ETV Bharat / city

ਸਰਕਾਰ ਦੀ ਸਖ਼ਤੀ ਲਿਆਈ ਰੰਗ, ਮਾਲੋ ਮਾਲ ਹੋਇਆ ਟਰਾਂਸਪੋਰਟ ਮਹਿਕਮਾ

author img

By

Published : Jun 7, 2022, 8:25 PM IST

ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਤੇ ਬਿਨਾਂ ਪਰਮਿਟ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀ ਕਾਰਵਾਈ ਰੰਗ ਲਿਆਈ ਹੈ। ਜਿਸ ਦੇ ਚੱਲਦਿਆਂ ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ।

ਸਰਕਾਰ ਦੀ ਸਖ਼ਤੀ ਲਿਆਈ ਰੰਗ
ਸਰਕਾਰ ਦੀ ਸਖ਼ਤੀ ਲਿਆਈ ਰੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ।

ਟਰਾਂਸਪੋਰਟ ਵਿਭਾਗ ਨੂੰ ਮਈ 2021 ਦੌਰਾਨ 91.69 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਿਸ ਵਿੱਚ ਵਿਭਾਗ ਨੂੰ ਫ਼ੀਸ, ਕੰਪਾਊਂਡਿੰਗ ਫ਼ੀਸ, ਸੈੱਸ ਅਤੇ ਮੋਟਰ ਵਾਹਨ ਟੈਕਸ ਤੋਂ ਕਮਾਈ ਹੋਈ। ਇਸ ਵਰ੍ਹੇ ਵੱਖ-ਵੱਖ ਮੱਦਾਂ ਤੋਂ ਆਮਦਨ ਵਿੱਚ 31 ਮਈ, 2022 ਤੱਕ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ, ਜੋ 94 ਫ਼ੀਸਦੀ ਦੇ ਵਾਧੇ ਨਾਲ 178 ਕਰੋੜ ਰੁਪਏ ਬਣਦਾ ਹੈ।

ਸੂਬਾ ਸਰਕਾਰ ਦੇ ਵਿਭਾਗ ਦੀ ਆਮਦਨ ਵਧਾਉਣ ਦੇ ਯਤਨਾਂ ਸਦਕਾ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਵੀ ਇਸ ਵਰ੍ਹੇ ਦੁੱਗਣਾ ਵਾਧਾ ਦਰਜ ਕੀਤਾ ਹੈ। ਪੀ.ਆਰ.ਟੀ.ਸੀ. ਨੂੰ ਪਿਛਲੇ ਵਰ੍ਹੇ ਮਈ ਮਹੀਨੇ ਦੌਰਾਨ 23.28 ਕਰੋੜ ਦੀ ਆਮਦਨ ਹੋਈ ਸੀ, ਜੋ ਇਸ ਵਰ੍ਹੇ ਦੇ ਮਈ ਮਹੀਨੇ ਵਿੱਚ ਵੱਧ ਕੇ 42.05 ਕਰੋੜ ਰੁਪਏ ਰਿਕਾਰਡ ਕੀਤੀ ਗਈ ਹੈ।

ਇਸੇ ਤਰ੍ਹਾਂ ਇਸ ਅਰਸੇ ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ ਵੀ ਦੁੱਗਣੇ ਨਾਲੋਂ ਵੀ ਵੱਧ ਆਮਦਨ ਹੋਈ ਹੈ। ਮਈ 2021 ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ 26.63 ਕਰੋੜ ਰੁਪਏ ਦੀ ਆਮਦਨ ਹੋਈ, ਜੋ ਮਈ 2022 ਦੌਰਾਨ ਵੱਧ ਕੇ 57.03 ਕਰੋੜ ਰੁਪਏ ਹੋਈ ਹੈ। ਇਹ ਫ਼ਰਕ ਮਈ 2021 ਮਹੀਨੇ ਦੀ ਕੁੱਲ ਆਮਦਨ ਦਾ 119 ਫ਼ੀਸਦੀ ਬਣਦਾ ਹੈ।

ਮਈ 2021 ਦੌਰਾਨ ਪੀ.ਆਰ.ਟੀ.ਸੀ. ਵੱਲੋਂ ਔਰਤਾਂ ਨੂੰ 9.49 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼/ਪਨਬੱਸ ਵੱਲੋਂ 10.09 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਸਫ਼ਰ ਸਹੂਲਤ ਮੁਹੱਈਆ ਕਰਵਾਈ ਗਈ ਜਦਕਿ ਮਈ 2022 ਦੌਰਾਨ ਇਹ ਰਾਸ਼ੀ ਕ੍ਰਮਵਾਰ 29.40 ਕਰੋੜ ਰੁਪਏ ਅਤੇ 22.90 ਕਰੋੜ ਰੁਪਏ ਰਹੀ।

ਇਸੇ ਦੌਰਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਨੱੱਥ ਪਾਉਣ ਅਤੇ ਵਿਭਾਗਾਂ ਦੀ ਆਮਦਨ ਵਧਾਉਣ ਲਈ ਟੈਕਸ ਚੋਰਾਂ ਵਿਰੁੱਧ ਸਖ਼ਤੀ ਕਰਨ ਦੇ ਦਿੱਤੇ ਸਪੱਸ਼ਟ ਨਿਰਦੇਸ਼ਾਂ ਸਦਕਾ ਇਹ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਦੀਆਂ ਕਰੀਬ 3500 ਬੱਸਾਂ ਸੂਬੇ ਦੀਆਂ ਸੜਕਾਂ 'ਤੇ ਚਲ ਰਹੀਆਂ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਭੋਗ ’ਤੇ ਪਹੁੰਚਣ ਵਾਲੇ ਵਾਹਨਾਂ ਨੂੰ ਲੈਕੇ ਵੇਖੋ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਰੂਟ ਪਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.