ETV Bharat / entertainment

'ਸਰਾਭਾ’ ਦੁਆਰਾ ਸ਼ਾਨਦਾਰ ਨਵੇਂ ਸਫ਼ਰ ਵੱਲ ਵਧੇਗਾ ਜਪਤੇਜ਼ ਸਿੰਘ,  ਕਈ ਹਿੰਦੀ-ਪੰਜਾਬੀ ਫਿਲਮਾਂ ’ਚ ਨਿਭਾ ਚੁੱਕਾ ਹੈ ਲੀਡ ਭੂਮਿਕਾ

author img

By

Published : Jul 24, 2023, 9:40 AM IST

ਪੰਜਾਬੀ ਸਿਨੇਮਾ ਦਾ ਹੋਣਹਾਰ ਅਦਾਕਾਰ ਜਪਤੇਜ਼ ਸਿੰਘ ਹੁਣ ਜਲਦ ਹੀ ਫਿਲਮ 'ਸਰਾਭਾ’ ਵਿੱਚ ਨਜ਼ਰ ਆਵੇਗਾ। ਅਦਾਕਾਰ ਇਸ ਤੋਂ ਪਹਿਲਾਂ ਕਈ ਪੰਜਾਬੀ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ।

Japtej Singh
Japtej Singh

ਚੰਡੀਗੜ੍ਹ: ਬਾਲੀਵੁੱਡ ਦੇ ਨਾਮਵਰ ਅਤੇ ਬੇਹਤਰੀਨ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਬਹੁ-ਚਰਚਿਤ ਅਤੇ ਕਾਮਯਾਬ ਫਿਲਮ ‘ਭਾਗ ਮਿਲਖ਼ਾ ਭਾਗ’ ਵਿਚ ਜੂਨੀਅਰ ਮਿਲਖ਼ਾ ਦੀ ਭੂਮਿਕਾ ਨਿਭਾ ਚੁੱਕਾ ਅਦਾਕਾਰ ਜਪਤੇਜ਼ ਸਿੰਘ ਰਿਲੀਜ਼ ਹੋਣ ਜਾ ਰਹੀ ਫਿਲਮ ‘ਸਰਾਭਾ’ ਨਾਲ ਇਕ ਹੋਰ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਿਹਾ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਕਵੀ ਰਾਜ ਵੱਲੋਂ ਕੀਤਾ ਗਿਆ ਹੈ।

ਦੇਸ਼ ਲਈ ਜਾਨ ਵਾਰ ਦੇਣ ਵਾਲੇ ਮਹਾਨ ਸੂਰਵੀਰ ਕਰਤਾਰ ਸਿੰਘ ਸਰਾਭਾ ਦੀ ਬਾਇਓਗ੍ਰਾਫ਼ੀ ਵਜੋਂ ਸਾਹਮਣੇ ਆ ਰਹੀ ਇਸ ਫਿਲਮ ਵਿਚ ਇਹ ਬਾਕਮਾਲ ਅਦਾਕਾਰ ਸਰਾਭਾ ਦੇ ਹੀ ਬਚਪਨ ਅਤੇ ਅੱਲੜ੍ਹ ਜੀਵਨ ਨੂੰ ਬਿਆਨ ਕਰਦਾ ਨਜ਼ਰੀ ਪਵੇਗਾ। ਨਿਰਮਾਤਾ ਅਰਵਿੰਦਰ ਸਿੰਗਲਾ, ਕੁਲਦੀਪ ਸ਼ਰਮਾ, ਵਿਪਾਸ਼ਾ ਕਸ਼ਯਪ, ਡਾ. ਸਰਬਜੀਤ ਹੁੰਦਲ, ਨੀਲ ਉਪਲ, ਅਨਿਲ ਯਾਦਵ, ਜਤਿੰਦਰ ਰਾਏ ਮਿਨਹਾਸ, ਕਵੀ ਰਾਜ ਦੁਆਰਾ ਨਿਰਮਿਤ ਕੀਤੀ ਗਈ ਇਸ ਪੀਰੀਅਡ ਫਿਲਮ ਦੀ ਸਟਾਰਕਾਸਟ ਵਿਚ ਮੁਕਲ ਦੇਵ, ਕਵੀ ਰਾਜ, ਜਸਬੀਰ ਜੱਸੀ, ਪੁਨੀਤ, ਜਸਪਿੰਦਰ ਚੀਮਾ, ਮਲਕੀਤ ਰੌਣੀ, ਮਹਾਵੀਰ ਭੁੱਲਰ, ਮਲਕੀਤ ਮੀਤ, ਜੋਬਨਜੀਤ ਸਿੰਘ, ਸੁਮਿੱਧ ਵਾਨਖੇੜੇ, ਗੁਰਪ੍ਰੀਤ ਰਟੌਲ, ਬਾਜ, ਅਮਰਿੰਦਰ ਢਿੱਲੋਂ, ਅਮਨ ਗਿੱਲ, ਅਮਨ ਰੰਧਾਵਾ ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।

ਜਪਤੇਜ਼ ਸਿੰਘ
ਜਪਤੇਜ਼ ਸਿੰਘ

ਪੰਜਾਬ ਅਤੇ ਕੈਨੇਡਾ ਵਿਖੇ ਫਿਲਮਾਈ ਗਈ ਇਸ ਫਿਲਮ ਸੰਬੰਧੀ ਪ੍ਰਤਿਭਾਸ਼ਾਲੀ ਅਦਾਕਾਰ ਜਪਤੇਜ਼ ਨੇ ਦੱਸਿਆ ਕਿ ਅਜ਼ਾਦੀ ਸੰਗਰਾਮ ਦੇ ਇਕ ਅਹਿਮ ਨਾਇਕ ਵਜੋਂ ਉਭਰੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਜੁੜੀ ਫਿਲਮ ਦਾ ਹਿੱਸਾ ਬਣਨਾ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਪੰਜਾਬ ਦੇ ਮੋਹਾਲੀ ਨਾਲ ਸੰਬੰਧਤ ਅਤੇ ਪੰਜਾਬੀ ਸਿਨੇਮਾ ਨਲ ਜੁੜੀ ਅਜ਼ੀਮ ਸ਼ਖ਼ਸ਼ੀਅਤ ਅਤੇ ਲਾਈਨ ਨਿਰਮਾਤਾ ਸਵਰਨ ਸਿੰਘ ਦੇ ਇਸ ਹੋਣਹਾਰ ਬੇਟੇ ਨੇ ਦੱਸਿਆ ਕਿ ਬਹੁਤ ਹੀ ਯਾਦਗਾਰੀ ਰਿਹਾ, ਇਸ ਫਿਲਮ ਨਾਲ ਜੁੜਨ ਅਤੇ ਸਿਨੇਮਾ ਦੇ ਬੇਹਤਰੀਨ ਨਿਰਦੇਸ਼ਕ ਕਵੀ ਰਾਜ ਦੀ ਨਿਰਦੇਸ਼ਨਾਂ ਹੇਠ ਅਦਾਕਾਰੀ ਕਰਨਾ।

ਅਦਾਕਾਰ ਜਪਤੇਜ਼ ਅਨੁਸਾਰ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫ਼ੀ ਰਿਸਰਚ ਅਤੇ ਮਿਹਨਤ ਉਸ ਵੱਲੋਂ ਕੀਤੀ ਗਈ ਹੈ ਤਾਂ ਕਿ ਰੋਲ ਕਿਸੇ ਵੀ ਪੱਖੋਂ ਝੂਠਾ ਨਾ ਲੱਗੇ।

ਫਿਲਮੀ ਸਫ਼ਰ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਮੋਹਰੀ ਰਹਿਣ ਵਾਲੇ ਇਸ ਉਮਦਾ ਅਦਾਕਾਰ ਨੇ ਦੱਸਿਆ ਕਿ ਉਸ ਦੀ ਖੁਸ਼ਕਿਸਮਤੀ ਹੈ ਕਿ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਭਰਪੂਰ ਸਮਰਥਨ ਉਸ ਨੂੰ ਲਗਾਤਾਰ ਮਿਲ ਰਿਹਾ ਹੈ, ਜਿਸ ਦੀ ਬਦੌਂਲਤ ਹੀ ਉਹ ਸਿਨੇਮਾ ਖੇਤਰ ਵਿਚ ਆਪਣੇ ਸੁਫ਼ਨਿਆਂ ਨੂੰ ਪਰਵਾਜ਼ ਦੇਣ ਵਿਚ ਸਫ਼ਲ ਹੋ ਪਾ ਰਿਹਾ ਹੈ।

ਪੰਜਾਬੀ ਸਿਨੇਮਾ ਲਈ ਬਣੀਆਂ 'ਮਿੱਟੀ ਨਾ ਫ਼ਰੋਲ ਜੋਗੀਆ' ਆਦਿ ਜਿਹੇ ਕਈ ਮਿਆਰੀ ਅਤੇ ਅਰਥਭਰਪੂਰ ਪ੍ਰੋਜੈਕਟਾਂ ਦਾ ਹਿੱਸਾ ਰਹੇ ਜਪਤੇਜ਼ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਜਿਆਦਾਤਰ ਫਿਲਮਾਂ ਪੀਰੀਅਡ ਵਿਸ਼ਿਆਂ ਆਧਾਰਿਤ ਹੀ ਰਹੀਆਂ ਹਨ, ਕੀ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨਾ ਉਸ ਦੀ ਵਿਸ਼ੇਸ਼ ਤਰਜ਼ੀਹਤ ਵਿਚ ਸ਼ਾਮਿਲ ਹੈ, ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜਪਤੇਜ਼ ਨੇ ਦੱਸਿਆ ਕਿ ਇਸ ਨੂੰ ਇਕ ਇਤਫ਼ਾਕ ਹੀ ਕਿਹਾ ਜਾਵੇਗਾ ਕਿ ਭਾਗ ਮਿਲਖ਼ਾ ਭਾਗ ਤੋਂ ਲੈ ਕੇ ਦੂਸਰੀਆਂ ਫਿਲਮਾਂ ਅਸਲ ਪੰਜਾਬ ਅਤੇ ਇਸ ਨਾਲ ਜੁੜੀਆਂ ਮਹਾਨ ਸ਼ਖਸ਼ੀਅਤਾਂ ਨਾਲ ਸੰਬੰਧਤ ਰਹੀਆਂ ਹਨ, ਪਰ ਆਉਣ ਵਾਲੇ ਦਿਨ੍ਹਾਂ ਵਿਚ ਕਈ ਹੋਰ ਵਿਸ਼ਿਆਂ ਦੀ ਤਰਜ਼ਮਾਨੀ ਕਰਦੀਆਂ ਫਿਲਮਾ ਦਾ ਵੀ ਉਹ ਪ੍ਰਭਾਵੀ ਹਿੱਸਾ ਬਣਿਆ ਨਜ਼ਰੀ ਆਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.