ETV Bharat / city

ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ 'ਚ ਘਪਲੇਬਾਜ਼ੀ ਦੇ ਦੋਸ਼ ਹੇਠ 2 ਸਰਪੰਚਾਂ ਤੇ 8 ਪੰਚਾਂ ਵਿਰੁੱਧ ਮੁਕੱਦਮਾ ਦਰਜ

author img

By

Published : May 27, 2022, 8:00 PM IST

ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ
ਪੰਚਾਇਤੀ ਜ਼ਮੀਨਾਂ ਦੇ ਮਿਲੇ ਮੁਆਵਜ਼ੇ

ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਪਿੰਡ ਆਕੜੀ ਅਤੇ ਪਿੰਡ ਸੇਹਰੀ ਦੇ ਸਰਪੰਚਾਂ ਅਤੇ 8 ਪੰਚਾਂ ਸਮੇਤ ਉਕਤ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਮ ਹੇਠ ਮਟੀਰੀਅਲ ਅਤੇ ਮਜ਼ਦੂਰ ਸਪਲਾਈ ਕਰਨ ਦੇ ਮਾਮਲੇ ਵਿਚ 10 ਫਰਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪਟਿਆਲਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ ਤੇ ਗ੍ਰਾਮ ਪੰਚਾਇਤ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾ ਅਤੇ ਪਿੰਡ ਪੱਬਰਾ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ 5 ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ,15 ਮਰਲੇ ਐਕਵਾਇਰ ਕਰਨ ਦੇ ਇਵਜ਼ ਵਿੱਚ ਪ੍ਰਾਪਤ ਮੁਆਵਜ਼ੇ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨ ਦੇ ਨਾਮ ਹੇਠਾਂ ਘਪਲੇਬਾਜ਼ੀਆਂ ਕਰਨ ਦੇ ਦੋਸ਼ਾਂ ਅਧੀਨ ਆਈਪੀਸੀ ਧਾਰਾ 406, 420, 409, 465, 467, 468, 471, 120ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਅਤੇ 13 (2) ਅਧੀਨ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਦਰਜ ਕਰਕੇ ਆਪਣੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਪਿੰਡ ਆਕੜੀ ਅਤੇ ਪਿੰਡ ਸੇਹਰੀ ਦੇ ਸਰਪੰਚਾਂ ਅਤੇ 8 ਪੰਚਾਂ ਸਮੇਤ ਉਕਤ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਮ ਹੇਠ ਮਟੀਰੀਅਲ ਅਤੇ ਮਜ਼ਦੂਰ ਸਪਲਾਈ ਕਰਨ ਦੇ ਮਾਮਲੇ ਵਿਚ 10 ਫਰਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਇਨ੍ਹਾਂ ਮੁਲਾਜ਼ਮਾਂ ਵਿੱਚ ਹਰਜੀਤ ਕੌਰ ਸਰਪੰਚ ਪਿੰਡ ਆਕੜੀ, ਚਰਨਜੀਤ ਕੌਰ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਜਸਵਿੰਦਰ ਸਿੰਘ ਪੰਚਾਇਤ ਸਕੱਤਰ ਦਫ਼ਤਰ ਬੀਡੀਪੀਓ ਸੰਭੂ, ਮਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ, ਪਿੰਡ ਸੇਹਰੀ, ਜਤਿੰਦਰ ਰਾਣੀ ਪੰਚ, ਲਖਵੀਰ ਸਿੰਘ ਪੰਚ, ਪਵਨਦੀਪ ਕੌਰ ਪੰਚ, ਲਖਮਿੰਦਰ ਸਿੰਘ ਪੰਚਾਇਤ ਸਕੱਤਰ ਅਤੇ ਧਰਮਿੰਦਰ ਕੁਮਾਰ ਸਹਾਇਕ ਇੰਜੀਨੀਅਰ ਪੰਚਾਇਤੀ ਰਾਜ ਦਫ਼ਤਰ ਬੀਡੀਪੀਓ ਸ਼ੰਭੂ ਦੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਫਰਮ ਦਿਨੇਸ਼ ਕੁਮਾਰ ਬਾਂਸਲ ਕੰਟਰੈਕਟਰ, ਬਸੀ ਪਠਾਣਾ, ਫਰਮ ਗਿੱਲ ਟਰੇਡਿੰਗ ਕੰਪਨੀ ਪਟਿਆਲਾ, ਫਰਮ ਫੈਲਕੋਨ ਇੰਟਰਪ੍ਰਾਈਜਿਜ ਮੋਹਾਲੀ, ਫਰਮ ਇਨੋਵੈਸ਼ਨ ਸਲਿਊਸ਼ਨ ਪਟਿਆਲਾ, ਫਰਮ ਭੋਲੇ ਨਾਥ ਬਿਲਡਿੰਗ ਪਿੰਡ ਉਪਲਹੇੜ੍ਹੀ, ਰਾਜਪੁਰਾ, ਫਰਮ ਵਰੁਨ ਸਿੰਗਲਾ ਕੰਟਰੈਕਟਰ ਅਤੇ ਸਪਲਾਇਰ, ਬਸੀ ਪਠਾਣਾ, ਫਰਮ ਆਰਬੀ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਐਸਐਸਡੀਐਨ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਬਿਮਲ ਕੰਸਟਰੱਕਸ਼ਨ, ਸਰਾਏ ਬੰਨਜਾਰਾ ਜ਼ਿਲ੍ਹਾ ਪਟਿਆਲਾ, ਫਰਮ ਚੋਪੜਾ ਪਬਲਿਕ ਹਾਊਸ ਦੇ ਮਾਲਕ ਸਮੇਤ ਚਾਰ ਪ੍ਰਾਈਵੇਟ ਵਿਅਕਤੀ ਕੁਲਦੀਪ ਸਿੰਘ ਵਾਸੀ ਰਾਜਪੁਰਾ, ਇੰਦਰਜੀਤ ਗਿਰ ਵਾਸੀ ਰਾਜਪੁਰਾ, ਜੁਗਨੂੰ ਕੁਮਾਰ ਵਾਸੀ ਰਾਜਪੁਰਾ ਅਤੇ ਸੁਖਵਿੰਦਰ ਗਿਰ ਵਾਸੀ ਰਾਜਪੁਰਾ, ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।

ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨਾਮ ਹੇਠ ਹੋਈ ਘਪਲੇਬਾਜ਼ੀ ਬਾਰੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਕੱਲਕਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ ਪੰਜ ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ, 15 ਮਰਲੇ ਐਕਵਾਇਰ ਕੀਤੀ ਗਈ ਸੀ, ਜਿਸ ਦੇ ਇਵਜ਼ ਵਿੱਚ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾਂ ਅਤੇ ਪਿੰਡ ਪੱਬਰਾ ਦੀਆਂ ਪੰਚਾਇਤਾਂ ਨੂੰ ਇਸ ਐਕਵਾਇਰ ਹੋਈ ਜਮੀਨ ਦਾ ਮੁਆਵਜਾ 285,15,84,554 ਰੁਪਏ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਸ ਜ਼ਮੀਨ ਦੇ ਕਾਸ਼ਤਕਾਰਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ ਓਜਾੜਾ ਭੱਤਾ 97,80,69,375 ਰੁਪਏ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਉਕਤ ਪੰਚਾਇਤਾਂ ਨੂੰ ਮਿਲੀ ਮੁਆਵਜਾ ਰਕਮ 285,15,84,554 ਰੁਪਏ ਅਤੇ ਸਾਲ 2019 ਤੋਂ ਸਾਲ 2022 ਵਿੱਚ ਪ੍ਰਾਪਤ ਹੋਈਆਂ ਗ੍ਰਾਂਟਾ ਨਾਲ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਉਕਤ ਪਿੰਡਾਂ ਵਿੱਚ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਪੰਚਇਤਾਂ ਵੱਲੋਂ ਮਿਲੀਭੁਗਤ ਕਰਕੇ ਵਿਕਾਸ ਦੇ ਕੰਮ ਠੀਕ ਢੰਗ ਨਾਲ ਨਹੀਂ ਕਰਵਾਏ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹਨਾਂ ਕੰਮਾਂ ਸਬੰਧੀ ਟੈਕਨੀਕਲ ਟੀਮ ਰਾਹੀ ਚੈਕਿੰਗ ਕਰਵਾਈ ਗਈ ਜਿਸ ਦੌਰਾਨ ਵੱਡੇ ਪੱਧਰ ਤੇ ਵਿਕਾਸ ਦੇ ਕੰਮਾਂ ਵਿੱਚ ਊਣਤਾਈਆਂ/ਕੰਮ ਨਹੀਂ ਹੋਣੇ ਪਾਏ ਗਏ। ਪਿੰਡ ਆਕੜੀ ਤੇ ਪਿੰਡ ਸੇਹਰੀ ਦੀ ਪੰਚਾਇਤ ਵੱਲੋਂ ਬਿਨ੍ਹਾਂ ਕੰਮ ਕਰਵਾਏ ਵੱਡੀਆਂ ਰਕਮਾਂ ਦੀਆਂ ਅਦਾਇਗੀਆਂ ਕਰਕੇ ਵਿਕਾਸ ਦੇ ਕੰਮਾਂ ਵਿੱਚ 6,66,47,036 ਰੁਪਏ ਦਾ ਗਬਨ/ਘਪਲਾ ਕੀਤਾ ਗਿਆ ਹੈ ਅਤੇ ਇਸੇ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਉਕਤ ਪਿੰਡਾਂ ਦੇ ਜ਼ਿੰਮੇਵਾਰ ਸਰਪੰਚਾਂ, ਪੰਚਾਂ ਤੇ ਹੋਰ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਬਾਕੀ ਪਿੰਡਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਜਾਂਚ ਅਧੀਨ ਚੱਲ ਰਹੀ ਹੈ।

ਇਹ ਵੀ ਪੜ੍ਹੋ: ਲੱਦਾਖ : ਜਵਾਨਾਂ ਨੂੰ ਲਿਜਾ ਰਿਹਾ ਵਾਹਨ ਸ਼ਿਓਕ ਨਦੀ 'ਤੇ ਡਿੱਗਿਆ, 7 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.