ETV Bharat / city

ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ, ਗਿਲਜ਼ੀਆਂ 'ਤੇ ਵੀ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਜਾਣੋ ਮਾਮਲਾ

author img

By

Published : Jul 13, 2022, 8:21 PM IST

ਜੰਗਲਾਤ ਵਿਭਾਗ 'ਚ ਘੁਟਾਲੇ ਨੂੰ ਲੈਕੇ ਵਿਜੀਲੈਂਸ ਵਿਭਾਗ ਵਲੋਂ ਕਾਰਵਾਈ ਕਰਦਿਆਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਨੂੰ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਸਾਬਕਾ ਮੰਤਰੀ ਗਿਲਜ਼ੀਆਂ 'ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।

ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ
ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ

ਚੰਡੀਗੜ੍ਹ: ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਜੰਗਲਾਤ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦਲਜੀਤ ਨੂੰ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਵਿਜੀਲੈਂਸ ਨੇ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਹੈ।

ਸੰਗਤ ਗਿਲਜ਼ੀਆਂ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ: ਇਸ ਦੇ ਨਾਲ ਹੀ ਗਿਲਜ਼ੀਆਂ 'ਤੇ ਵਿਜੀਲੈਂਸ ਦੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਗਿਲਜ਼ੀਆਂ ਪਿਛਲੀ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਜੰਗਲਾਤ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਵੀ ਕੀਤੀ ਸੀ ਪਰ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ
ਸਾਬਕਾ ਮੰਤਰੀ ਦੇ ਭਤੀਜੇ ਦੀ ਗ੍ਰਿਫ਼ਤਾਰੀ

ਮੋਹਾਲੀ 'ਚ ਮਾਮਲਾ ਦਰਜ: ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖ਼ਿਲਾਫ਼ ਮੁਹਾਲੀ ਵਿੱਚ ਕੇਸ ਦਰਜ ਹੈ। ਗਿਲਜ਼ੀਆਂ ਦਾ ਨਾਮ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ। ਦਲਜੀਤ ਸਿੰਘ ਨੂੰ ਵੀ ਇਸੇ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਸੰਗਤ ਸਿੰਘ ਗਿਲਜ਼ੀਆਂ ਦਾ ਸਾਰਾ ਕੰਮ ਦਲਜੀਤ ਸਿੰਘ ਗਿਲਜ਼ੀਆਂ ਹੀ ਦੇਖਦਾ ਸੀ। ਵਿਜੀਲੈਂਸ ਨੂੰ ਸ਼ੱਕ ਹੈ ਕਿ ਗਿਲਜ਼ੀਆਂ ਦੇ ਕਮਿਸ਼ਨ ਵਾਲੇ ਕੰਮ ਦਿਲਜੀਤ ਹੀ ਦੇਖਦਾ ਸੀ।

ਗਿਲਜ਼ੀਆਂ ਕੁਝ ਸਮਾਂ ਰਹੇ ਮੰਤਰੀ: ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਜੰਗਲਾਤ ਮੰਤਰੀ ਸਨ। ਇਸ ਤੋਂ ਬਾਅਦ ਜਦੋਂ ਕੈਪਟਨ ਨੂੰ ਹਟਾਇਆ ਗਿਆ ਤਾਂ ਧਰਮਸੋਤ ਦੀ ਵੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੀ ਥਾਂ ਸੰਗਤ ਗਿਲਜ਼ੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ। ਉਹ ਕਰੀਬ ਸਵਾ ਤਿੰਨ ਮਹੀਨੇ ਪੰਜਾਬ ਦੇ ਜੰਗਲਾਤ ਮੰਤਰੀ ਰਹੇ।

ਹਾਈਕੋਰਟ 'ਚ ਪਾਈ ਸੀ ਪਟੀਸ਼ਨ: ਜ਼ਿਕਦਯੋਗ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਦੀ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਹੀ ਮੁਹਾਲੀ ਅਦਾਲਤ ਵਲੋਂ ਰੱਦ ਕੀਤੀ ਗਈ ਸੀ। ਦੱਸ ਦਈਏ ਕਿ ਗਿਲਜ਼ੀਆਂ ਨੇ ਆਪਣੇ ਖਿਲਾਫ਼ ਮਾਮਲਾ ਰੱਦ ਕਰਵਾਉਣ ਲਈ ਹਾਈਕੋਰਟ ਦਾ ਰੁਖ਼ ਕੀਤਾ ਸੀ ਪਰ ਹਾਈਕੋਰਟ ਨੇ ਇਹ ਕਹਿੰਦਿਆਂ ਪਟੀਸ਼ਨ ਰੱਦ ਕਰ ਦਿੱਤੀ ਕਿ ਉਨ੍ਹਾਂ ਨੂੰ ਪਹਿਲਾਂ ਹੇਠਲੀ ਅਦਾਲਤ 'ਚ ਜ਼ਮਾਨਤ ਲੈਣੀ ਚਾਹੀਦੀ ਹੈ। ਜਿਸ ਤੋਂ ਬਾਅਦ ਸੰਗਤ ਸਿੰਘ ਗਿਲਜ਼ੀਆਂ ਨੇ ਹਾਈਕੋਰਟ ਦੇ ਹੁਕਮਾਂ 'ਤੇ ਮੁਹਾਲੀ ਅਦਾਲਤ 'ਚ ਜ਼ਮਾਨਤ ਅਰਜ਼ੀ ਲਗਾਈ ਸੀ, ਜੋ ਰੱਦ ਹੋ ਗਈ ਸੀ।

ਇਹ ਵੀ ਪੜ੍ਹੋ: ਹੁਣ ਚੰਡੀਗੜ੍ਹ ਵਿੱਚ ਵੀ ਔਰਤਾਂ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਪਾਉਣਗੀਆਂ ਹੈਲਮੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.