ETV Bharat / city

Punjab Assembly Election Result 2022: ਦਿੱਗਜ ਹਾਰੇ, ਜਨਤਾ ਜਿੱਤੀ !

author img

By

Published : Mar 10, 2022, 5:44 PM IST

ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੰਜਾਬ ਦੀ ਸਿਆਸਤ ਦੇ ਵੱਡੇ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸਦੇ ਦੁੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰਾਂ ਵੱਲੋਂ ਵੱਡੀ ਜਿੱਤ ਹਾਸਿਲ ਕੀਤੀ ਗਈ ਹੈ।

ਪੰਜਾਬ ਦੀ ਸਿਆਸਤ ਦੇ ਵੱਡੇ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
ਪੰਜਾਬ ਦੀ ਸਿਆਸਤ ਦੇ ਵੱਡੇ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਈ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੂਜੇ ਪਾਸੇ ਆਮ ਲੋਕਾਂ ਵਿੱਚੋਂ ਵੀ ਲੋਕ ਵਿਧਾਨਸਭਾ ਵਿੱਚ ਪੁੱਜੇ ਹਨ। ਇੱਕ ਤਰ੍ਹਾਂ ਨਾਲ ਇਨਕਲਾਬ ਵਾਂਗ ਚੱਲੀ ਆਮ ਆਦਮੀ ਪਾਰਟੀ ਸਾਹਮਣੇ ਵੱਡੇ ਵੱਡੇ ਆਗੂ ਟਿਕ ਨਹੀਂ ਸਕੇ।

ਦੱਸ ਦਈਏ ਕਿ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੇ ਕਰੀਬ 11,000 ਵੋਟਾਂ ਨਾਲ ਹਰਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਬਾਦਲ ਇਤਿਹਾਸ ਵਿੱਚ ਪਹਿਲੀ ਵਾਰ ਚੋਣ ਹਾਰੇ ਹਨ। ਉਹ 9 ਵਾਰ ਚੋਣ ਜਿੱਤੇ ਸਨ ਅਤੇ ਇਸ ਵਾਰ 10ਵੀਂ ਚੋਣ ਮੈਦਾਨ ਵਿੱਚ ਸਨ।

ਬਾਦਲ ਤੋਂ ਇਲਾਵਾ ਪੰਜਾਬ ਦੇ ਦੂਜੇ ਵੱਡੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਸਨ। ਕੈਪਟਨ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਸਨ। ਉਨ੍ਹਾਂ ਨੇ ਚੋਣਾਂ ਵਾਲੇ ਦਿਨ ਜਿੱਤ ਦਾ ਦਾਅਵਾ ਕੀਤਾ ਸੀ ਪਰ ਉਹ ਆਪ ਦੀ ਹੂੰਝਾ ਫੇਰ ਜਿੱਤ ਅੱਗੇ ਟਿਕ ਨਹੀਂ ਸਕੇ।

ਇਨ੍ਹਾਂ ਤੋਂ ਇਲਾਵਾ ਪਿਛਲੇ ਛੇ ਮਹੀਨਿਆਂ ਤੋਂ ਸਿਆਸਤ ਦਾ ਕੇਂਦਰ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਤੇ ਵੀ ਟਿਕ ਨਹੀਂ ਸਕੇ। ਚੰਨੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰੇ ਹਨ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਸਨ, ਪਰ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਤੋਂ ਉਨ੍ਹਾਂ ਵੀ ਹਾਰ ਦਾ ਮੂੰਹ ਦੇਖਣ ਪਿਆ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾ ਸਿਰਫ਼ ਹਾਰੇ ਸਗੋਂ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੁਣੌਤੀ ਦਿੱਤੀ ਸੀ ਅਤੇ ਉਹ ਵੀ ਸਿੱਧੂ ਦੀ ਹਾਰ ਦਾ ਵੱਡਾ ਕਾਰਨ ਬਣੇ ਹਨ।

ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰਾਂ ਦੀ ਜਿੱਤ ਹੋਈ। ਭਗਵੰਤ ਮਾਨ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਅਧਿਆਪਕ ਸਨ ਅਤੇ ਅੱਜ ਭਗਵੰਤ ਮਾਨ ਨਾ ਸਿਰਫ਼ ਵਿਧਾਇਕ ਬਣੇ ਹਨ ਸਗੋਂ ਪੰਜਾਬ ਦੇ ਨਵੇਂ ਸਰਦਾਰ ਹੋਣਗੇ। ਗਰੀਬ ਪਰਿਵਾਰ ਨਾਲ ਸਬੰਧਿਤ ਲਾਭ ਸਿੰਘ ਉੱਗੋਕੇ ਨੇ ਵਿਧਾਨ ਸਭਾ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਫਰਕ ਨਾਲ ਹਰਾਇਆ ਹੈ।

ਇਸੇ ਤਰ੍ਹਾਂ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ ਇਕੱਲੇ ਆਜ਼ਾਦ ਵਿਧਾਇਕ ਬਣੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੀ ਚੱਲੀ ਜਿੱਤ ਦੀ ਹਨੇਰੀ ਦਰਮਿਆਨ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਚੌਥੀ ਵੱਡੀ ਜਿੱਤ ਜੀਵਨਜੋਤ ਕੌਰ ਦੀ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਸੀ ਅਤੇ ਇਹ ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੀ।

ਜੀਵਨਜੋਤ ਕੌਰ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਰਾਇਆ। ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਨਛੱਤਰ ਪਾਲ ਨੇ ਜਿੱਤ ਦਰਜ ਕੀਤੀ। ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਚੋਣ ਹਾਰ ਗਏਹਨ ਨਛੱਤਰ ਪਾਲ ਨੇ ਨਵਾਂਸ਼ਹਿਰ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਆਪਣੀ ਪਾਰਟੀ ਦੀ ਨੁਮਾਇੰਦਗੀ ਕਾਇਮ ਕਰ ਲਈ। ਪਿਛਲੀਆਂ ਕਈ ਚੋਣਾਂ ਵਿੱਚ ਬਸਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ।

ਇਹ ਵੀ ਪੜ੍ਹੋ: ਆਪ ਉਮੀਦਵਾਰ ਜੀਵਨਜੋਤ ਨੇ ਮਜੀਠੀਆ-ਨਵਜੋਤ ਸਿੱਧੂ ਲਾਏ ਖੂੰਝੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.