ਚੰਡੀਗੜ੍ਹ: ਨਿਰਦੇਸ਼ਕ ਦੇਵੀ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਨਵੀਂ ਪੰਜਾਬੀ ਫਿਲਮ ‘ਜੱਟੀ 15 ਮਰੁੱਬਿਆਂ ਵਾਲੀ’ ਦੁਆਰਾ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰਾ ਗੁਗਨੀ ਗਿੱਲ ਪਨੀਚ ਇਸ ਨਾਲ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਨਵੀਂ ਫਿਲਮ ਦੀ ਡਬਿੰਗ ਅਤੇ ਪੋਸਟ ਪ੍ਰੋਡੋਕਸ਼ਨ ਦੇ ਕਾਰਜ ਮੁਕੰਮਲ ਹੋ ਗਏ ਹਨ।
ਇਸ ਤੋਂ ਬਾਅਦ ਇਹ ਫਿਲਮ ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਪੰਜਾਬੀ ਸਿਨੇਮਾ ਦੇ ਕਈ ਨਾਮਵਰ ਕਲਾਕਾਰ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਪਾਲੀਵੁੱਡ ਨਿਰਮਾਤਾ ਗੁਰਦੀਪ ਪੁੰਜ ਵੱਲੋਂ ਨਿਰਮਿਤ ਕੀਤੀ ਗਈ ਅਤੇ ਖੁਸ਼ਬੂ ਸ਼ਰਮਾ ਦੁਆਰਾ ਲਿਖੀ ਇਸ ਫ਼ਿਲਮ ਵਿਚ ਗੁਗਨੀ ਗਿੱਲ ਪਨੀਚ ਲੀਡ ਕਿਰਦਾਰ ਪਲੇ ਕਰ ਰਹੀ ਹੈ।
ਇਸ ਫਿਲਮ ਦੇ ਨਿਰਦੇਸ਼ਕ ਦੇਵੀ ਸ਼ਰਮਾ ਦੇ ਹਾਲੀਆ ਫ਼ਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਯੋਗਰਾਜ ਸਿੰਘ-ਗੁੱਗੂ ਗਿੱਲ ਸਟਾਰਰ ਚਰਚਿਤ ਪੰਜਾਬੀ ਫ਼ਿਲਮ ‘ਦੁੱਲਾ ਵੈਲੀ’ ਤੋਂ ਇਲਾਵਾ ‘ਕੰਟਰੀ ਸਾਈਡ ਗੁੰਡੇ, ‘ਹਸਰਤ’, ‘ਵਿਆਹ ਕਰਾਂਦੇ ਰੱਬਾ’, ‘ਸਨਕੀ’, ‘ਹਵੇਲੀ’ ਆਦਿ ਦਾ ਵੀ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੀ ਉਕਤ ਨਵੀਂ ਫਿਲਮ ਵਿਚ ਲਖ਼ਵਿੰਦਰ ਲੱਖਾ, ਆਰੀਆ ਬੱਬਰ, ਹਰਜੀਤ ਵਾਲੀਆ, ਸੁਸ਼ਮਾ ਪ੍ਰਸ਼ਾਂਤ, ਗੁਰਪ੍ਰੀਤ ਕੌਰ ਭੰਗੂ ਅਤੇ ਮਲਕੀਤ ਰੌਣੀ, ਗੁਰਚੇਤ ਚਿੱਤਰਕਾਰ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ‘ਪਨੀਚ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣੀ ਉਕਤ ਫਿਲਮ ਦੀ ਸ਼ੂਟਿੰਗ ਬਠਿੰਡਾ, ਮਾਨਸਾ ਆਦਿ ਖੇਤਰਾਂ ਵਿਚ ਸੰਪੂਰਨ ਕੀਤੀ ਗਈ ਹੈ, ਜੋ ਇਕ ਐਕਸ਼ਨ ਪੈਕੇਡ ਅਤੇ ਪਰਿਵਾਰਿਕ ਡਰਾਮਾ ਆਧਾਰਿਤ ਕਹਾਣੀ ਹੈ।
ਫਿਲਮ ਵਿਚ ਲੀਡ ਭੂਮਿਕਾ ਅਦਾ ਕਰ ਰਹੀ ਗੁਗਨੀ ਗਿੱਲ ਪਨੀਚ ਅੱਜਕਲ੍ਹ ਕੈਨੇਡਾ ਦੇ ਕਲਾ ਗਲਿਆਰਿਆਂ ਵਿਚ ਵੀ ਨਾਮੀ ਹਸਤੀ ਵਜੋਂ ਮਾਣ ਹਾਸਿਲ ਕਰ ਚੁੱਕੀ ਹੈ, ਜਿੰਨ੍ਹਾਂ ਵੱਲੋਂ ਸੱਤ ਸੁਮੰਦਰ ਪਾਰ ਤੱਕ ਪੰਜਾਬੀਆਂ ਵੰਨਗੀਆਂ ਨੂੰ ਪ੍ਰਫੁਲੱਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਮਿਸ ਪੰਜਾਬਣ ਦਾ ਖ਼ਿਤਾਬ ਆਪਣੀ ਝੋਲੀ ਪਾ ਚੁੱਕੀ ਇਹ ਹੋਣਹਾਰ ਮੂਲ ਰੂਪ ਵਿਚ ਪੰਜਾਬ ਦੇ ਬੱਸੀ ਪਠਾਣਾ ਸ਼ਹਿਰ ਨਾਲ ਸਬੰਧਤ ਹੈ, ਜੋ ਇਕ ਸਿਆਸਤਦਾਨ, ਕਾਰੋਬਾਰੀ ਮਹਿਲਾ, ਸਮਾਜਸੇਵੀ ਵਜੋਂ ਕੈਨੇਡੀਅਨ ਖਿੱਤੇ ਵਿਚ ਜਾਣੀ ਜਾਂਦੀ ਹੈ।
ਉਨ੍ਹਾਂ ਪੰਜਾਬੀ ਫਿਲਮ ‘ਰੱਬ ਦੀਆਂ ਰੱਖਾ’ ਨਾਲ ਆਪਣੇ ਅਭਿਨੈ ਕਰੀਅਰ ਦਾ ਆਗਾਜ਼ ਕੀਤਾ ਅਤੇ ਇਸ ਉਪਰੰਤ ‘ਵਸੀਹਤ’, ‘ਜੰਗੀਰਾ‘, ‘ਬਾਬਲਾ’ ਆਦਿ ਜਿਹੀਆਂ ਫ਼ਿਲਮਾਂ ਵਿਚ ਵੀ ਉਨ੍ਹਾਂ ਲੀਡ ਭੂਮਿਕਾਵਾਂ ਨਿਭਾਈਆਂ ਹਨ।
ਉਨ੍ਹਾਂ ਦੇਵੀ ਸ਼ਰਮਾ ਦੀ ਹੀ ਹਾਲੀਆ ‘ਦੁੱਲਾ ਵੈਲੀ’ ਨਾਲ ਇਸ ਸਿਨੇਮਾ ਵਿਚ ਕਾਫ਼ੀ ਸਾਲਾਂ ਬਾਅਦ ਮੁੜ ਸ਼ਾਨਦਾਰ ਵਾਪਸੀ ਕੀਤੀ, ਜਿਸ ਤੋਂ ਬਾਅਦ ‘ਜੱਟੀ 15 ਮੁਰੱਬਿਆਂ ਵਾਲੀ’ ਨਾਲ ਉਹ ਪੰਜਾਬੀ ਸਿਨੇਮਾ ਵਿਚ ਹੋਰ ਮਜਬੂਤ ਪੈੜ੍ਹਾ ਸਥਾਪਿਤ ਕਰਨ ਲਈ ਯਤਨਸ਼ੀਲ ਹਨ।
ਫ਼ਿਲਮ ਵਿਚ ਨਿਭਾਏ ਜਾ ਰਹੇ ਕਿਰਦਾਰ ਸੰਬੰਧੀ ਗੁਗਨੀ ਗਿੱਲ ਦੱਸਦੇ ਹਨ ਕਿ ਫ਼ਿਲਮ ਵਿਚ ਉਨ੍ਹਾਂ ਦੀ ਭੂਮਿਕਾ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਮਹਿਲਾ ਤੋਂ ਸ਼ੁਰੂ ਹੋ ਕੇ ਹੱਕ ਅਤੇ ਸੱਚ ਲਈ ਲੜ੍ਹਨ ਤੱਕ ਦੇ ਕਈ ਪੜਾਅ ਵਿਚੋਂ ਗੁਜ਼ਰਨ ਦਾ ਸਫ਼ਰ ਤੈਅ ਕਰਦੀ ਹੈ, ਜੋ ਕਿ ਕਾਫ਼ੀ ਚੁਣੌਤੀ ਭਰੀ ਹੈ।