ETV Bharat / city

ਪਸ਼ੂਆਂ ਵਿੱਚ ਲੰਪੀ ਚਮੜੀ ਰੋਗ ਨਾਲ ਪੰਜਾਬ 'ਚ ਦੁੱਧ ਦਾ ਉਤਪਾਦਨ ਹੋਇਆ ਘੱਟ

author img

By

Published : Aug 9, 2022, 7:54 PM IST

ਲੰਪੀ ਚਮੜੀ ਰੋਗ ਕਾਰਨ ਪੰਜਾਬ 'ਚ ਦੁੱਧ ਦੇ ਉਤਪਾਦਨ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਨੂੰ ਲੈਕੇ ਦੁੱਧ ਉਤਪਾਦਕ ਚਿੰਤਤ ਹਨ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਇਸ ਬੀਮਾਰੀ ਦਾ ਹੱਲ ਕੀਤਾ ਜਾਵੇ।

ਪਸ਼ੂਆਂ 'ਚ ਲੰਪੀ ਚਮੜੀ ਰੋਗ ਨਾਲ ਪੰਜਾਬ 'ਚ ਦੁੱਧ ਦਾ ਉਤਪਾਦਨ ਹੋਇਆ ਘੱਟ
ਪਸ਼ੂਆਂ 'ਚ ਲੰਪੀ ਚਮੜੀ ਰੋਗ ਨਾਲ ਪੰਜਾਬ 'ਚ ਦੁੱਧ ਦਾ ਉਤਪਾਦਨ ਹੋਇਆ ਘੱਟ

ਚੰਡੀਗੜ੍ਹ: ਪਸ਼ੂਆਂ ਵਿੱਚ ਲੰਪੀ ਲਾਗ ਹੁਣ ਦੁੱਧ ਉਤਪਾਦਨ ਨੂੰ ਪ੍ਰਭਾਵਿਤ ਕਰ ਰਹੀ ਹੈ। ਪਸ਼ੂਆਂ ਦੇ ਸੰਕਰਮਿਤ ਹੋਣ ਕਾਰਨ ਸੂਬੇ ਦਾ ਦੁੱਧ ਉਤਪਾਦਨ 15 ਲੱਖ ਲੀਟਰ ਦੇ ਕਰੀਬ ਘੱਟ ਗਿਆ ਹੈ। ਉਤਪਾਦਨ ਘਟਣ ਕਾਰਨ ਦੁੱਧ ਉਤਪਾਦਕਾਂ ਨੂੰ ਹਰ ਰੋਜ਼ ਕਰੀਬ 6 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਪੰਜਾਬ ਵਿੱਚ ਸਥਾਨਕ ਡੇਅਰੀ ਫਾਰਮਾਂ ਅਤੇ ਪੇਂਡੂ ਖੇਤਰਾਂ ਵਿੱਚ ਰੋਜ਼ਾਨਾ 220 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ।

ਕਈ ਸੂਬਿਆਂ 'ਚ ਬੀਮਾਰੀ ਦਾ ਪ੍ਰਕੋਪ: ਇਨ੍ਹੀਂ ਦਿਨੀਂ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਵਿੱਚ ਪਸ਼ੂਆਂ ਵਿੱਚ ਲੰਪੀ ਲਾਗ ਦਾ ਪ੍ਰਕੋਪ ਵੱਧ ਰਿਹਾ ਹੈ। ਪੰਜਾਬ ਵਿੱਚ ਹੁਣ ਤੱਕ 25 ਹਜ਼ਾਰ ਤੋਂ ਵੱਧ ਪਸ਼ੂ ਇਸ ਲਾਗ ਦੀ ਲਪੇਟ ਵਿੱਚ ਆ ਚੁੱਕੇ ਹਨ। 500 ਤੋਂ ਵੱਧ ਸੰਕਰਮਿਤ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਪਸ਼ੂਆਂ ਦੇ ਡਾਕਟਰ ਲਾਗ ਨੂੰ ਲੈ ਕੇ ਬਹੁਤ ਚਿੰਤਤ ਹਨ। ਸੂਬੇ ਦਾ ਦੁੱਧ ਉਤਪਾਦਨ ਵੀ ਇਨਫੈਕਸ਼ਨ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਸੂਬੇ ਦੇ ਕੁੱਲ ਦੁੱਧ ਉਤਪਾਦਨ 'ਚ ਕਰੀਬ ਪੰਜ ਦਿਨਾਂ 'ਚ 5 ਤੋਂ 10 ਫੀਸਦੀ ਦੀ ਗਿਰਾਵਟ ਆਈ ਹੈ।

ਦੁੱਧ ਉਤਪਾਦਕਾਂ ਨੂੰ ਨੁਕਸਾਨ ਦਾ ਖਦਸ਼ਾ: ਮਾਹਿਰਾਂ ਨੇ ਸੂਬੇ ਦੇ ਦੁੱਧ ਉਤਪਾਦਕਾਂ ਨੂੰ ਇਸ ਸੰਕ੍ਰਮਣ 'ਤੇ ਜਲਦੀ ਕਾਬੂ ਨਾ ਪਾਉਣ 'ਤੇ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਨੂੰ ਇਸ ਲਾਗ ਤੋਂ ਬਚਾਉਣ ਲਈ 66666 ਟੀਕੇ ਮੰਗਵਾਏ ਗਏ ਹਨ। ਇਹ ਵੈਕਸੀਨ ਸੋਮਵਾਰ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂਆਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।

ਹੈਰਾਨ ਕਰਨ ਵਾਲੇ ਸਰਕਾਰੀ ਅੰਕੜੇ: ਇਸ ਸਬੰਧੀ ਪਸ਼ੂਆਂ ਦੇ ਡਾਕਟਰ ਅਤੇ ਇਨ੍ਹਾਂ ਨਾਲ ਸਬੰਧਤ ਮਾਮਲਿਆਂ ਦੇ ਮਾਹਿਰ ਡਾਕਟਰ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲਗਭਗ 50 ਫੀਸਦੀ ਦੁੱਧ ਗਾਵਾਂ ਤੋਂ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਾਵਾਂ ਇਸ ਤੋਂ ਜਿਆਦਾ ਪ੍ਰਭਾਵਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ 40% ਤੱਕ ਜਾਨਵਰ ਪ੍ਰਭਾਵਿਤ ਹੋਏ ਹਨ। ਜੇਕਰ ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ 20% ਤੱਕ ਪਸ਼ੂ ਇਸ ਤੋਂ ਪ੍ਰਭਾਵਿਤ ਹੋਏ ਹਨ। ਯਾਨੀ ਕਿ ਸਰਕਾਰੀ ਅੰਕੜੇ ਵੀ ਕਹਿ ਰਹੇ ਹਨ ਕਿ ਹਰ ਪੰਜਵਾਂ ਜਾਨਵਰਾਂ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਦੁੱਧ ਦੀ ਪੈਦਾਵਾਰ ’ਤੇ ਮਾੜਾ ਅਸਰ ਪਿਆ ਹੈ। ਇਸ ਕਾਰਨ ਦੁੱਧ ਦੀ ਪੈਦਾਵਾਰ ਇੱਕ ਤਿਹਾਈ ਰਹਿ ਗਈ ਹੈ।

ਦੁੱਧ ਉਤਪਾਦਨ 'ਚ ਗਿਰਾਵਟ: ਸਰਕਾਰੀ ਅੰਕੜਿਆਂ ਅਨੁਸਾਰ ਦੁੱਧ ਦੇ ਉਤਪਾਦਨ ਵਿੱਚ 10 ਤੋਂ 20% ਦੀ ਗਿਰਾਵਟ ਆਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕੁਝ ਦਿਨਾਂ ਦਾ ਅਸਰ ਨਹੀਂ ਹੈ, ਕਿਉਂਕਿ ਪਸ਼ੂਆਂ ਨੂੰ ਟੀਕਾਕਰਨ ਅਤੇ ਠੀਕ ਹੋਣ ਵਿੱਚ ਸਮਾਂ ਲੱਗੇਗਾ, ਜਿਸ ਕਾਰਨ ਅਗਲੇ ਇੱਕ-ਦੋ ਮਹੀਨਿਆਂ ਤੱਕ ਦੁੱਧ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੀਮਾਰੀ ਪਿਛਲੇ 1 ਸਾਲ ਤੋਂ ਪੂਰਬੀ ਅਤੇ ਦੱਖਣੀ ਭਾਰਤ ਵਿੱਚ ਚੱਲ ਰਹੀ ਹੈ ਅਤੇ ਸਾਰੀਆਂ ਸਰਕਾਰਾਂ ਨੇ ਟੀਕਾਕਰਨ ਵਿੱਚ ਦੇਰੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਨੂੰ ਉੱਥੇ ਹੀ ਰੋਕਿਆ ਜਾਣਾ ਚਾਹੀਦਾ ਸੀ।

3.5 ਲੱਖ ਕਿਸਾਨ ਕਰਦੇ ਨੇ ਦੁੱਧ ਦਾ ਉਤਪਾਦਨ: ਪੰਜਾਬ ਵਿੱਚ ਇਸ ਸਮੇਂ ਕਰੀਬ 6000 ਡੇਅਰੀ ਫਾਰਮ ਚੱਲ ਰਹੇ ਹਨ। 3.5 ਲੱਖ ਕਿਸਾਨ ਡੇਅਰੀ ਫਾਰਮਾਂ ਨਾਲ ਜੁੜੇ ਹੋਏ ਹਨ। ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ 6 ਫੀਸਦੀ ਤੋਂ ਵੱਧ ਹੈ। 2012 ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਪਸ਼ੂ ਦੁੱਧ ਉਤਪਾਦਨ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਜੋ ਉਤਪਾਦਨ 2012 ਵਿੱਚ 3.51 ਕਿਲੋ ਪ੍ਰਤੀ ਪਸ਼ੂ ਸੀ, ਹੁਣ ਵਧ ਕੇ 5.27 ਕਿਲੋ ਹੋ ਗਿਆ ਹੈ।

ਸਰਕਾਰ ਜਲਦੀ ਕਰੇ ਕੋਈ ਹੱਲ: ਇਸ ਸਬੰਧੀ ਦੋਧੀ ਡੇਅਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਵ ਗਜਿੰਦਰ ਸਿੰਘ ਦਾ ਕਹਿਣਾ ਕਿ ਦੇਸ਼ ਦੇ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੈ। ਸੂਬੇ ਸਮੇਤ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਦੁੱਧ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਇਨ੍ਹੀਂ ਦਿਨੀਂ ਹੋਏ ਨੁਕਸਾਨ ਦੀ ਭਰਪਾਈ ਕਰੇ। ਜਲਦ ਹੀ ਦੋਧੀ ਡੇਅਰੀ ਯੂਨੀਅਨ ਇਸ ਮੰਗ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਨੂੰ ਮਿਲੇਗੀ।

ਸਰਕਾਰ ਵਲੋਂ ਉਪਰਲਾੇ ਤੇਜ਼: ਉਧਰ ਇਸ ਸਬੰਧੀ ਪਸ਼ੂ ਪਾਲਣ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਪਸ਼ੂਆਂ ਨੂੰ ਲੰਪੀ ਚਮੜੀ ਦੀ ਬਿਮਾਰੀ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। 1,67,000 ਦੀ ਇੱਕ ਹੋਰ ਖੇਪ ਅਤੇ ਗੋਟਪੌਕਸ ਦਵਾਈ ਦੀਆਂ ਖੁਰਾਕਾਂ 9 ਅਗਸਤ ਨੂੰ ਅਹਿਮਦਾਬਾਦ ਤੋਂ ਹਵਾਈ ਮਾਰਗ ਰਾਹੀਂ ਪੰਜਾਬ ਪਹੁੰਚੇਗੀ। ਸਰਕਾਰ ਪਸ਼ੂ ਮਾਲਕਾਂ ਨਾਲ ਖੜ੍ਹੀ ਹੈ।

ਹਰਿਆਣਾ ਹੋਇਆ ਚੌਕਸ: ਉਧਰ ਇਸ ਸਬੰਧੀ ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਦੱਸਿਆ ਕਿ ਪਸ਼ੂਆਂ ਵਿੱਚ ਲੰਪੀ ਸਕਿਨ ਡਿਜ਼ੀਜ਼ ਦੀ ਰੋਕਥਾਮ ਲਈ 5 ਲੱਖ ਟੀਕੇ ਮੰਗਵਾਏ ਗਏ ਹਨ ਅਤੇ ਇਹ ਟੀਕੇ ਅੱਜ ਸ਼ਾਮ ਤੱਕ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਪਸ਼ੂਆਂ ਵਿੱਚ ਤੁਰੰਤ ਟੀਕਾਕਰਨ ਲਈ ਏਅਰਲਿਫਟ ਰਾਹੀਂ ਲਿਆਂਦੀ ਜਾ ਰਹੀ ਹੈ ਤਾਂ ਜੋ ਪਸ਼ੂ ਮਾਲਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਐਡਵਾਈਜ਼ਰੀ ਜਾਰੀ ਕੀਤੀ: ਉਨ੍ਹਾਂ ਕਿਹਾ ਕਿ ਵਿਭਾਗ ਇਸ ਬਿਮਾਰੀ ਦੀ ਰੋਕਥਾਮ ਲਈ ਚਿੰਤਤ ਹੈ ਕਿਉਂਕਿ ਇਹ ਇੱਕ ਵਾਇਰਲ ਬਿਮਾਰੀ ਹੈ ਅਤੇ ਇਸ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦੇ ਮੁਕਾਬਲੇ ਹਰਿਆਣਾ ਵਿੱਚ ਇਹ ਬਿਮਾਰੀ ਘੱਟ ਫੈਲੀ ਹੈ ਅਤੇ ਅਸੀਂ ਇਸ ਬਿਮਾਰੀ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਸ਼ੂਆਂ ਦਾ ਆਉਣਾ-ਜਾਣਾ ਬੰਦ ਕੀਤਾ ਜਾਵੇ, ਪਸ਼ੂ ਮੇਲਾ ਬੰਦ ਕੀਤਾ ਜਾਵੇ, ਮੱਛਰ-ਮੱਖੀ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।

ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼: ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿਰਸਾ ਵਿੱਚ ਵੀਐਲਡੀਏ ਦੀ ਤਾਇਨਾਤੀ ਦਾ ਸਬੰਧ ਹੈ, ਇਹ ਇੱਕ ਔਨਲਾਈਨ ਪ੍ਰਕਿਰਿਆ ਹੈ, ਫਿਰ ਵੀ ਵੈਟਰਨਰੀ ਡਾਕਟਰ/ਵੀਐਲਡੀਏ ਉੱਥੇ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਬਿਮਾਰੀ ਦੀ ਰੋਕਥਾਮ ਲਈ ਛਿੜਕਾਅ ਅਤੇ ਫੋਗਿੰਗ ਕਰਵਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਦੋ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.