ETV Bharat / city

ਚੁਣੌਤੀਆਂ ਵਿੱਚ ਘਿਰੇ ਪੰਜਾਬ ਦੇ ਵੱਡੇ ਸਿਆਸੀ ਚਿਹਰੇ, ਵਕਾਰ ਲੱਗਿਆ ਦਾਅ ’ਤੇ

author img

By

Published : Feb 10, 2022, 5:04 PM IST

ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਆਪਣੇ ਆਪ ਵਿੱਚ ਅਹਿਮ ਹੋ ਗਈਆਂ ਹਨ। ਪਿਛਲੇ ਵਰ੍ਹੇ ਵੱਡੇ ਸਿਆਸੀ ਫੇਰ ਬਦਲ ਹੋ ਗਏ ਤੇ ਅਜਿਹੇ ਵਿੱਚ ਨਾ ਸਿਰਫ ਕਈ ਵੱਡੇ ਆਗੂਆਂ ਦਾ ਸਿਆਸੀ ਭਵਿੱਖ ਦਾਅ ’ਤੇ(political career on stake) ਲੱਗ ਗਿਆ ਹੈ, ਸਗੋਂ ਸੂਬੇ ਦੀਆਂ ਕਈ ਸੀਟਾਂ ’ਤੇ ਮੁਕਾਬਲੇ ਕਾਫੀ ਰੋਚਕ ਹੋ ਗਏ ਹਨ।

ਚੁਣੌਤੀਆਂ ਵਿੱਚ ਘਿਰੇ ਸਿਆਸੀ ਚਿਹਰੇ
ਚੁਣੌਤੀਆਂ ਵਿੱਚ ਘਿਰੇ ਸਿਆਸੀ ਚਿਹਰੇ

ਚੰਡੀਗੜ੍ਹ: Punjab election ਵਿੱਚ ਅਜੇ ਤੱਕ ਸਿੱਧੇ ਚੋਣ ਮੁਕਾਬਲੇ ਵੇਖਦੇ ਆ ਰਹੇ ਪੰਜਾਬ ਵਿੱਚ ਪਹਿਲੀ ਵਾਰ ਚਾਰਕੋਣਾ ਮੁਕਾਬਲਾ ਹੋਣਾ ਤੈਅ ਹੈ। ਬਦਲੀ ਤਸਵੀਰ ਦਰਮਿਆਨ ਕਈ ਜਿਥੇ ਕਈ ਆਗੂ ਨਵੀਂ ਸਿਆਸੀ ਜਮੀਨ ਬਣਾਉਣ ਲਈ ਸੰਘਰਸ਼ ਕਰ ਰਹੇ ਹਨ(Big faces challenges in punjab) । ਅਜਿਹੇ ਆਗੂਆਂ ਲਈ ਇਹ ਚੋਣ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਇੱਕ ਨਵੀਂ ਪ੍ਰੀਖਿਆ ਸਾਬਤ ਹੋ ਰਹੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਵੱਡੇ ਆਗੂਆਂ ਦੀ ਸਿਆਸੀ ਹਾਲਤ(political career on stake)।

ਪ੍ਰਕਾਸ਼ ਸਿੰਘ ਬਾਦਲ

ਦੇਸ਼ ਦੇ ਸਭ ਨਾਲੋਂ ਉਮਰ ਦਰਾਜ ਆਗੂ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਕੋਈ ਚੋਣ ਨਹੀਂ ਹਾਰੇ। ਸ਼ਾਇਦ ਇਸ ਵਾਰ ਉਹ ਚੋਣ ਨਾ ਲੜਦੇ ਪਰ ਅਕਾਲੀ ਦਲ ਦੇ ਪਿਛਲੇ ਸਾਲ ਤੋਂ ਸ਼ੁਰੂ ਹੋਏ ਵਿਰੋਧ ਦੇ ਮੱਦੇਨਜਰ ਉਨ੍ਹਾਂ ਨੂੰ ਸਿਆਸੀ ਪਿੜ ਵਿੱਚ ਉਤਰਨਾ ਉਨ੍ਹਾਂ ਦੀ ਮਜਬੂਰੀ ਬਣ ਗਈ। ਉਨ੍ਹਾਂ ਦੀ ਉਮੀਦਵਾਰੀ ਆਖਰੀ ਮੌਕੇ ’ਤੇ ਐਲਾਨੀ ਗਈ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਕਦੇ ਚੋਣ ਨਹੀਂ ਹਾਰੇ ਪਰ ਚੋਣਾਂ ਦੌਰਾਨ ਵਿਰੋਧੀ ਉਨ੍ਹਾਂ ਲਈ ਸਿਆਸੀ ਚੁਣੌਤੀ ਜਰੂਰ ਖੜ੍ਹੀ ਕਰਦੇ ਹਨ। ਇਸ ਵਾਰ ਵੀ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦੇ ਕੇ ਪ੍ਰਕਾਸ਼ ਸਿੰਘ ਬਾਦਲ ਦੀ ਮੁਸੀਬਤ ਵਧਾਈ ਹੋਈ ਹੈ। ਖੁੱਡੀਆਂ ਇੱਕ ਦਮਦਾਰ ਆਗੂ ਮੰਨੇ ਜਾਂਦੇ ਹਨ। ਪਿਛਲੀਆਂ ਚੋਣਾਂ ਵਿੱਚ ਵੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਤੋਂ ਬਾਦਲ ਵਿਰੁੱਧ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਚੋਣ ਜਿੱਤ ਗਏ ਸੀ।

ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਵਿਧਾਇਕਾਂ ਦੀ ਮੁਹਿੰਮ ਕਾਰਨ ਸਤੰਬਰ 2021 ਵਿੱਚ ਮੁੱਖ ਮੰਤਰੀ ਦੇ ਅਹੁਤੇ ਤੋਂ ਅਸਤੀਫਾ ਦੇ ਦਿੱਤਾ ਤੇ ਵਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਕੇ ਭਾਜਪਾ ਤੇ ਅਕਾਲੀ ਦਲ ਸੰਯੁਕਤ ਨਾਲ ਸਮਝੌਤਾ ਕਰ ਲਿਆ। ਵਖਰੀ ਪਾਰਟੀ ਬਣਾਉਣ ਵੇਲੇ ਕੈਪਟਨ ਨੂੰ ਉਮੀਦ ਸੀ ਕਿ ਟਿਕਟਾਂ ਦੀ ਵੰਡ ਕਾਰਨ ਫੁੱਟ ਉਪਰੰਤ ਕਾਂਗਰਸੀ ਵੱਡੀ ਗਿਣਤੀ ਵਿੱਚ ਉਨ੍ਹਾਂ ਨਾਲ ਆਉਣਗੇ ਪਰ ਅਜਿਹਾ ਨਹੀਂ ਹੋਇਆ। ਹੁਣ ਉਹ ਆਪਣੀ ਪੁਰਾਣੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਲਈ ਚੁਣੌਤੀਆਂ ਵੱਡੀਆਂ ਹਨ ਤੇ ਇਹ ਚੋਣ ਉਨ੍ਹਾਂ ਲਈ ਉੰਨੀ ਸੁਖਾਲੀ ਨਹੀਂ ਰਹੀ, ਜਿੰਨੀ ਕਿ ਉਹ ਪਹਿਲਾਂ ਬੇ ਫਿਕਰੀ ਨਾਲ ਜਿੱਤ ਜਾਂਦੇ ਸੀ ਤੇ ਨਾਲ ਹੀ ਸੂਬੇ ਵਿੱਚ ਹੋਰ ਥਾਵਾਂ ’ਤੇ ਪ੍ਰਚਾਰ ਲਈ ਜਾਂਦੇ ਸੀ ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿੱਚ ਹੀ ਫਸੇ ਹੋਏ ਹਨ।

ਨਵਜੋਤ ਸਿੱਧੂ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਪਾਰਟੀ ਦਾ ਵੱਡਾ ਚਿਹਰਾ ਹਨ। ਉਹ ਮੁੱਖ ਮੰਤਰੀ ਉਮੀਦਵਾਰ ਦੀ ਦੌੜ ਵਿੱਚ ਸੀ ਪਰ ਮੁੱਖ ਮੰਤਰੀ ਦੀ ਉਮੀਦਵਾਰੀ ਤੋਂ ਬਾਹਰ ਹੋ ਗਏ। ਆਪਣੇ ਬੇਬਾਕ ਭਾਸ਼ਣ ਲਈ ਜਾਣੇ ਜਾਂਦੇ ਨਵਜੋਤ ਸਿੱਧੂ ਪੰਜਾਬ ਵਿੱਚ ਕਈ ਸੀਟਾਂ ’ਤੇ ਪ੍ਰਚਾਰ ਕਰ ਚੁੱਕੇ ਹਨ ਪਰ ਹੁਣ ਸਥਿਤੀ ਇਹ ਹੈ ਕਿ ਉਹ ਆਪਣੇ ਵਿਧਾਨਸਭਾ ਹਲਕੇ ਅੰਮ੍ਰਿਤਸਰ ਪੂਰਬੀ ਵਿੱਚ ਹੀ ਬੱਝ ਕੇ ਰਹਿ ਗਏ ਹਨ ਤੇ ਇਥੋਂ ਵੀ ਉਨ੍ਹਾਂ ਨੂੰ ਕੁਝ ਥਾਵਾਂ ’ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਸਿੱਧੂ ਤੇ ਉਨ੍ਹਾਂ ਦੇ ਪਤਨੀ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਚਰਨਜੀਤ ਸਿੰਘ ਚੰਨੀ

ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਹਨ। ਉਹ ਦੋ ਸੀਟਾਂ ’ਤੇ ਚੋਣ ਲੜ ਰਹੇ ਹਨ। ਚਮਕੌਰ ਸਾਹਿਬ ਉਨ੍ਹਾਂ ਦੀ ਜੱਦੀ ਸੀਟ ਹੈ ਪਰ 2017 ਵਿੱਚ ਇੱਥੋਂ ਉਨ੍ਹਾਂ ਨੂੰ ਤਗੜੀ ਟੱਕਰ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਮੁੜ ਚੋਣ ਮੈਦਾਨ ਵਿੱਚ ਹਨ ਤੇ ਕੁਝ ਸਮਾਂ ਪਹਿਲਾਂ ਤੱਕ ਇਸ ਸੀਟ ਤੋਂ ਚੰਨੀ ਦੇ ਪਿਛੜ ਦੀਆਂ ਚਰਚਾਵਾਂ ਹੋਣ ਲੱਗੀਆਂ ਸੀ। ਹਾਲਾਂਕਿ ਕਾਂਗਰਸ ਪਾਰਟੀ ਦਾ ਇਹ ਕਹਿਣਾ ਸੀ ਕਿ ਮਾਲਵਾ ਵਿੱਚ ਵਿਕਾਸ ਸਹੀ ਨਾ ਹੋਣ ਕਰਕੇ ਮੁੱਖ ਮੰਤਰੀ ਨੂੰ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਵੀ ਚੋਣ ਲੜਾਈ ਜਾ ਰਹੀ ਹੈ ਪਰ ਦੂਜੀਆਂ ਪਾਰਟੀਆਂ ਨੇ ਇਹ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਚਮੌਕਰ ਸਾਹਿਬ ਤੋਂ ਸਥਿਤੀ ਪਤਲੀ ਹੋਣ ਕਾਰਨ ਦੂਜੀ ਸੀਟ ਤੋਂ ਲੜਾਇਆ ਜਾ ਰਿਹਾ ਹੈ। ਦੂਜੇ ਪਾਸੇ, ਜਿਸ ਦਿਨ ਤੋਂ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਉਸ ਦਿਨ ਤੋਂ ਚਮਕੌਰ ਸਾਹਿਬ ਦੇ ਲੋਕਾਂ ਨੂੰ ਚੰਨੀ ਤੋਂ ਉਮੀਦ ਬੱਝੀ ਹੈ ਤੇ ਗਰਾਫ ਉਪਰ ਆ ਗਿਆ।

ਭਗਵੰਤ ਮਾਨ

ਆਮ ਆਦਮੀ ਪਾਰਟੀ ਨੇ ਸੰਸਦ ਮੈਂਬਰ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ। ਉਹ ਧੂਰੀ ਵਿਧਾਨਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਮਾਲਵੇ ਵਿੱਚ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਵਿੱਚ 18 ਸੀਟਾਂ ਜਿੱਤੀ ਸੀ ਤੇ ਇਸ ਵਾਰ ਇਸੇ ਖਿੱਤੇ ਤੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰਨ ਨਾਲ ਪਾਰਟੀ ਨੂੰ ਕਾਫੀ ਉਮੀਦਾਂ ਹਨ। ਉਹ ਦੂਜੀ ਵਾਰ ਵਿਧਾਨਸਭਾ ਚੋਣ ਲੜ ਰਹੇ ਹਨ, ਪਿਛਲੀ ਵਾਰ ਸੁਖਬੀਰ ਬਾਦਲ ਤੋਂ ਚੋਣ ਹਾਰ ਗਏ ਸੀ ਤੇ ਇਸ ਵਾਰ ਉਨ੍ਹਾਂ ਸਾਹਮਣੇ ਕਾਂਗਰਸ ਦੇ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਹੈ। ਮਾਲਵੇ ਵਿੱਚ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇਣ ਲਈ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਉਮੀਦਵਾਰ ਬਣਾ ਕੇ ਵੀ ਚੁਣੌਤੀ ਪੇਸ਼ ਕਰ ਦਿੱਤੀ ਹੈ ਤੇ ਦੂਜਾ ਇਸੇ ਖਿੱਤੇ ਤੋਂ ਲੱਖਾ ਸਿਧਾਣਾ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ ਤੇ ਨਾਲ ਹੀ ਮਾਲਵੇ ਖੇਤਰ ਵਿੱਚ ਕਿਸਾਨਾਂ ਦੀ ਮਜਬੂਤ ਪਕੜ ਹੈ ਤੇ ਕਿਸਾਨਾਂ ਦੀ ਆਪਣੀ ਪਾਰਟੀ ਚੋਣ ਮੈਦਾਨ ਵਿੱਚ ਹੈ। ਅਜਿਹੇ ਵਿੱਚ ਭਗਵੰਤ ਮਾਨ ਲਈ ਆਪਣੀ ਸੀਟ ਦੇ ਨਾਲ-ਨਾਲ ਸਮੁੱਚਾ ਮਾਲਵਾ ਸੰਭਾਲਣਾ ਵੱਡੀ ਚੁਣੌਤੀ ਹੈ।

ਬਲਬੀਰ ਸਿੰਘ ਰਾਜੇਵਾਲ

Farmers agitation ਵਿੱਚੋਂ ਉਭਰੇ ਸਿਆਸੀ ਦਲ ਸੰਯੁਕਤ ਸਮਾਜ ਮੋਰਚਾ ਵੀ ਇਨ੍ਹਾਂ ਚੋਣਾਂ ਵਿੱਚ ਕਾਫੀ ਆਸਵੰਦ ਹੈ ਤੇ ਕਈ ਥਾਵਾਂ ’ਤੇ ਸਿਆਸੀ ਪਿੜ ਵਿੱਚ ਅਸਰ ਪਾਵੇਗਾ। ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਪੰਜਾਬ ਦੇ ਮੁੱਖ ਕਿਸਾਨ ਆਗੂਆਂ ਵਿੱਚ ਸ਼ੁਮਾਰ ਹਨ ਤੇ ਉਹ ਸਮਰਾਲਾ ਤੋਂ ਚੋਣ ਮੈਦਾਨ ਵਿੱਚ ਹਨ। ਇਸ ਸੀਟ ’ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਟਿਕਟ ਨਾ ਮਿਲਣ ਕਾਰਨ ਵਿਧਾਇਕ ਅਮਰੀਕ ਸਿੰਘ ਢਿੱਲੋਂ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਮੈਦਾਨ ਵਿੱਚ ਨਿਤਰ ਗਏ ਤੇ ਅਜਿਹੇ ਵਿੱਚ ਬਲਬੀਰ ਸਿੰਘ ਰਾਜੇਵਾਲ ਮੁੱਖ ਮੁਕਾਬਲੇ ਵਿੱਚ ਆ ਗਏ ਹਨ।

ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਸਮੇਂ ਪੰਜਾਬ ਦੀ ਸਿਆਸਤ ਦਾ ਧੁਰਾ ਸਾਬਤ ਹੋ ਚੁੱਕੇ ਹਨ। ਹਰੇਕ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਆਪਣੇ ਉਮੀਦਵਾਰ ਉਤਾਰਦੀ ਹੈ ਤੇ ਉਹ ਆਪ ਵੀ ਚੋਣ ਲੜਦੇ ਹਨ ਪਰ ਪਿਛਲੀਆਂ ਕਈ ਚੋਣਾਂ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਨਹੀਂ ਜਿੱਤ ਸਕੇ ਤੇ ਵਾਰ ਉਹ ਮੁੜ ਅਮਰਗੜ ਵਿਧਾਨਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਇਸ ਵਾਰ ਨੌਜਵਾਨਾਂ ਫਿਲਮ ਸਟਾਰ ਦੀਪ ਸਿੱਧੂ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ ਤੇ ਉਹ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਦੇ ਵਿਧਾਨਸਭਾ ਹਲਕੇ ਫਤਿਹਗੜ੍ਹ ਸਾਹਿਬ ਵਿੱਚ ਵੀ ਪ੍ਰਚਾਰ ਕਰਨਗੇ। ਦੀਪ ਸਿੱਧੂ ਦੀ ਨੌਜਵਾਨਾਂ ਤੇ ਸਿੱਖੀ ਧਾਰਨਾ ਵਾਲੇ ਲੋਕਾਂ ਵਿੱਚ ਚੰਗੀ ਪਕੜ ਹੈ, ਜਿਸ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ। ਦੀਪ ਸਿੱਧੂ ਆਪਣੇ ਭਾਸ਼ਣਾਂ ਵਿੱਚ ਮੁੱਖ ਤੌਰ ’ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ।

ਹੌਟ ਸੀਟ:ਅਜੇ ਤੱਕ ਵੱਡੇ ਚਿਹਰਿਆਂ ਦੇ ਨਾਲ ਕੁਝ ਸੀਟਾਂ ਦੇ ਮੁਕਾਬਲੇ ਦਿਲਚਸਪ ਹੁੰਦੇ ਸੀ ਪਰ ਪੰਜਾਬ ਵਿਧਾਨ ਸਭਾ ਚੋਣਾਂ 2022 ਅਜਿਹੀ ਚੋਣ ਹੈ, ਜਿਥੇ ਕਈ ਸੀਟਾਂ ਹੌਟ ਬਣ ਗਈਆਂ ਹਨ।

1.ਅੰਮ੍ਰਿਤਸਰ ਪੂਰਬੀ:ਪੰਜਾਬ ਦੀ ਸਭ ਨਾਲੋਂ ਵੱਧ ਦਿਲਚਸਪ ਸੀਟ ਅੰਮ੍ਰਿਤਸਰ ਪੂਰਬੀ ਸਾਬਤ ਹੋਵੇਗੀ। ਕਾਂਗਰਸ ਨੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨੂੰ ਇਥੋਂ ਉਮੀਦਵਾਰ ਬਣਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਘੇਰਾਬੰਦੀ ਕਰਨ ਲਈ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇਥੋਂ ਚੋਣ ਪਿੜ ਵਿੱਚ ਉਤਾਰ ਦਿੱਤਾ, ਜਿਹੜੇ ਕਿ ਸਿੱਧੂ ਲਈ ਬਹੁਤ ਵੱਡੀ ਚੁਣੌਤੀ ਬਣ ਗਏ।

2.ਸੁਲਤਾਨਪੁਰ ਲੋਧੀ:ਇਥੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਮੁੜ ਪਾਰਟੀ ਦੇ ਉਮੀਦਵਾਰ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਟਿਕਟ ਮੰਗ ਰਹੇ ਸੀ ਪਰ ਟਿਕਟ ਚੀਮਾ ਨੂੰ ਮਿਲਣ ’ਤੇ ਨਾ ਸਿਰਫ ਇੰਦਰ ਪ੍ਰਤਾਪ ਆਜਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਰ ਗਏ, ਸਗੋਂ ਰਾਣਾ ਗੁਰਜੀਤ ਸਿੰਘ ਨੇ ਚੀਮਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਬੇਟੇ ਨੂੰ ਚੀਮਾ ਨਾਲੋਂ ਇੱਕ ਵੋਟ ਵੀ ਘੱਟ ਪਈ ਤਾਂ ਉਹ (ਰਾਣਾ ਗੁਰਜੀਤ) ਸਿਆਸਤ ਛੱਡ ਦੇਣਗੇ। ਵਕਾਰ ਦੇ ਸੁਆਲ ਕਾਰਨ ਇਥੋਂ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।

3.ਫਿਰੋਜਪੁਰ ਸ਼ਹਿਰੀ:ਇਸ ਸੀਟ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ। ਦਲ ਬਦਲਣ ਵਾਲੇ ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪਿੰਕੀ ਸਾਹਮਣੇ ਉਮੀਦਵਾਰ ਬਣਾਇਆ ਹੈ। ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਗੁਰੂ ਹਰਸਹਾਏ ਤੋਂ ਚੋਣ ਲੜਦੇ ਸੀ ਤੇ ਇਲਾਕੇ ਦੇ ਵੱਡੇ ਤੇ ਅਸਰਦਾਰ ਆਗੂ ਹਨ, ਅਜਿਹੇ ਵਿੱਚ ਹੁਣ ਉਨ੍ਹਾਂ ਦੀ ਉਮੀਦਵਾਰੀ ਨਾਲ ਫਿਰੋਜਪੁਰ ਸ਼ਹਿਰੀ ਦੀ ਚੋਣ ਕਾਫੀ ਦਿਲਚਸਪ ਹੋ ਗਈ ਹੈ।

4.ਮੋਗਾ:ਇਸ ਸੀਟ ’ਤੇ ਮੁਕਾਬਲਾ ਫਸਵਾਂ ਹੋ ਗਿਆ ਹੈ। ਪਾਰਟੀ ਵਿੱਚ ਸ਼ਾਮਲ ਹੋਈ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਨੇ ਆਪਣੇ ਮੌਜੂਦਾ ਵਿਧਾਇਕ ਨੂੰ ਛੱਡ ਕੇ ਉਮੀਦਵਾਰ ਬਣਾ ਦਿੱਤਾ ਹੈ। ਬਗਾਵਤ ਕਰਕੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਨੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਤੇ ਭਾਜਪਾ ਨੇ ਮੋਗਾ ਤੋਂ ਉਨ੍ਹਾਂ ਨੂੰ ਟਿਕਟ ਵੀ ਦੇ ਦਿੱਤੀ। ਅਜਿਹੇ ਵਿੱਚ ਮੁਕਾਬਲਾ ਕਾਫੀ ਸਖ਼ਤ ਤੇ ਦਿਲਚਸਪ ਹੋ ਗਿਆ ਹੈ। ਜਿੱਥੇ ਕਾਂਗਰਸ ਮਾਲਵਿਕਾ ਸੂਦ ਤੋਂ ਆਸਵੰਦ ਹੈ, ਉਥੇ ਭਾਜਪਾ ਨੂੰ ਹਰਜੋਤ ਕਮਲ ਦੀ ਹਰਮਨਪਿਆਰਤਾ ਦਾ ਸਹਾਰਾ ਹੈ।

5.ਮੌੜ:ਭਾਵੇਂ ਇਸ ਸੀਟ ਤੋਂ ਕੋਈ ਵੱਡਾ ਚਿਹਰਾ ਚੋਣ ਮੈਦਾਨ ਵਿੱਚ ਨਹੀਂ ਹੈ ਪਰ ਇਹ ਸੀਟ ਮਾਲਵੇ ਦੀ ਹੌਟ ਸੀਟ ਬਣ ਗਈ ਹੈ। ਕਿਸਾਨ ਅੰਦੋਲਨ ਵਿੱਚ ਅਹਿਮ ਸਖ਼ਸ਼ੀਅਤ ਵਜੋਂ ਉਭਰੇ Lakha Sidhana ਇਥੋਂ ਸੰਯੁਕਤ ਸੰਘਰਸ਼ ਮੋਰਚੇ ਵੱਲੋਂ ਚੋਣ ਲੜ ਰਹੇ ਹਨ। ਲੱਖਾ ਸਿਧਾਣਾ ਦੀ ਨੌਜਵਾਨਾਂ ਵਿੱਚ ਪ੍ਰਸਿੱਧੀ ਹੈ ਤੇ ਅਕਾਲੀ ਦਲ ਤੋਂ ਧਾਕੜ ਆਗੂ ਜਗਮੀਤ ਬਰਾੜ ਉਮੀਦਵਾਰ ਹਨ। ਲੱਖਾ ਸਿਧਾਣਾ ਆਪਣੇ ਵੱਖਰੇ ਅੰਦਾਜ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਸਿਧਾਣਾ ਦੀ ਐਂਟਰੀ ਨਾਲ ਇਹ ਸੀਟ ਖਿੱਚ ਦਾ ਕੇਂਦਰ ਬਣੀ ਹੋਈ ਹੈ।

6. ਤਲਵੰਡੀ ਸਾਬੋ: ਮਾਲਵੇ ਦੀ ਇਹ ਸੀਟ ਵੀ ਹੌਟ ਬਣ ਗਈ ਹੈ। ਕਾਂਗਰਸ ਨੇ ਖੇਤਰ ਦੇ ਵੱਡੇ ਆਗੂ ਹਰਮਿੰਦਰ ਜੱਸੀ ਨੂੰ ਅੱਖੋਂ ਪਰੋਖੇ ਕੀਤਾ ਤੇ ਉਨ੍ਹਾਂ ਨੇ ਆਜਾਦ ਤੌਰ ’ਤੇ ਤਾਲ ਠੋਕ ਦਿੱਤੀ ਹੈ। ਇਥੋਂ ਆਪ ਦੀ ਮੌਜੂਦਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਮੈਦਾਨ ਵਿੱਚ ਹਨ ਤੇ ਜੱਸੀ ਦੀ ਐਂਟਰੀ ਨੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ। ਇਹ ਇਸ ਕਾਰਨ ਵੀ ਅਹਿਮ ਹੈ ਕਿ ਜੱਸੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਕੁੜਮ ਹਨ ਤੇ ਇਨ੍ਹੀਂ ਦਿਨੀਂ ਰਾਮ ਰਹੀਮ ਪੈਰੋਲ ’ਤੇ ਹਨ, ਜਿਸ ਦਾ ਲਾਭ ਜੱਸੀ ਨੂੰ ਮਿਲ ਸਕਦਾ ਹੈ।

7. ਮਾਨਸਾ: ਇਹ ਸੀਟ ਕਾਫੀ ਦਿਲਚਸਪ ਰਹਿਣ ਵਾਲੀ ਹੈ। ਲੋਕ ਤੈਅ ਕਰਨਗੇ ਕਿ ਉਹ ਕਿਸੇ ਗਾਇਕ ਨੂੰ ਵਿਧਾਇਕ ਬਣਾਉਣਗੇ?ਕਾਂਗਰਸ ਨੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਥੋਂ ਉਮੀਦਵਾਰ ਬਣਾਇਆ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਮੂਸੇਵਾਲਾ ਦੇ ਚਾਹਵਾਨ ਹਨ ਤੇ ਇਸੇ ਦਾ ਕਾਂਗਰਸ ਫਾਇਦਾ ਚੁੱਕਣਾ ਚਾਹੁੰਦੀ ਹੈ। ਮੂਸੇਵਾਲਾ ਕਰਕੇ ਇਹ ਸੀਟ ਹੌਟ ਬਣ ਗਈ।

8.ਲਹਿਰਾਗਾਗਾ:ਲਹਿਰਾਗਾਗਾ ਵਿਧਾਨ ਸਭਾ ਹਲਕਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਪੁਰਾਣਾ ਹਲਕਾ ਹੈ ਤੇ ਉਹ ਫੇਰ ਇੱਥੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਵਿਧਾਇਕ ਤੇ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਫੇਰ ਚੋਣ ਮੈਦਾਨ ਵਿੱਚ ਹਨ। ਇਸ ਸੀਟ ’ਤੇ ਮੁਕਾਬਲਾ ਦਿਲਚਸਪ ਹੋਵੇਗਾ।

9.ਘਨੌਰ:ਘਨੌਰ ਹਲਕੇ ਤੋਂ ਕਾਂਗਰਸ ਵੱਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਫੇਰ ਚੋਣ ਲੜ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦਿਹਾਤੀ ਸੀਟ ਹੋਣ ਕਰਕੇ ਕਬੱਡੀ ਖਿਡਾਰੀ ਦਾ ਇਹ ਪਾਰਟੀ ਫਾਇਦਾ ਚੁੱਕਣਾ ਚਾਹੁੰਦੀ ਹੈ ਪਰ ਆਖਰੀ ਟਿਕਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤਗੜੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਬਣਾ ਕੇ ਇਥੋਂ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ।

10.ਮਲੇਰਕੋਟਲਾ:ਮਲੇਰਕੋਟਲਾ ਵਿੱਚ ਦੋ ਸਾਬਕਾ ਡੀਜੀਪੀ ਦੀਆਂ ਪਤਨੀਆਂ ਚੋਣ ਮੈਦਾਨ ਵਿੱਚ ਹੋਣ ਕਾਰਨ ਮੁਕਾਬਲਾ ਫਸਵਾਂ ਬਣ ਗਿਆ ਹੈ। ਕਾਂਗਰਸ ਵੱਲੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਪਤਨੀ ਰਜੀਆ ਸੁਲਤਾਨਾ ਚੋਣ ਮੈਦਾਨ ਵਿੱਚ ਹਨ ਜਦਕਿ ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਵੱਲੋਂ ਸਾਬਕਾ ਡੀਜੀਪੀ ਇਜਹਾਰ ਆਲਮ ਦੀ ਪਤਨੀ ਐਫ ਨਿਸਾਰਾ ਖਾਤੂਨ ਚੋਣ ਮੈਦਾਨ ਵਿੱਚ ਡਟੇ ਹੋਏ ਹਨ।

11.ਭੁਲੱਥ:ਭੁਲੱਥ ਵਿਧਾਨਸਭਾ ਹਲਕਾ ਤੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਹਨ। ਦੂਜੇ ਪਾਸੇ ਧੁਰ ਵਿਰੋਧੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਕਾਂਗਰਸ ਛੱਡ ਆਪ ਚ ਸ਼ਾਮਿਲ ਹੋਏ ਰਣਜੀਤ ਰਾਣਾ ਚੋਣ ਮੈਦਾਨ ਵਿੱਚ ਨਿਤਰ ਗਏ ਹਨ। ਇਥੋਂ ਮੁਕਾਬਲਾ ਖਾਸਾ ਦਿਲਚਸਪ ਹੋਵੇਗਾ।

12.ਫਗਵਾੜਾ:ਫਗਵਾੜਾ ਵਿਧਾਨਸਭਾ ਹਲਕੇ ਵਿੱਚ ਭਾਜਪਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਵਿਰੁੱਧ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਚੋਣ ਲੜ ਰਹੇ ਹਨ। ਇਧਰੋਂ ਇਲਾਕੇ ਦੇ ਘਾਗ ਆਗੂ ਮੰਨੇ ਜਾਂਦੇ ਜੋਗਿੰਦਰ ਸਿੰਘ ਮਾਨ ਨੇ ਆਮ ਆਦਮੀ ਪਾ ਰਟੀ ਵੱਲੋਂ ਤਾਲ ਠੋਕ ਦਿੱਤੀ ਹੈ। ਅਜਿਹੇ ਵਿੱਚ ਇਹ ਸੀਟ ਦੋਆਬੇ ਦੀ ਹੌਟ ਸੀਟ ਬਣ ਗਈ ਹੈ।

13.ਗਿੱਦੜਬਾਹਾ:ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਦੀਪ ਸਿੰਘ ਡਿੰਪੀ ਚੋਣ ਮੈਦਾਨ ਵਿੱਚ ਹਨ। ਦੋਵਾਂ ਆਗੂਆਂ ਦਾ ਪੂਰਾ ਫਸਵਾਂ ਮੁਕਾਬਲਾ ਹੈ। ਫਸਵਾਂ ਮੁਕਾਬਲਾ ਇਸ ਕਰਕੇ ਵੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਟਰਾਂਸਪੋਰਟ ’ਤੇ ਕਾਰਵਾਈ ਕਾਰਨ ਬਾਦਲ ਪਰਿਵਾਰ ਵੀ ਵੜਿੰਗ ਨੂੰ ਹਰਾਉਣ ਵਿੱਚ ਪੂਰੀ ਵਾਹ ਲਾਵੇਗਾ।

14.ਆਤਮਨਗਰ:ਆਤਮਨਗਰ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਚੋਣ ਮੈਦਾਨ ਵਿੱਚ ਹਨ। ਇਹ ਸੀਟ ਸੰਵੇਦੀ ਬਣੀ ਹੋਈ ਹੈ। ਦੋ ਵਾਰ ਝਗੜਾ ਹੋ ਚੁੱਕਾ ਹੈ ਤੇ ਗੋਲੀਆਂ ਚੱਲ ਚੁੱਕੀਆਂ ਹਨ ਤੇ ਬੈਂਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਚੁੱਕੀ ਹੈ। ਉਨ੍ਹਾਂ ਨਾਲ ਖਹਿਬਾਜੀ ਕਾਰਨ ਇਸ ਸੀਟ ’ਤੇ ਲੁਧਿਆਣਾ ਜਿਲ੍ਹੇ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

15.ਬਸੀ ਪਠਾਣਾ:ਬਸੀ ਪਠਾਣਾ ਉਹ ਸੀਟ ਹੈ, ਜਿਥੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਆਜਾਦ ਤੌਰ ’ਤੇ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ। ਉਨ੍ਹਾਂ ਦੀ ਉਮੀਦਵਾਰੀ ਕਾਰਨ ਇਥੋਂ ਸਮੀਕਰਣ ਕਾਫੀ ਬਦਲ ਗਏ ਹਨ ਤੇ ਸੀਟ ਇਸ ਕਾਰਨ ਹੌਟ ਬਣੀ ਹੋਈ ਹੈ ਕਿ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਹੋਵੇਗੀ ਕਿ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਕਾਂਗਰਸ ਵਿੱਚ ਰਹਿੰਦਿਆਂ ਆਪਣੇ ਭਰਾ ਦੀ ਮਦਦ ਕਰਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ:Punjab Assembly Election 2022: ਕੀ ਕੈਪਟਨ ਤੇ ਢੀਂਡਸਾ ਲਗਾਉਣਗੇ ਭਾਜਪਾ ਦੀ ਬੇੜੀ ਪਾਰ ?

ETV Bharat Logo

Copyright © 2024 Ushodaya Enterprises Pvt. Ltd., All Rights Reserved.