ETV Bharat / entertainment

Punjabi Short Film Bhagaurha: ਰਿਲੀਜ਼ ਲਈ ਤਿਆਰੀ ਹੈ ਅਰਥ-ਭਰਪੂਰ ਪੰਜਾਬੀ ਲਘੂ ਫਿਲਮ ‘ਭਗੌੜਾ’, ਗੁਰਦੀਪ ਸਿੰਘ ਸੇਹਰਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ

author img

By ETV Bharat Punjabi Team

Published : Aug 31, 2023, 5:15 PM IST

Short Film Bhagaurha: ਗੁਰਦੀਪ ਸਿੰਘ ਸੇਹਰਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਲਘੂ ਫਿਲਮ ‘ਭਗੌੜਾ’ ਰਿਲੀਜ਼ ਲਈ ਤਿਆਰ ਹੈ, ਫਿਲਮ ਨੂੰ ਅਗਲੇ ਮਹੀਨੇ ਰਿਲੀਜ਼ ਕਰ ਦਿੱਤਾ ਜਾਵੇਗਾ।

Bhagaurha
Bhagaurha

ਚੰਡੀਗੜ੍ਹ: ਪੰਜਾਬ ਦੇ ਕਿਸਾਨੀ ਸੰਘਰਸ਼ ਦੌਰਾਨ ਪਰਿਵਾਰਾਂ ਅਤੇ ਜ਼ਮੀਨਾਂ ਦੀ ਜ਼ਰੂਰੀ ਸਾਂਭ-ਸੰਭਾਲ ਤੋਂ ਲਾਂਭੇ ਹੋਏ ਲੋਕਾਂ ਅਤੇ ਟੁੱਟੇ-ਤਿੜ੍ਹਕੇ ਆਪਸੀ ਰਿਸ਼ਤਿਆਂ ਦੀ ਭਾਵਪੂਰਨ ਤਰਜ਼ਮਾਨੀ ਕਰਦੀ ਪੰਜਾਬੀ ਲਘੂ ਫਿਲਮ 'ਭਗੌੜਾ' (Short Film Bhagaurha) ਰਿਲੀਜ਼ ਲਈ ਤਿਆਰ ਹੈ, ਜੋ 2 ਸਤੰਬਰ ਨੂੰ ਪੀ.ਟੀ.ਸੀ ਪੰਜਾਬੀ ਬਾਕਸ ਆਫ਼ਸ 'ਤੇ ਸਟਰੀਮ ਹੋਵੇਗੀ। ਦਿੱਲੀ ਰੰਗਮੰਚ ਦੀ ਦੁਨੀਆਂ ਦਾ ਮੰਨਿਆਂ-ਪ੍ਰਮੰਨਿਆਂ ਚਿਹਰਾ ਮੰਨੇ ਜਾਂਦੇ ਗੁਰਦੀਪ ਸਿੰਘ ਸੇਹਰਾ ਵੱਲੋਂ ਇਸ ਭਾਵਪੂਰਨ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜੋ ਅੱਜ ਹਿੰਦੀ ਸਿਨੇਮਾ ਅਤੇ ਛੋਟੇ ਪਰਦੇ 'ਤੇ ਬਤੌਰ ਐਕਟਰ ਵੱਧ ਚੜ੍ਹ ਕੇ ਆਪਣੀ ਸ਼ਾਨਦਾਰ ਅਭਿਨੈ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ।

ਪੀਟੀਸੀ ਪੰਜਾਬੀ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿਚ ਪੰਜਾਬੀ ਸਿਨੇਮਾ (Pollywood Latest News) ਨਾਲ ਜੁੜੇ ਕਈ ਨਵੇਂ ਅਤੇ ਮੰਝੇ ਹੋਏ ਕਲਾਕਾਰ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ। ਵਰਲਡ ਵਾਈਡ ਅਗਲੇ ਦਿਨ੍ਹੀਂ ਰਿਲੀਜ਼ ਹੋਣ ਜਾ ਰਹੀ ਇਕ ਮਲਟੀਸਟਾਰਰ ਅਤੇ ਬਿੱਗ ਸੈੱਟਅਪ ਹਿੰਦੀ ਫਿਲਮ ਵਿਚ ਕੰਗਨਾ ਰਣੌਤ ਅਤੇ ਹੋਰ ਕਈ ਨਾਮਵਰ ਬਾਲੀਵੁੱਡ ਸਿਤਾਰਿਆਂ ਨਾਲ ਪ੍ਰਭਾਵੀ ਭੂਮਿਕਾ ਨਿਭਾਉਣ ਦਾ ਸਿਹਰਾ ਹਾਸਿਲ ਕਰਨ ਵਾਲੇ ਐਕਟਰ-ਨਿਰਦੇਸ਼ਕ ਗੁਰਦੀਪ ਸੇਹਰਾ ਹਾਲ ਹੀ ਵਿਚ ਪੀਟੀਸੀ 'ਤੇ ਆਨ ਏਅਰ ਹੋਏ ਸੀਰੀਅਲ 'ਮਿਰਜ਼ਾ ਸਾਹਿਬਾ ਹੇਟ ਸਟੋਰੀ' ਵਿਚ ਵੀ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ।

ਪੰਜਾਬੀ ਲਘੂ ਫਿਲਮ ‘ਭਗੌੜਾ’ ਦਾ ਪੋਸਟਰ
ਪੰਜਾਬੀ ਲਘੂ ਫਿਲਮ ‘ਭਗੌੜਾ’ ਦਾ ਪੋਸਟਰ

ਬਤੌਰ ਪ੍ਰੋਗਰਾਮ ਹੈੱਡ ਰੀਜ਼ਨਲ ਫਿਲਮਜ਼ ਅਤੇ ਇੰਟਰਟੇਨਮੈਂਟ ਇੰਡਸਟਰੀ ਦੇ ਖੇਤਰ ਵਿਚ ਲੰਮਾਂ ਸਮਾਂ ਕਾਰਜਸ਼ੀਲ ਰਹੇ ਸੇਹਰਾ ਨੇ ਥੀਏਟਰ ਤੋਂ ਲੈ ਕੇ ਫਿਲਮਾਂ ਤੱਕ ਜੁੜਨ ਦੀ ਬਣੀ ਸਾਂਝ ਸੰਬੰਧੀ ਜ਼ਜ਼ਬਾਤ ਪ੍ਰਗਟ ਕਰਦਿਆਂ ਦੱਸਿਆ ਕਿ ਲਿਟਰੇਚਰ ਅਤੇ ਰੰਗਮੰਚ ਪ੍ਰਤੀ ਚੇਟਕ ਤਾਂ ਬਚਪਨ ਤੋਂ ਹੀ ਸੀ, ਪਰ ਇਸ ਨੂੰ ਪਰਪੱਕਤਾ ਕਾਲਜੀ ਪੜ੍ਹਾਈ ਦੌਰਾਨ ਉਸ ਸਮੇਂ ਮਿਲੀ, ਜਦ ਗਾਹੇ ਬਗਾਹੇ ਕੁਝ ਪ੍ਰੋਗਰਾਮਾਂ ਅਧੀਨ ਥੀਏਟਰ ਗਤੀਵਿਧੀਆਂ ਦਾ ਹਿੱਸਾ ਬਣਿਆ।

ਉਨ੍ਹਾਂ ਦੱਸਿਆ ਕਿ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਰੰਗਮੰਚ ਨਾਲ ਜੁੜਨ ਦੇ ਸਮੇਂ ਦੌਰਾਨ ਇਸ ਖਿੱਤੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਜਿੰਨ੍ਹਾਂ ਵਿਚ ਗੁਰਚਰਨ ਸਿੰਘ ਜਸੂਜਾ, ਡਾ ਚਰਨ ਦਾਸ ਸਿੱਧੂ, ਅਜੇ ਮਨਚੰਦਾ, ਜਤਿੰਦਰ ਫ਼ਲੌਰਾ ਆਦਿ ਦੀ ਸੰਗਤ ਅਤੇ ਸੋਹਬਤ ਮਾਨਣ ਦਾ ਅਵਸਰ ਮਿਲਿਆ, ਜਿੰਨ੍ਹਾਂ ਪਾਸੋਂ ਇਸ ਖਿੱਤੇ ਦੀਆਂ ਬਾਰੀਕੀਆਂ ਨੂੰ ਹੋਰ ਜਾਣਨ ਅਤੇ ਸਮਝਣ ਵਿਚ ਵੀ ਕਾਫ਼ੀ ਮਦਦ ਮਿਲੀ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਨਾਟਕਾਂ ਦਾ ਬਤੌਰ ਨਿਰਦੇਸ਼ਕ ਸਫ਼ਲਤਾਪੂਰਵਕ ਮੰਚਨ ਕਰਵਾਉਣਾ ਵੀ ਅਹਿਮ ਪ੍ਰਾਪਤੀਆਂ ਵਿਚ ਸ਼ਾਮਿਲ ਰਿਹਾ ਹੈ। ਇਸ ਤੋਂ ਇਲਾਵਾ ਐਕਟਰ ਦੇ ਤੌਰ 'ਤੇ ਵੀ ਪੜ੍ਹਾਅ ਦਰ ਪੜ੍ਹਾਅ ਮਿਲੀ ਸਲਾਹੁਤਾ ਨੇ ਇਸ ਖਿੱਤੇ ਵਿਚ ਹੋਰ ਚੰਗੇਰ੍ਹਾਂ ਕਰਨ ਲਈ ਉਤਸ਼ਾਹਿਤ ਕੀਤਾ ਹੈ, ਜਿਸ ਦੇ ਮੱਦੇਨਜ਼ਰ ਹੀ ਐਕਟਿੰਗ ਦੇ ਨਾਲ-ਨਾਲ ਨਿਰਦੇਸ਼ਕ ਵਜੋਂ ਵੀ ਕੁਝ ਵਿਲੱਖਣ ਕਰਨ ਦੀ ਖ਼ਵਾਹਿਸ਼ਾਂ ਨੂੰ ਲਗਾਤਾਰ ਅੰਜ਼ਾਮ ਦੇ ਰਿਹਾ ਹਾਂ।

ਉਕਤ ਫਿਲਮ ਨਾਲ ਸ਼ੁਰੂ ਹੋਣ ਜਾ ਰਹੀ ਆਪਣੀ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਸੰਬੰਧੀ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਜਿਸ ਨੂੰ ਨਿਰਦੇਸ਼ਿਤ ਕਰਨ ਦਾ ਅਨੁਭਵ ਵੀ ਬਹੁਤ ਹੀ ਯਾਦਗਾਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਆਰ ਤੋਂ ਲੈ ਕੇ ਨਫ਼ਰਤ ਭਰੇ ਪੜ੍ਹਾਵਾਂ ਦੀ ਤਰਜ਼ਮਾਨੀ ਕਰਦੀ ਇਹ ਦਿਲਚਸਪ ਅਤੇ ਡ੍ਰਾਮੈਟਿਕ ਫਿਲਮ ਹਰ ਵਰਗ ਨੂੰ ਪਸੰਦ ਆਵੇਗੀ, ਜਿਸ ਦਾ ਗੀਤ, ਸੰਗੀਤ ਅਤੇ ਸਿਨੇਮਾਟੋਗ੍ਰਾਫ਼ਰੀ ਪੱਖ ਵੀ ਬੜ੍ਹਾ ਉਮਦਾ ਰੱਖਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.