ਇਸ ਗਾਣੇ ਲਈ ਮੁੜ ਇਕੱਠੇ ਹੋਏ ਸੰਗੀਤਕਾਰ ਸਚਿਨ-ਜਿਗਰ ਅਤੇ ਸ਼੍ਰੇਆ ਘੋਸ਼ਾਲ, ਅੱਜ ਹੋਵੇਗਾ ਰਿਲੀਜ਼

author img

By ETV Bharat Entertainment Desk

Published : Jan 19, 2024, 12:46 PM IST

Sachin-Jigar and Shreya Ghoshal

Sachin-Jigar And Shreya Ghoshal Upcoming Song: ਹਾਲ ਹੀ ਵਿੱਚ ਸੰਗੀਤਕਾਰ ਸਚਿਨ-ਜਿਗਰ ਅਤੇ ਸ਼੍ਰੇਆ ਘੋਸ਼ਾਲ ਨੇ ਆਪਣੇ ਨਵੇਂ ਗੀਤ 'ਤੂੰ ਮੇਰੀ ਹੈ' ਦਾ ਐਲਾਨ ਕੀਤਾ ਸੀ, ਇਹ ਗੀਤ ਅੱਜ ਰਿਲੀਜ਼ ਹੋ ਜਾਵੇਗਾ।

ਚੰਡੀਗੜ੍ਹ: ਬਾਲੀਵੁੱਡ ਸੰਗੀਤ ਜਗਤ 'ਚ ਸਫਲ ਅਤੇ ਪ੍ਰਤਿਭਾਸ਼ਾਲੀ ਸੰਗੀਤਕ ਜੋੜੀ ਵਜੋਂ ਮਸ਼ਹੂਰ, ਸਚਿਨ-ਜਿਗਰ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੇ ਸਦਾ ਬਹਾਰ ਸੰਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣਾ ਸਥਾਨ ਬਣਾਉਂਦੇ ਆ ਰਹੇ ਹਨ, ਜੋ ਹੁਣ ਮੁੜ ਸ਼੍ਰੇਆ ਘੋਸ਼ਾਲ ਨਾਲ ਪੁਰਾਣਾ ਜਾਦੂ ਦੁਹਰਾਉਣ ਜਾ ਰਹੇ ਹਨ, ਜਿੰਨਾਂ ਵੱਲੋਂ ਇਕੱਠਿਆਂ ਰਚਿਆ ਗਿਆ ਨਵਾਂ ਗਾਣਾ 'ਤੂੰ ਮੇਰੀ ਹੈ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

ਉਕਤ ਰੁਮਾਂਟਿਕ ਸਿੰਗਲ ਨਾਲ ਸੰਗੀਤਕ ਖੇਤਰ ਵਿੱਚ ਫਿਰ ਪ੍ਰਭਾਵੀ ਦਸਤਕ ਦੇਣ ਵਾਲੀਆਂ ਇਹ ਤਿੰਨੋਂ ਪ੍ਰਤਿਭਾਵਾਨ ਸੰਗੀਤਕ ਸ਼ਖਸ਼ੀਅਤਾਂ ਇਸ ਤੋਂ ਪਹਿਲਾਂ ਸਾਲ 2011 ਵਿੱਚ ਰਿਲੀਜ਼ ਹੋਈ ਫਿਲਮ 'ਸ਼ੋਰ ਇਨ ਦਿ ਸਿਟੀ' ਦੇ ਸੁਪਰਹਿੱਟ ਗਾਣੇ 'ਸਾਈਬੋ' ਲਈ ਵੀ ਸ਼ਾਨਦਾਰ ਕਲੋਬਰੇਸ਼ਨ ਕਰ ਚੁੱਕੀਆਂ ਹਨ। ਜਿੰਨਾਂ ਦਾ ਇਹ ਮਨ ਨੂੰ ਛੂਹ ਜਾਣ ਵਾਲਾ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਵਿੱਚ ਸਫ਼ਲ ਰਿਹਾ ਸੀ।

ਹਿੰਦੀ ਸਿਨੇਮਾ ਵਿੱਚ ਇੱਕ ਵਾਰ ਫਿਰ ਚਰਚਾ ਦਾ ਕੇਂਦਰਬਿੰਦੂ ਬਣੇ ਇਸ ਗਾਣੇ ਨੂੰ ਲੈ ਕੇ ਉਕਤ ਸੰਗੀਤਕਾਰ ਜੋੜੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨਾਂ ਆਉਣ ਵਾਲੇ ਗੀਤ ਅਤੇ ਸ਼੍ਰੇਆ ਘੋਸ਼ਾਲ ਨਾਲ ਮਿਲ ਕੇ ਕੰਮ ਕਰਨ ਬਾਰੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ 'ਤੂੰ ਮੇਰੀ ਹੈ' ਬਹੁਤ ਖੂਬਸੂਰਤ ਗੀਤ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਪੁਰਾਣੇ ਦੌਰ ਦੀ ਯਾਦ ਤਾਜ਼ਾ ਕਰਵਾਏਗਾ।

ਉਨਾਂ ਅੱਗੇ ਦੱਸਿਆ ਕਿ 13 ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ ਬਹੁਤ ਹੀ ਪ੍ਰਤਿਭਾਸ਼ਾਲੀ ਸ਼੍ਰੇਆ ਘੋਸ਼ਾਲ ਨਾਲ ਕੰਮ ਕਰਨਾ ਇਕ ਬਹੁਤ ਹੀ ਮਾਣ ਭਰੇ ਸੰਗੀਤਕ ਅਹਿਸਾਸ ਵਾਂਗ ਰਿਹਾ ਹੈ, ਜੋ ਨਿਵੇਕਲੀ ਤਰੋ-ਤਾਜ਼ਗੀ ਦਾ ਵੀ ਇਜ਼ਹਾਰ ਕਰਵਾਏਗਾ।

ਉਨਾਂ ਕਿਹਾ ਕਿ ਹਿੰਦੀ ਸਿਨੇਮਾ ਦੀ ਬਿਹਤਰੀਨ ਗਾਇਕਾ ਸ਼੍ਰੇਆ ਨਾਲ ਸੰਗੀਤਕ ਸੁਮੇਲ ਕਾਇਮ ਕਰਨਾ ਹਮੇਸ਼ਾ ਬਹੁਤ ਸਕਾਰਾਤਮਕ ਅਤੇ ਸ਼ਾਨਦਾਰ ਰਚਨਾਤਮਕ ਊਰਜਾ ਪ੍ਰਦਾਨ ਕਰਦਾ ਹੈ, ਉਨਾਂ ਅੱਗੇ ਕਿਹਾ ਕਿ ਸੋਨੀ ਮਿਊਜ਼ਿਕ ਦੇ ਸੰਗੀਤਕ ਲੇਬਲ ਦੇ ਅਧੀਨ ਜਾਰੀ ਕੀਤੇ ਜਾ ਰਹੇ ਉਕਤ ਗੀਤ ਦੇ ਬੋਲ ਪ੍ਰਿਆ ਸਰਾਇਆ ਦੁਆਰਾ ਲਿਖੇ ਗਏ ਹਨ ਜੋ ਇਸ ਤੋਂ ਪਹਿਲਾ ਵੀ ਕਈ ਉਮਦਾ ਫਿਲਮੀ ਅਤੇ ਗੈਰ ਫਿਲਮੀ ਗਾਣਿਆਂ ਦੀ ਰਚਨਾ ਕਰ ਚੁੱਕੀ ਹੈ।

ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਕਈ ਗਾਣਿਆਂ ਦੁਆਰਾ ਬਾਲੀਵੁੱਡ ਸੰਗੀਤ ਜਗਤ ਵਿੱਚ ਲਗਾਤਾਰ ਅਪਣੀ ਧਾਂਕ ਕਾਇਮ ਕਰਨ ਵਿਚ ਸਫ਼ਲ ਰਹੀ ਹੈ ਗਾਇਕਾ ਸ਼੍ਰੇਆ ਘੋਸ਼ਾਲ, ਜੋ ਦੇਸ਼ ਵਿਦੇਸ਼ ਵਿੱਚ ਅਪਣੇ ਲਾਈਵ ਕੰਨਸਰਟ ਵਿਚ ਵੀ ਬਰਾਬਰਤਾ ਨਾਲ ਅਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ, ਜਿੰਨਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਇੰਟਰਨੈਸ਼ਨਲ ਕੰਨਸਰਟ ਦਾ ਵੀ ਉਹ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਵਿੱਚ ਜੂਨ-ਜੁਲਾਈ ਦੇ ਮਹੀਨਿਆਂ ਵਿੱਚ ਯੂਐਸਏ ਆਯੋਜਿਤ ਹੋਣ ਜਾ ਰਹੇ ਉਨਾਂ ਦੇ ਗ੍ਰੈਂਡ ਸੋਅਜ਼ ਵੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.