ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੀ ਕੈਬਿਨੇਟ ਨਾਲ ਬੈਠਕ ਕੀਤੀ। ਇਸ ਦੌਰਾਨ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਅਤੇ ਓਪੀ ਸੋਨੀ ਨੇ ਵੀਡੀਓ ਕਾਨਫਰੰਸ ਰਾਹੀਂ ਬੈਠਕ 'ਚ ਹਿੱਸਾ ਲਿਆ। ਬੈਠਕ ਤੋਂ ਬਾਅਦ ਜਦੋਂ ਮੰਤਰੀਆਂ ਨੂੰ ਪੁੱਛਿਆ ਗਿਆ, ਕੀ ਇਸ ਬੈਠਕ ਵਿੱਚ ਚੀਫ਼ ਸੈਕਟਰੀ ਕਰਨ ਅਵਤਾਰ ਸ਼ਾਮਲ ਸਨ ਤਾਂ ਉਹ ਬਿਨਾਂ ਇਸ ਸਵਾਲ ਦਾ ਜਵਾਬ ਦਿੱਤੇ ਉਥੋਂ ਨਿਕਲ ਗਏ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਇੱਕ ਬੈਠਕ ਤੋਂ ਬਾਅਦ ਕੈਬਿਨੇਟ ਮੰਤਰੀਆਂ ਨੇ ਇਹ ਗੱਲ ਆਖੀ ਸੀ ਕਿ ਜਿਸ 'ਚ ਚੀਫ ਸੈਕਟਰੀ ਕਰਨ ਅਵਤਾਰ ਸ਼ਾਮਲ ਹੋਣਗੇ, ਉਸ ਬੈਠਕ 'ਚ ਉਹ ਹਿੱਸਾ ਨਹੀਂ ਲੈਣਗੇ। ਇਹ ਸਾਰੇ ਬਿਆਨ ਦੇਣ ਤੋਂ ਬਾਅਦ ਸੋਮਵਾਰ ਨੂੰ ਹੋਈ ਬੈਠਕ 'ਚ ਸਾਰੇ ਮੰਤਰੀ ਤੇ ਚੀਫ਼ ਸੈਕਟਰੀ ਸ਼ਾਮਲ ਸਨ।
ਹਾਲਾਂਕਿ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਦੀ ਰਿਵਿਯੂ ਬੈਠਕ ਕੀਤੀ ਗਈ ਸੀ। ਹੁਣ ਪੰਜਾਬ ਦੀ ਸਥਿਤੀ ਸਹੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੌਜ਼ੀਟਿਵ ਕੇਸਾਂ 'ਤੇ ਲਗਾਮ ਲੱਗ ਰਹੀ ਹੈ। ਇਸ ਤੋਂ ਇਲਾਵਾ ਟੈਸਟਿੰਗ ਕਿੱਟ ਵਧਾਉਣ ਬਾਰੇ ਚਰਚਾ ਕੀਤੀ ਜਾ ਰਹੀ ਹੈ। ਸੋਨੀ ਨੇ ਕਿਹਾ ਕਿ ਵੈਂਟੀਲੇਟਰਾ ਦੀ ਘਾਟ ਨੂੰ ਪੂਰਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਜਲਦ ਤਕਨੀਕੀ ਲੋਕਾਂ ਦੀ ਭਰਤੀ ਕੀਤੀ ਜਾਵੇਗੀ। ਬਲਬੀਰ ਸਿੱਧੂ ਨੇ ਕਿਹਾ ਕਿ 700 ਕਰੋੜ ਪ੍ਰਪੋਜ਼ਲ ਬਣਾ ਕੇ ਕੇਂਦਰ ਸਰਕਾਰ ਨੂੰ ਰਿਪੋਰਟ ਭੇਜੀ ਗਈ ਹੈ ਤਾਂ ਜੋ ਸਿਹਤ ਵਿਭਾਗ ਨੂੰ ਕੋਈ ਦਿੱਕਤ ਨਾ ਆਵੇ।