ETV Bharat / entertainment

ਪੰਜਾਬੀ ਸਿਨੇਮਾ ’ਚ ਇਕ ਹੋਰ ਸ਼ਾਨਦਾਰ ਪਾਰੀ ਖੇਡਣ ਵੱਲ ਵਧੇ ਪਰਮਵੀਰ ਸਿੰਘ, ਰਿਲੀਜ਼ ਹੋਣ ਵਾਲੀਆਂ ਕਈ ਬਹੁ-ਚਰਚਿਤ ਫਿਲਮਾਂ ਵਿਚ ਆਉਣਗੇ ਨਜ਼ਰ

author img

By

Published : Jul 15, 2023, 12:42 PM IST

ਪੰਜਾਬੀ ਸਿਨੇਮਾ ਦੇ ਮੰਝੇ ਹੋਏ ਅਦਾਕਾਰ ਪਰਮਵੀਰ ਸਿੰਘ ਆਪਣੀਆਂ ਨਵੀਆਂ ਪੰਜਾਬੀ ਫਿਲਮਾਂ ਨਾਲ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਆਓ ਇਥੇ ਅਦਾਕਾਰ ਦੇ ਕਰੀਅਰ ਦੇ ਕੁੱਝ ਹੋਰ ਪੱਖਾਂ ਬਾਰੇ ਚਾਨਣਾ ਪਾਈਏ...।

Paramveer Singh
Paramveer Singh

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ’ਚ ਬਤੌਰ ਹੀਰੋ ਲੰਮੀ ਅਤੇ ਸ਼ਾਨਦਾਰ ਪਾਰੀ ਖੇਡ ਚੁੱਕਿਆ ਲੰਮਾ-ਸਲੰਮਾ ਅਤੇ ਡੈਸ਼ਿੰਗ ਅਦਾਕਾਰ ਪਰਮਵੀਰ ਸਿੰਘ ਇੰਨ੍ਹੀਂ ਦਿਨ੍ਹੀਂ ਇਕ ਵਾਰ ਨਵੇਂ ਸਿਨੇਮਾ ਆਯਾਮ ਸਿਰਜਨ ਵੱਲ ਵੱਧ ਰਿਹਾ ਹੈ, ਜੋ ਆਉਣ ਵਾਲੀਆਂ ਕਈ ਵੱਡੀਆਂ ਫਿਲਮਾਂ ਵਿਚ ਪ੍ਰਭਾਵੀ ਕਿਰਦਾਰਾਂ ਵਿਚ ਨਜ਼ਰ ਅਉਣਗੇ।

ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਨਾਲ ਸੰਬੰਧਤ ਅਤੇ ਪੰਜਾਬੀ ਸੰਗੀਤ ਖੇਤਰ ਵਿਚ ਸੁਨਿਹਰਾ ਅਧਿਆਏ ਹੰਢਾ ਚੁੱਕੀ ਮਸ਼ਹੂਰ ਲੋਕ-ਗਾਇਕਾ ਬੀਬਾ ਰਣਜੀਤ ਕੌਰ ਦੇ ਇਸ ਹੋਣਹਾਰ ਛੋਟੇ ਭਰਾ ਦੀਆਂ ਹਾਲੀਆਂ ਦਿਨ੍ਹੀਂ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਉਨ੍ਹਾਂ ਦੀ ਬਾਕਮਾਲ ਅਦਾਕਾਰੀ ਦਾ ਅਹਿਸਾਸ ਕਰਵਾਉਣ ਵਿਚ ਸਫ਼ਲ ਰਹੀਆਂ ਹਨ।

ਇੰਨ੍ਹਾਂ ਵਿਚ ਕਾਫ਼ੀ ਸਲਾਹੁਤਾ, ਸਫ਼ਲਤਾ ਹਾਸਿਲ ਕਰ ਚੁੱਕੀ ‘ਮੌੜ’, ‘ਮੁਲਾਕਾਤ’, ‘ਵਾਰਨਿੰਗ’, ‘ਜਿੰਦੇ ਮੇਰੀਏ’, ‘ਬੈਚ 2013’, ‘ਵਾਰਦਾਤ’, ‘ਦਿਨ ਦਿਹਾੜ੍ਹੇ’ ਆਦਿ ਸ਼ਾਮਿਲ ਰਹੀਆਂ ਹਨ। ਪੰਜਾਬੀ ਸਿਨੇਮਾ ਖੇਤਰ ਵਿਚ ਬਹੁਤ ਹੀ ਉਤਰਾਅ ਚੜ੍ਹਾਅ ਭਰੇ ਕਰੀਅਰ ਦੌਰਾਨ ਕਈ ਯਾਦਗਾਰੀ ਭੂਮਿਕਾਵਾਂ ਨਿਭਾ ਚੁੱਕਾ ਇਹ ਪ੍ਰਤਿਭਾਵਾਨ ਐਕਟਰ ਇੰਨ੍ਹੀਂ ਦਿਨ੍ਹੀਂ ਕਰੈਕਟਰ ਆਰਟਿਸਟ ਦੇ ਤੌਰ 'ਤੇ ਕਾਫ਼ੀ ਸਰਗਰਮ ਨਜ਼ਰ ਆ ਰਿਹਾ ਹੈ, ਜਿੰਨ੍ਹਾਂ ਦੇ ਫਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਪੜ੍ਹਾਅ ਦੌਰਾਨ ‘ਵਸੀਹਤ’, ‘ਦਿਲਦਾਰਾ’ ਆਦਿ ਫਿਲਮਾਂ ਤੋਂ ਕੀਤੀ।

  • " class="align-text-top noRightClick twitterSection" data="">

ਇਸ ਉਪਰੰਤ ਉਨਾਂ ਸੰਨੀ ਦਿਓਲ ਸਟਾਰਰ ਅਤੇ ਅਮਿਤੋਜ਼ ਮਾਨ ਨਿਰਦੇਸ਼ਿਤ ‘ਕਾਫ਼ਿਲਾ’, ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਹਾਸਿਲ ਕਰ ਚੁੱਕੀ ਪੰਜਾਬੀ ਫਿਲਮ ‘ਬਾਗੀ’, ਸਤੀਸ਼ ਭਾਖੜੀ ਦੀ ‘ਜਿਗਰਾ ਜੱਟ ਦਾ’ ਆਦਿ ਵਿਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ।

ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖਿੱਤੇ ਵਿਚ ਵੀ ਬਤੌਰ ਨਿਰਦੇਸ਼ਕ ਕਈ ਸਫ਼ਲ ਸੰਗੀਤਕ ਵੀਡੀਓਜ਼ ਸਾਹਮਣੇ ਲਿਆਉਣ ਦਾ ਮਾਣ ਹਾਸਿਲ ਕਰ ਚੁੱਕੇ ਪਰਮਵੀਰ ਵੱਲੋਂ ਪਿਛਲੇ ਦਿਨ੍ਹੀਂ ਪੀਟੀਸੀ ਚੈੱਨਲ ਲਈ ਕੀਤੀ ਗਈ ਵੈੱਬਸੀਰੀਜ਼ ‘ਚੌਸਰ ਦਾ ਪਾਵਰ ਗੇਮਜ਼’ ਵੀ ਇਕ ਹੋਰ ਨਵੇਂ ਟਰਨਿੰਗ ਪੁਆਇੰਟ ਵਾਂਗ ਰਹੀ ਹੈ, ਜਿਸ ਵਿਚ ਉਨਾਂ ਵੱਲੋਂ ਰਾਜਨੀਤਿਕ ਆਗੂ ਦੇ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਦੀ ਭਰਵੀਂ ਪ੍ਰਸੰਸ਼ਾ ਮਿਲੀ ਹੈ।

ਪੰਜਾਬੀ ਤੋਂ ਇਲਾਵਾ ਹਿੰਦੀ ਫਿਲਮ ਇੰਡਸਟਰੀ ਵਿਚ ਕਾਫ਼ੀ ਸਮਾਂ ਕਾਰਜਸੀਲ ਰਹੇ ਪਰਮਵੀਰ ਸਿੰਘ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ ਨਿਰਦੇਸ਼ਕ ਨਵਨੀਅਤ ਸਿੰਘ ਦੀ ਦੇਵ ਖਰੌੜ ਸਟਾਰਰ ਬਹੁ-ਚਰਚਿਤ ਫਿਲਮ ‘ਬਲੈਕੀਆਂ 2’, ‘ਵਾਰਨਿੰਗ’ ਫੇਮ ਨਾਮਵਰ ਨਿਰਦੇਸ਼ਕ ਅਮਰ ਹੁੰਦਲ ਦੀ ‘ਯੈਂਕੀ’, ਨਵ ਬਾਜਵਾ ਨਿਰਦੇਸ਼ਿਤ ‘ਰੇਡਿਓ ਰਿਟਰਨ’ ਸ਼ੁਮਾਰ ਹਨ, ਜਿਸ ਵਿਚ ਉਹ ਸਾਇੰਸਦਾਨ ਦਾ ਰੋਲ ਕਰਦੇ ਵਿਖਾਈ ਦੇਣਗੇ।

ਅਜ਼ੀਮ ਨਿਰਦੇੇਸ਼ਕ ਵਰਿੰਦਰ ਦੀ ‘ਲੰਬੜ੍ਹਦਾਰਨੀ’ ਤੋਂ ਇਲਾਵਾ ਆਪਣੇ ਸਮੇਂ ਦੀ ਸੁਪਰਹਿੱਟ ‘ਸੁੱਖੀ ਪਰਿਵਾਰ’ ਜਿਹੀ ਸੰਦੇਸ਼ਮਕ ਫਿਲਮ ਦਾ ਚਾਈਲਡ ਆਰਟਿਸਟ ਦੇ ਤੌਰ 'ਤੇ ਹਿੱਸਾ ਰਹੇ ਪਰਮਵੀਰ ਆਉਣ ਵਾਲੇ ਸਮੇਂ ਵਿਚ ਐਕਟਰ ਦੇ ਨਾਲ ਨਾਲ ਨਿਰਦੇਸ਼ਕ ਦੇ ਤੌਰ 'ਤੇ ਵੀ ਕੁਝ ਅਲਹਦਾ ਕਰਨਾ ਉਹਨਾਂ ਦੀ ਵਿਸ਼ੇਸ਼ ਪਹਿਲ-ਕਦਮੀਆਂ ਵਿਚ ਸ਼ਾਮਿਲ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.