਹੋਤਰਾ ਅਤੇ ਨੀਲ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਬੂਟਾ ਬਰਾੜ, ਅੰਮ੍ਰਿਤਪਾਲ ਸਿੰਘ, ਧਿਆਨ ਅਬੀਰੂ, ਜਗਦੀਸ਼ ਤੂਫ਼ਾਨ, ਮਲਕੀਤ ਔਲਖ, ਦਵਿੰਦਰ ਸਿੰਘ, ਅੰਜ਼ੂ ਨਾਗਪਾਲ, ਗੁਰਮਨ ਕੌਰ, ਪ੍ਰਭ ਕੌਰ, ਸੈਮੀ ਦਿਓਲ ਵੀ ਇਸ ਫਿਲਮ ਵਿਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।

ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’ ਦੀ ਸ਼ੂਟਿੰਗ ਦੌਰਾਨ
ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’ ਦੀ ਸ਼ੂਟਿੰਗ ਦੌਰਾਨ

ਉਕਤ ਫਿਲਮ ਦਾ ਕਹਾਣੀ ਲੇਖਨ ਮਿਨਾਰ ਮਲਹੋਤਰਾ ਅਤੇ ਅਮਨ ਮਹਿਮੀ ਦੁਆਰਾ ਕੀਤਾ ਗਿਆ ਹੈ, ਜਦਕਿ ਸੰਗੀਤ ਡਾ. ਸ੍ਰੀ ਦਾ ਹੈ ਅਤੇ ਗੀਤਕਾਰ ਸੰਦੀਪ ਸਰਾਂ ਅਤੇ ਓਸ਼ੈਨ ਹਨ। ਪਰਿਵਾਰਿਕ ਡਰਾਮਾ ਅਤੇ ਪ੍ਰੇਮ ਕਹਾਣੀ ਅਧਾਰਿਤ ਇਸ ਫਿਲਮ ਦੇ ਕਾਸਟਿਊਮ ਡਿਜਾਈਨਗਰ ਚਾਂਦ ਕੈਥ, ਲਾਈਨ ਨਿਰਮਾਤਾ ਪ੍ਰੇਮ ਯੋਗੇਸ਼, ਸੰਦੀਪ ਸਰਾਂ, ਨੂਰਦੀਪ ਸਿੰਘ, ਕੈਮਰਾਮੈਨ ਅਤੇ ਐਡੀਟਰ ਅਮਨ ਮਹਿਮੀ ਹਨ ਅਤੇ ਬੈਕਗਰਾਊਂਡ ਮਿਊਜ਼ਿਕ ਅਮਰੂਤ ਨੇ ਤਿਆਰ ਕੀਤਾ ਹੈ।

ਪੰਜਾਬ ਦੇ ਮਾਲਵਾ ਖੇਤਰ, ਜਲੰਧਰ ਅਤੇ ਕੈਨੇਡਾ ਵਿਖੇ ਫ਼ਿਲਮਾਈ ਗਈ ਇਸ ਫਿਲਮ ਨਾਲ ਅਮਨ ਮਹਿਮੀ ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਨਿਰਦੇਸ਼ਨ ਸ਼ਾਨਦਾਰ ਆਗਮਨ ਕਰਨ ਜਾ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਉਨਾਂ ਦੇ ਹਰ ਪ੍ਰੋਜੈਕਟ ਦੀ ਤਰ੍ਹਾਂ ਇਹ ਫਿਲਮ ਵੀ ਪੰਜਾਬ ਅਤੇ ਪੰਜਾਬੀਅਤ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਨਜ਼ਰ ਆਵੇਗੀ।

ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’ ਦੀ ਸ਼ੂਟਿੰਗ ਦੌਰਾਨ
ਪੰਜਾਬੀ ਫਿਲਮ ‘ਅੰਬਰਾਂ ਦੇ ਤਾਰੇ’ ਦੀ ਸ਼ੂਟਿੰਗ ਦੌਰਾਨ

ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਨਿਰਦੇਸ਼ਨ ਕਰੀਅਰ ਦੌਰਾਨ ਉਨ੍ਹਾਂ ਹਮੇਸ਼ਾ ਮਿਆਰੀ ਅਤੇ ਅਸਲ ਜੜ੍ਹਾਂ ਨਾਲ ਜੁੜੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੰਨ੍ਹਾਂ ਦੁਆਰਾ ਟੁੱਟ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦੇਣਾ ਅਤੇ ਆਪਣੇ ਪੁਰਾਤਨ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਉਨਾਂ ਦੀ ਆਪਣੀ ਮਿੱਟੀ ਨਾਲ ਵਰੋਸਾਏ ਸਰਮਾਏ ਨਾਲ ਜੋੜਨਾ ਵੀ ਮੁੱਖ ਰਿਹਾ ਹੈ।

ਜੇਕਰ ਇਸ ਫਿਲਮ ਦੇ ਹੋਣਹਾਰ ਨਿਰਦੇਸ਼ਕ ਅਮਨ ਮਹਿਮੀ ਦੀਆਂ ਹਾਲੀਆ ਨਿਰਦੇਸ਼ਿਤ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ‘ਤੁੰਗਲ’, ‘ਨਾਮੀ’, ‘ਸ੍ਰੀਮਤੀ ਜੀ’, ‘ਮੁੱਛ’, ‘ਪੁੱਠੇ ਪੰਗੇ’, ‘ਰਾਜੀਬੰਦਾ’ ਆਦਿ ਜਿਹੀਆਂ ਅਰਥ-ਭਰਪੂਰ ਲਘੂ ਫਿਲਮਾਂ ਸ਼ਾਮਿਲ ਰਹੀਆਂ ਹਨ, ਜੋ ਫਿਲਮ ਫੈਸਟੀਵਲ ਵਿਚ ਵੀ ਪ੍ਰਸ਼ੰਸਾ ਅਤੇ ਪੁਰਸਕਾਰ ਦੀਆਂ ਹੱਕਦਾਰ ਬਣ ਚੁੱਕੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.