ETV Bharat / city

Sidhu Moose Wala Murder: ਜਾਣੋ, ਕੌਣ ਹੈ ਸ਼ਾਰਪ ਸ਼ੂਟਰ ਸੌਰਭ ਮਹਾਕਾਲ ? ਸਿੱਧੂ ਮੂਸੇਵਾਲਾ ਨਾਲ ਕੀ ਸਬੰਧ ?

author img

By

Published : Jun 10, 2022, 7:03 AM IST

Sidhu Moose Wala Murder: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਅਤੇ ਮੁੰਬਈ ਪੁਲਿਸ ਨੇ ਸਾਂਝੀ ਕਾਰਵਾਈ ਵਿੱਚ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਭ ਮਹਾਕਾਲ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣੋ, ਕੌਣ ਹੈ ਸ਼ਾਰਪ ਸ਼ੂਟਰ ਸੌਰਭ ਮਹਾਕਾਲ ? ਸਿੱਧੂ ਮੂਸੇਵਾਲਾ ਨਾਲ ਕੀ ਸਬੰਧ ?

ਕੌਣ ਹੈ ਸ਼ਾਰਪ ਸ਼ੂਟਰ ਸੌਰਭ ਮਹਾਕਾਲ
ਕੌਣ ਹੈ ਸ਼ਾਰਪ ਸ਼ੂਟਰ ਸੌਰਭ ਮਹਾਕਾਲ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moose Wala Murder) ਵਿੱਚ ਆਏ ਦਿਨ ਨਵੇਂ-ਨਵੇਂ ਤਾਰ ਜੁੜ ਰਹੇ ਹਨ ਤੇ ਵੱਡੇ ਖੁਲਾਸੇ ਹੋ ਰਹੇ ਹਨ। ਪੁਲਿਸ ਜਾਂਚ ਵਿੱਚ ਮਹਾਰਾਸ਼ਟਰ ਦੇ ਦੋ ਸ਼ਾਰਪ ਸ਼ੂਟਰਾਂ ਦੇ ਨਾਂ ਵੀ ਸਾਹਮਣੇ ਆਏ ਸਨ। ਇਸ ਸਬੰਧ 'ਚ ਪੁਲਿਸ ਨੇ ਸੌਰਭ ਮਹਾਕਾਲ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ, ਹੁਣ ਉਸ ਤੋਂ ਮੂਸੇਵਾਲਾ ਕਤਲ ਕਾਂਡ 'ਚ ਵੀ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ ਸੌਰਭ ਮਹਾਕਾਲ ਨੂੰ ਪੁਣੇ 'ਚ ਦਰਜ ਮਕੋਕਾ ਦੇ ਇੱਕ ਪੁਰਾਣੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਿਸ਼ੇਸ਼ ਅਦਾਲਤ ਨੇ ਉਸ ਨੂੰ 20 ਜੂਨ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਸੌਰਭ ਮਹਾਕਾਲ ਦੇ ਕਰੀਬੀ ਸ਼ੂਟਰ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ।

ਇਹ ਵੀ ਪੜੋ: ਪ੍ਰਤਾਪ ਬਾਜਵਾ ਦੀ CM ਮਾਨ ਨੂੰ ਸਿੱਧੀ ਧਮਕੀ !

ਕੌਣ ਹੈ ਸੌਰਭ ਮਹਾਕਾਲ : ਮਹਾਰਾਸ਼ਟਰ ਦੇ ਪੁਣੇ ਤੋਂ ਗ੍ਰਿਫਤਾਰ ਕੀਤੇ ਗਏ ਸੌਰਭ ਮਹਾਕਾਲ ਦਾ ਅਸਲੀ ਨਾਂ ਸਿੱਧੇਸ਼ ਹੀਰਾਮਨ ਕਾਂਬਲੇ ਹੈ। ਮਹਾਕਾਲ ਮੁੰਬਈ ਅੰਡਰਵਰਲਡ ਡਾਨ ਅਰੁਣ ਗਵਲੀ ਗੈਂਗ ਦਾ ਸ਼ਾਰਪ ਸ਼ੂਟਰ ਹੈ। ਸੌਰਭ ਮਹਾਕਾਲ ਖਿਲਾਫ ਪੁਣੇ ਦੇ ਵੱਖ-ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਗਵਲੀ ਗੈਂਗ ਨਾਲ ਜੁੜੇ ਹੋਣ ਕਾਰਨ ਸੰਤੋਸ਼ ਜਾਧਵ ਅਤੇ ਮਹਾਕਾਲ ਦੋਵੇਂ ਇਕੱਠੇ ਸੁਪਾਰੀ ਕਤਲ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਓਮਕਾਰ ਬੰਖੇਲੇ ਉਰਫ਼ ਰਣੀਆ ਦਾ ਕਤਲ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਮਹਾਕਾਲ ਨੇ ਬੰਖੇਲੇ ਉਰਫ ਰਣੀਆ ਦੇ ਕਤਲ ਤੋਂ ਬਾਅਦ ਸੰਤੋਸ਼ ਜਾਧਵ ਨੂੰ ਪਨਾਹ ਦਿੱਤੀ ਸੀ।

ਲਾਰੈਂਸ ਗਰੋਹ ਲਈ ਵੀ ਕਰਦਾ ਹੈ ਕੰਮ: ਸੌਰਭ ਮਹਾਕਾਲ ਨੂੰ ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ ਵੀ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਸਪੈਸ਼ਲ ਸੈੱਲ ਦੇ ਸੀਪੀ ਐਚਐਸ ਧਾਲੀਵਾਲ ਨੇ ਦੱਸਿਆ ਹੈ ਕਿ ਲਾਰੈਂਸ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਮਹਾਕਾਲ ਤੋਂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਨੂੰ ਰਣੀਆ ਦੇ ਕਤਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੌਰਭ ਮਹਾਕਾਲ ਨੂੰ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਸੀ।

ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਾਧਵ ਅਤੇ ਬਾਂਖੇਲੇ ਵਿਚਾਲੇ ਪਹਿਲਾਂ ਤੋਂ ਦੁਸ਼ਮਣੀ ਸੀ। ਪਿਛਲੇ ਸਾਲ 1 ਅਗਸਤ ਨੂੰ ਬੰਖੇਲੇ ਦੇ ਕਤਲ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ਾਂ ਰਾਹੀਂ ਇਕ-ਦੂਜੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੱਸ ਦੇਈਏ ਕਿ ਪਿਛਲੇ ਸਾਲ 1 ਅਗਸਤ ਨੂੰ ਮਹਾਰਾਸ਼ਟਰ ਵਿੱਚ ਬਾਂਖੇਲੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਗਵਲੀ ਗੈਂਗ ਦਾ ਸ਼ਾਰਪ ਸ਼ੂਟਰ ਹੈ ਸੰਤੋਸ਼ ਜਾਧਵ: ਸੰਤੋਸ਼ ਜਾਧਵ ਵੀ ਉਨ੍ਹਾਂ ਸ਼ੱਕੀ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਪੁਲਿਸ ਮੂਸੇਵਾਲਾ ਕਤਲ ਕੇਸ ਵਿੱਚ ਭਾਲ ਕਰ ਰਹੀ ਹੈ। ਦੱਸ ਦਈਏ ਕਿ ਸੰਤੋਸ਼ ਜਾਧਵ ਵੀ ਡਾਨ ਅਰੁਣ ਗਵਲੀ ਗੈਂਗ ਦਾ ਸ਼ਾਰਪ ਸ਼ੂਟਰ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ ਪੁਲਿਸ 8 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਸ ਵਿੱਚ ਪੁਲਿਸ ਨੂੰ 4 ਲੋਕਾਂ ਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹਨ। ਹਾਲਾਂਕਿ ਰਣਯਾ ਦੇ ਕਤਲ ਤੋਂ ਬਾਅਦ ਤੋਂ ਸੰਤੋਸ਼ ਜਾਧਵ ਰੂਪੋਸ਼ ਹੈ। ਗਵਲੀ ਗੈਂਗ ਨਾਲ ਜੁੜੇ ਹੋਣ ਕਾਰਨ ਸੰਤੋਸ਼ ਜਾਧਵ ਅਤੇ ਮਹਾਕਾਲ ਦੋਵੇਂ ਇਕੱਠੇ ਸੁਪਾਰੀ ਕਤਲ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਸੰਦੀਪ ਉਰਫ਼ ਕੇਕੜਾ ਨੇ ਕੀਤੀ ਸੀ ਰੇਕੀ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਸੰਦੀਪ ਉਰਫ਼ ਕੇਕੜਾ ਨੇ ਪੈਸੇ ਲਈ ਰੇਕੀ ਕੀਤੀ ਸੀ। ਕੇਕੜਾ ਹਰਿਆਣਾ ਦਾ ਰਹਿਣਾ ਵਾਲਾ ਹੈ ਜੋ ਕਿ ਨਸ਼ੇ ਦਾ ਆਦੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਸੰਦੀਪ ਉਰਫ਼ ਕੇਕੜਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਇਸ ਕੇਕੜੇ ਨੂੰ ਸਿਰਸਾ ਦੇ ਕਾਲਾਂਵਾਲੀ ਇਲਾਕੇ ਦੇ ਇੱਕ ਪਿੰਡ ਤੋਂ ਕਾਬੂ ਕੀਤਾ ਸੀ। ਕੇਕੜਾ ਦੀ ਪਿੰਡ ਮੂਸਾ ਵਿਖੇ ਰਿਸ਼ਤੇਦਾਰੀ ਸੀ ਜਿਸ ਕਾਰਨ ਇਸ ਨੇ ਸਿੱਧੂ ਮੂਸੇਵਾਲਾ ਦੀ ਅਸਾਨੀ ਨਾਲ ਰੇਕੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕੇਕੜਾ ਖੁਦ ਕੋਈ ਗੈਂਗਸਟਰ ਨਹੀਂ ਸਗੋਂ ਸਚਿਨ ਬਿਸ਼ਨੋਈ ਦਾ ਦੋਸਤ ਹੈ, ਇਸ ਦੋਸਤੀ ਦੇ ਨਾਂ 'ਤੇ ਸਚਿਨ ਨੇ ਕੇਕੜੇ ਨੂੰ ਰੇਕੀ ਕਰਨ ਲਈ ਕਿਹਾ ਸੀ।

ਇਹ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜ਼ਾਮ: ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ ਕੇਕੜਾ ਸਿੱਧੂ ਮੂਸੇਵਾਲਾ ਦਾ ਫੈਨ ਬਣ ਕੇ ਉਸ ਦੇ ਘਰ ਪਹੁੰਚਿਆ ਸੀ, ਜਦੋਂ ਸਿੱਧੂ ਆਪਣੀ ਥਾਰ ’ਤੇ ਘਰੋਂ ਬਾਹਰ ਨਿਕਲਿਆ ਤਾਂ ਘਰ ਦੇ ਬਾਹਰ ਸੈਲਫੀ ਲਈ ਕਾਫੀ ਫੈਨ ਖੜ੍ਹੇ ਸਨ, ਜਿਹਨਾਂ ਵਿੱਚ ਕੇਕੜਾ ਵੀ ਸ਼ਾਮਲ ਸੀ, ਕੇਕੜੇ ਨੇ ਪਹਿਲਾਂ ਸਿੱਧੂ ਮੂਸੇਵਾਲਾ ਨਾਲ ਸੈਲਫੀ ਲਈ ਤੇ ਫੇਰ ਥਾਰ ਦੀ ਵੀ ਫੋਟੋ ਖਿੱਚ ਸ਼ੂਟਰਾਂ ਨੂੰ ਜਾਣਕਾਰੀ ਦਿੱਤੀ ਸੀ।

ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਬਹੁਤ ਕਰੀਬੀ ਹੈ। ਉਥੇ ਹੀ ਗੋਲਡੀ ਬਰਾੜ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ਉਤੇ ਪੋਸਟ ਸ਼ੇਅਰ ਕਰਕੇ ਲਿਖਿਆ ਗਿਆ ਸੀ ਕਿ ਉਸ ਨੇ ਆਪਣੇ ਦੋਸਤ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲਿਆ ਹੈ, ਜਿਸ ਨੂੰ ਮਰਵਾਉਣ ਵਿੱਚ ਸਿੱਧੂ ਮੂਸੇਵਾਲਾ ਦਾ ਹੱਥ ਸੀ।

ਇਸ ਤਰ੍ਹਾਂ ਹੋਇਆ ਸੀ ਸਿੱਧੂ ਮੂਸੇਵਾਲੇ ਦਾ ਕਤਲ: 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।

ਇਹ ਵੀ ਪੜੋ: ਪੈਸੇ ਦਾ ਘਾਟ ਹੋਣ ਕਾਰਨ ਸਿੱਧੂ ਮੂਸੇਵਾਲੇ ਦੇ ਫੈਨ ਨੇ ਸਾਈਕਲ ਨੂੰ ਹੀ ਬਣਾਇਆ 5911

ETV Bharat Logo

Copyright © 2024 Ushodaya Enterprises Pvt. Ltd., All Rights Reserved.