ETV Bharat / city

ਪੂਰੀ ਦੁਨੀਆ ਵਿਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਸਰਕਾਰਾਂ ’ਤੇ ਫੁੱਟਿਆ ਗੁੱਸਾ

author img

By

Published : Jul 19, 2022, 4:46 PM IST

ਪੰਜਾਬ ਦੀਆਂ ਸਰਕਾਰਾਂ ਤੋਂ ਨਿਰਾਸ਼ ਖਿਡਾਰੀ
ਪੰਜਾਬ ਦੀਆਂ ਸਰਕਾਰਾਂ ਤੋਂ ਨਿਰਾਸ਼ ਖਿਡਾਰੀ

ਪੂਰੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਖੇਡ ਟੂਰਨਾਮੈਂਟਾ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਸਾਰੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਫਿਰ ਚਾਹੇ ਉਹ ਹਾਕੀ , ਕ੍ਰਿਕਟ ,ਪਾਵਰ ਲਿਫਟਿੰਗ ,ਸ਼ਤਰੰਜ ,ਕੁਸ਼ਤੀ ਜਾਂ ਫੇਰ ਕਬੱਡੀ ਦੇ ਨਾਲ ਨਾਲ ਹੋਰ ਕਈ ਖੇਡਾਂ ਹੋਣ। ਪੂਰੀ ਦੁਨੀਆਂ ਵਿੱਚ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਇਹ ਖਿਡਾਰੀ ਅਤੇ ਇਨ੍ਹਾਂ ਦੇ ਪਰਿਵਾਰ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਤੋਂ ਨਿਰਾਸ਼ ਨਜ਼ਰ ਆਉਂਦੇ ਹਨ। ਪੇਸ਼ ਹੈ ਖਿਡਾਰੀਆਂ ਦੀ ਸਪੈਸ਼ਲ ਰਿਪੋਰਟ...

ਜਲੰਧਰ: ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਖੇਡ ਮੁਕਾਬਲਿਆਂ ਦੀ ਗੱਲ ਹੋਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਮੁਕਾਬਲਾ ਹੋਵੇਗਾ ਜਿਸ ਵਿੱਚ ਪੰਜਾਬੀ ਹਿੱਸਾ ਨਹੀਂ ਲੈਂਦੇ। ਦੇਸ਼ ਦੁਨੀਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਇਹ ਖਿਡਾਰੀ ਜਦ ਆਪਣਾ ਖੇਡ ਦਾ ਸਾਮਾਨ ਲੈ ਕੇ ਮੈਦਾਨ ਵਿਚ ਉਤਰਦੇ ਹਨ ਤਾਂ ਫਿਰ ਗੱਲ ਸਿਰਫ਼ ਇਨ੍ਹਾਂ ਦੇ ਆਪਣੇ ਨਿੱਜੀ ਨਾਂ ਦੀ ਨਹੀਂ ਹੁੰਦੀ ਬਲਕਿ ਇਨ੍ਹਾਂ ਦੇ ਨਾਂ ਦੇ ਨਾਲ ਦੇਸ਼ ਦਾ ਨਾਂ ਪਹਿਲੇ ਜੁੜਦਾ ਹੈ।

ਇਹੀ ਕਾਰਨ ਹੈ ਕਿ ਖੇਡ ਦੇ ਮੈਦਾਨ ਵਿੱਚ ਉਤਰਨ ਵਾਲਾ ਹਰ ਖਿਡਾਰੀ ਇਹ ਸੋਚ ਕੇ ਆਪਣੀ ਖੇਡ ਖੇਡਦਾ ਹੈ ਕਿ ਜਦੋ ਉਹ ਮੁਕਾਬਲਾ ਖਤਮ ਹੋਵੇ ਤਾਂ ਸਾਡੇ ਦੇਸ਼ ਦਾ ਝੰਡਾ ਸਭ ਤੋਂ ਉੱਪਰ ਹੋਵੇ। ਫਿਰ ਚਾਹੇ ਗੱਲ ਕ੍ਰਿਕਟ, ਹਾਕੀ , ਕਬੱਡੀ , ਕੁਸ਼ਤੀ ,ਪਾਵਰ ਲਿਫਟਿੰਗ ਅਤੇ ਵੱਖ-ਵੱਖ ਦੌੜਾਂ ਦੇ ਨਾਲ-ਨਾਲ ਹੋਰ ਵੀ ਕਈ ਖੇਡਾਂ ਹੋਣ ਹਰ ਖੇਡ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਬਹੁਤ ਸਾਰੇ ਮੈਡਲ ਜਿੱਤੇ ਹਨ।

ਪੰਜਾਬ ਦੀਆਂ ਸਰਕਾਰਾਂ ਤੋਂ ਨਿਰਾਸ਼ ਖਿਡਾਰੀ

ਡੀਐਸਪੀ ਤੋਂ ਐਸਪੀ ਬਣਨ ਦੀ ਉ਼ਡੀਕ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ: ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤੀ ਹਾਕੀ ਟੀਮ ਓਲੰਪਿਕ ਵਿਚ ਬਰੋਨਜ਼ ਮੈਡਲ ਜਿੱਤ ਕੇ ਵਾਪਸ ਆਈ ਸੀ। ਟੀਮ ਦੇ ਵਾਪਸ ਆਉਣ ’ਤੇ ਜਿੱਥੇ ਦੇਸ਼ ਵਾਸੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ, ਉੱਥੇ ਹੀ ਇਨ੍ਹਾਂ ਵਿੱਚੋਂ ਜੋ ਖਿਡਾਰੀ ਪੰਜਾਬ ਦੇ ਸੀ, ਉਨ੍ਹਾਂ ਨੂੰ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਮੇਂ ਦੀ ਕਾਂਗਰਸ ਦੀ ਸਰਕਾਰ ਵੱਲੋਂ ਨੌਕਰੀ ਅਤੇ ਪ੍ਰਮੋਸ਼ਨ ਲਈ ਵਾਅਦੇ ਕੀਤਾ ਗਿਆ ਸੀ। ਇਨ੍ਹਾਂ ਵਿੱਚ ਸਭ ਤੋਂ ਉੱਤੇ ਨਾਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਆਉਂਦਾ ਹੈ ਜੋ ਪੰਜਾਬ ਪੁਲਿਸ ਵਿੱਚ ਬਤੌਰ ਡੀਐਸਪੀ ਨੌਕਰੀ ਕਰ ਰਹੇ ਹਨ।

ਦੱਸ ਦਈਏ ਕਿ ਓਲੰਪਿਕ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਡੀਐੱਸਪੀ ਰੈਂਕ ਤੋਂ ਐੱਸਪੀ ਰੈਂਕ ’ਤੇ ਤਰੱਕੀ ਕਰਨ ਦੀ ਗੱਲ ਕੀਤੀ ਸੀ, ਪਰ ਇਹ ਵਾਅਦਾ ਕੈਪਟਨ ਸਰਕਾਰ ਤੋਂ ਬਾਅਦ ਚੰਨੀ ਦੀ ਸਰਕਾਰ ਅਤੇ ਚੰਨੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੱਕ ਵੀ ਅਜੇ ਤੱਕ ਅਧੂਰਾ ਪਿਆ ਹੈ।

ਮਨਪ੍ਰੀਤ ਸਿੰਘ ਦੇ ਮਾਤਾ ਮਨਜੀਤ ਕੌਰ ਨਾਲ ਜਦੋ ਸਾਡੇ ਪੱਤਰਕਾਰ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟੀਮ ਦੇ ਓਲੰਪਿਕ ਵਿੱਚ ਬਰੌਂਜ਼ ਮੈਡਲ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਮਨਪ੍ਰੀਤ ਸਿੰਘ ਨੂੰ ਡੀਐਸਪੀ ਤੋਂ ਐਸਪੀ ਬਣਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਦੁਹਰਾਇਆ ਅਤੇ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਸ ਵਾਅਦੇ ਨੂੰ ਪੂਰਾ ਕਰ ਦੇਵੇ ਪਰ ਅਜੇ ਤੱਕ ਮਨਪ੍ਰੀਤ ਦੀ ਤਰੱਕੀ ਦੀ ਗੱਲ ਠੰਢੇ ਬਸਤੇ ਵਿੱਚ ਪਈ ਹੋਈ ਹੈ।

ਭਾਰਤੀ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਮਨਦੀਪ ਸਿੰਘ: ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਵਿੱਚ ਫਾਰਵਰਡ ਖਿਲਾਰੀ ਮਨਦੀਪ ਦੇ ਪਿਤਾ ਰਵਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਓਲੰਪਿਕ ਖੇਡ ਕੇ ਉਸ ਤੋਂ ਬਾਅਦ ਸਰਕਾਰ ਵੱਲੋਂ ਮਨਦੀਪ ਨੂੰ ਡੀਐੱਸਪੀ ਰੈਂਕ ’ਤੇ ਭਰਤੀ ਕਰਨ ਦੀ ਗੱਲ ਕੀਤੀ ਗਈ ਸੀ, ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ , ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ। ਇਹ ਸਾਰੀਆਂ ਸਰਕਾਰਾਂ ਨੇ ਮਨਦੀਪ ਨੂੰ ਨੌਕਰੀ ਦੇਣ ਦੀ ਗੱਲ ਤਾਂ ਕੀਤੀ ਪਰ ਅੱਜ ਤੱਕ ਸਰਕਾਰ ਦਾ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ। ਹੁਣ ਥੋੜ੍ਹੇ ਦਿਨਾਂ ਵਿੱਚ ਭਾਰਤੀ ਹਾਕੀ ਟੀਮ ਕੌਮਨਵੈਲਥ ਖੇਡਾਂ ਲਈ ਇੰਗਲੈਂਡ ਜਾ ਰਹੀ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਉਮੀਦ ਹੈ ਕਿ ਕੌਮਨਵੈਲਥ ਤੋਂ ਬਾਅਦ ਸ਼ਾਇਦ ਸਰਕਾਰ ਮਨਦੀਪ ਨੂੰ ਡੀਐੱਸਪੀ ਰੈਂਕ ’ਤੇ ਭਰਤੀ ਕਰਨ ਦਾ ਆਪਣਾ ਵਾਅਦਾ ਪੂਰਾ ਕਰੇ।

ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੀ ਮਲਿਕਾ ਹਾਂਡਾ ਨੂੰ ਵੀ ਨੌਕਰੀ ਦਾ ਇੰਤਜ਼ਾਰ: ਅਜਿਹਾ ਹੀ ਹਾਲ ਜਲੰਧਰ ਦੀ ਅੰਤਰਰਾਸ਼ਟਰੀ ਸ਼ਤਰੰਜ ਖਿਡਾਰੀ ਮਲਿਕਾ ਹਾਂਡਾ ਦਾ ਵੀ ਹੈ। ਮਲਿਕਾ ਹਾਂਡਾ ਦੇਸ਼ ਦੀ ਅਜਿਹੀ ਸ਼ਤਰੰਜ ਦੀ ਖਿਡਾਰੀ ਹੈ ਜੋ ਨਾ ਤਾਂ ਸੁਨ ਸਕਦੀ ਹੈ ਅਤੇ ਨਾ ਹੀ ਸਹੀ ਢੰਗ ਨਾਲ ਬੋਲ ਸਕਦੀ ਹੈ, ਪਰ ਸ਼ਤਰੰਜ ਦੀ ਖੇਡ ਵਿੱਚ ਉਹ ਚੰਗਿਆਂ ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੀ ਹੈ। ਮਲਿਕਾ ਹਾਂਡਾ ਹੁਣ ਤੱਕ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਬਰੌਂਜ, ਸਿਲਵਰ ਅਤੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰ ਚੁੱਕੀ ਹੈ।

ਮਲਿਕਾ ਹਾਂਡਾ ਅਤੇ ਉਸ ਦੇ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਉਸ ਨੇ ਜੋ ਕੁਝ ਉਪਲੱਬਧੀ ਇਸ ਖੇਡ ਵਿੱਚ ਹਾਸਲ ਕੀਤੀ ਹੈ ਉਸ ਵਿੱਚ ਸਰਕਾਰ ਵੱਲੋਂ ਉਸ ਦੀ ਬਿੱਲਕੁਲ ਵੀ ਮਦਦ ਨਹੀਂ ਕੀਤੀ ਗਈ। ਇੱਥੇ ਤੱਕ ਕਿ ਅੱਜ ਤੱਕ ਸਰਕਾਰ ਵੱਲੋਂ ਉਸ ਨੂੰ ਇਕ ਕੋਚ ਤੱਕ ਮੁਹੱਈਆ ਨਹੀਂ ਕਰਵਾ ਕੇ ਦਿੱਤਾ ਗਿਆ। ਇਸ ਦੇ ਨਾਲ-ਨਾਲ ਜਿਹੜੇ ਟੂਰਨਾਮੈਂਟ ਉਹ ਵਿਦੇਸ਼ਾਂ ਵਿੱਚ ਖੇਡਣ ਗਈ ਹੈ ਉਨ੍ਹਾਂ ਸਾਰੇ ਟੂਰਨਾਮੈਂਟ ’ਚ ਆਪਣੇ ਖਰਚੇ ’ਤੇ ਖੇਡਣ ਗਈ ਹੈ। ਸਰਕਾਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ। ਇੱਥੇ ਤੱਕ ਕਿ ਪਿਛਲੇ ਕਈ ਸਾਲਾਂ ਤੋਂ ਮਲਿਕਾ ਹਾਂਡਾ ਸਰਕਾਰਾਂ ਅੱਗੇ ਨੌਕਰੀ ਦੀ ਗੁਹਾਰ ਲਗਾ ਰਹੀ ਹੈ ਪਰ ਉਸ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਕਾਮਨਵੈਲਥ ਖੇਡਾਂ ਵਿਚ ਗੋਲਡ ਜਿੱਤਣ ਵਾਲੀ ਰਮਨਦੀਪ ਕੌਰ ਚਲਾ ਰਹੀ ਕਰਿਆਣੇ ਦੀ ਦੁਕਾਨ: ਅੰਤਰਰਾਸ਼ਟਰੀ ਪੱਧਰ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਖੇਡ ਕੇ ਗੋਲਡ ਮੈਡਲ ਲਿਆਉਣ ਵਾਲੀ ਖਿਡਾਰਨ ਰਮਨਦੀਪ ਕੌਰ ਦਾ ਵੀ ਹੈ। ਪਵਨਦੀਪ ਕੌਰ ਕਹਿੰਦੀ ਹੈ ਕਿ ਉਹ ਦੇਸ਼ ਵਿੱਚ ਰਾਸ਼ਟਰੀ ਮੁਕਾਬਲਿਆਂ ਵਿੱਚ ਕਿਤੇ ਗੋਲਡ ਲੈ ਚੁੱਕੀ ਹੈ, ਜੋ ਕਿ ਉਸ ਨੂੰ ਖੁਦ ਵੀ ਯਾਦ ਨਹੀਂ। ਇਸ ਤੋਂ ਇਲਾਵਾ ਉਹ ਕਾਮਨਵੈਲਥ ਖੇਡਾਂ ਵਿੱਚ ਖੁਦ ਅਪਾਹਜ ਹੁੰਦਿਆਂ ਹੋਇਆ ਜਨਰਲ ਕੈਟੇਗਰੀ ਵਿੱਚ ਪਾਵਰ ਲਿਫਟਿੰਗ ਕਰ ਦੇਸ਼ ਲਈ ਗੋਲਡ ਮੈਡਲ ਲਿਆ ਚੁੱਕੀ ਹੈ ਅਤੇ ਪਿਛਲੇ ਮਹੀਨੇ ਦੁਬਈ ਵਿੱਚ ਹੋਏ ਅੰਤਰਰਾਸ਼ਟਰੀ ਪਾਵਰ ਲਿਫ਼ਟਿੰਗ ਵਿੱਚ ਵੀ ਉਹ ਗੋਲਡ ਮੈਡਲ ਲੈ ਕੇ ਆਈ ਹੈ, ਪਰ ਅੱਜ ਰਮਨਦੀਪ ਕੌਰ ਲੁਧਿਆਣਾ ਵਿਖੇ ਇਕ ਕਿਰਾਏ ਦੇ ਮਕਾਨ ’ਤੇ ਰਹਿ ਕੇ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਹੈ।

ਰਮਨਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਕਦੀ ਉਸਦੀ ਕੋਈ ਮਦਦ ਨਹੀਂ ਕੀਤੀ ਗਈ। ਉਹ ਕਈ ਵਾਰ ਵੱਡੇ-ਵੱਡੇ ਅਫ਼ਸਰਾਂ ਅਤੇ ਮੰਤਰੀਆਂ ਅੱਗੇ ਆਪਣੀ ਨੌਕਰੀ ਦੀ ਵੀ ਗੁਹਾਰ ਲਗਾ ਚੁੱਕੀ ਹੈ, ਪਰ ਕਿਤੇ ਵੀ ਉਸਦੀ ਸੁਣਵਾਈ ਨਹੀਂ ਹੋਈ। ਉਸ ਦੇ ਮੁਤਾਬਕ ਇਸ ਵਾਰ ਜਦ ਉਹ ਦੁਬਈ ਵਿਚ ਰੋਹ ਪਾਵਰ ਲਿਫਟਿੰਗ ਟੂਰਨਾਮੈਂਟ ਲਈ ਗਈ ਤਾਂ ਉਦੋਂ ਵੀ ਉਸ ਦੀ ਮਦਦ ਲਈ ਸਰਕਾਰ ਅੱਗੇ ਨਹੀਂ ਆਈ ਬਲਕਿ ਕੁਝ ਐਨਆਰਆਈ ਲੋਕਾਂ ਨੇ ਉਸ ਦੀ ਇੱਕ ਲੱਖ ਰੁਪਏ ਦੀ ਫੀਸ ਭਰ ਕੇ ਉਸ ਨੂੰ ਇਸ ਟੂਰਨਾਮੈਂਟ ਲਈ ਭੇਜਿਆ। ਸਰਕਾਰਾਂ ਤੋਂ ਨਿਰਾਸ਼ ਹੋ ਚੁੱਕੀ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਗੋਲਡ ਮੈਡਲ ਜਿੱਤਣ ਤੋਂ ਬਾਅਦ ਵੀ ਜੇ ਖਿਡਾਰੀਆਂ ਦੇ ਇਹ ਹਾਲਾਤ ਨੇ ਤਾਂ ਖੇਡਣ ਦਾ ਕੀ ਫ਼ਾਇਦਾ।

ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨ ਵਿਕਾਸ ਵਰਮਾ ਵੀ ਸਰਕਾਰ ਤੋਂ ਨਿਰਾਸ਼: ਵਿਕਾਸ ਵਰਮਾ ਵੀ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਨੇ ਜੋ ਦੁਬਈ ਵਿੱਚ ਹੋਈ ਅੰਤਰਰਾਸ਼ਟਰੀ ਰੋਹ ਪਾਵਰਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਹੈ ਕਿ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਨਾ ਤਾਂ ਕੋਚ ਦਿੱਤੇ ਜਾਂਦੇ ਹਨ, ਨਾ ਸਹੀ ਡਾਈਟ ਤੇ ਨਾ ਹੀ ਕੋਈ ਹੋਰ ਫੈਸਿਲਿਟੀ। ਜਿਸ ਦੇ ਚੱਲਦੇ ਖਿਡਾਰੀਆਂ ਨੂੰ ਖ਼ੁਦ ਆਪਣੇ ਦਮ ’ਤੇ ਖੇਡਕੇ ਇਹ ਮੈਡਲ ਜਿੱਤਣੇ ਪੈਂਦੇ ਹਨ। ਵਿਕਾਸ ਵਰਮਾ ਦੇ ਮੁਤਾਬਕ ਜੇ ਸਰਕਾਰਾਂ ਇਨ੍ਹਾਂ ਖਿਡਾਰੀਆਂ ਦੀ ਥੋੜ੍ਹੀ ਹੋਰ ਮਦਦ ਕਰਨ ਤਾਂ ਇਨ੍ਹਾਂ ਦਾ ਹੌਸਲਾ ਹੋਰ ਵਧੇਗਾ। ਖ਼ਾਸ ਤੌਰ ’ਤੇ ਅੱਜਕੱਲ੍ਹ ਦੇ ਦਿਨਾਂ ਵਿੱਚ ਜਦੋ ਪੰਜਾਬ ਦੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਨੂੰ ਹਰ ਸੁਵਿਧਾ ਦਿੱਤੀ ਜਾਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਖੇਡਾਂ ਨਾਲ ਜੁੜਨ।

ਕਾਬਿਲੇਗੌਰ ਹੈ ਕਿ ਇਹ ਤਾਂ ਗੱਲ ਕੁਝ ਗਿਣੇ ਚੁਣੇ ਖਿਡਾਰੀਆਂ ਦੀ ਹੈ ਪਰ ਇਹ ਲਿਸਟ ਇੱਥੇ ਹੀ ਖ਼ਤਮ ਨਹੀਂ ਹੁੰਦੀ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਵਿੱਚ ਇਸੇ ਤਰ੍ਹਾਂ ਦੇ ਖਿਡਾਰੀ ਮੌਜੂਦ ਹਨ, ਜਿਨ੍ਹਾਂ ਨੂੰ ਜੇਕਰ ਸਰਕਾਰ ਸਹੀ ਢੰਗ ਨਾਲ ਸਹੂਲਤਾਂ ਮੁਹੱਈਆ ਕਰਾਵੇ ਤਾਂ ਉਹ ਆਪਣੀ ਖੇਡ ਦੇ ਜ਼ਰੀਏ ਪੰਜਾਬ ਦਾ ਨਾਂ ਪੂਰੀ ਦੁਨੀਆਂ ਵਿੱਚ ਹੋਰ ਉੱਚਾ ਕਰ ਸਕਦੇ ਹਨ। ਲੋੜ ਹੈ ਸਰਕਾਰਾਂ ਇਸ ਵੱਲ ਧਿਆਨ ਦੇਣ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਥਾਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਜਿਸ ਨਾਲ ਪੰਜਾਬ ਦੇ ਪਰਿਵਾਰ ਹੋਰ ਖੁਸ਼ਹਾਲ ਹੋ ਸਕਣ।

ਇਹ ਵੀ ਪੜੋ: ਸਿਮਰਨਜੀਤ ਮਾਨ ਖਿਲਾਫ ਗ਼ਲਤ ਬਿਆਨਬਾਜ਼ੀ, ਆਗੂਆਂ ਵੱਲੋਂ ਰਾਜਪਾਲ ਦੇ ਨਾਂ ਮੰਗ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.