ETV Bharat / bharat

Wrestlers Protest: ਦਿੱਲੀ ਪੁਲਿਸ ਨੇ ਕਜ਼ਾਕਿਸਤਾਨ, ਮੰਗੋਲੀਆ ਅਤੇ ਇੰਡੋਨੇਸ਼ੀਆ ਦੇ ਕੁਸ਼ਤੀ ਫੈਡਰੇਸ਼ਨਾਂ ਤੋਂ ਮੰਗੀਆਂ ਸੀਸੀਟੀਵੀ ਫੁਟੇਜ ਅਤੇ ਫੋਟੋਆਂ

author img

By

Published : Jun 12, 2023, 2:28 PM IST

Wrestlers Protest
Wrestlers Protest

ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਕਜ਼ਾਕਿਸਤਾਨ, ਮੰਗੋਲੀਆ ਅਤੇ ਇੰਡੋਨੇਸ਼ੀਆ ਦੇ ਕੁਸ਼ਤੀ ਫੈਡਰੇਸ਼ਨਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਇਨ੍ਹਾਂ ਦੇਸ਼ਾਂ ਦੇ ਕੁਸ਼ਤੀ ਫੈਡਰੇਸ਼ਨਾਂ ਤੋਂ ਉਨ੍ਹਾਂ ਦੇ ਸਮਾਗਮਾਂ ਦੌਰਾਨ ਸ਼ੂਟ ਕੀਤੀਆਂ ਵੀਡੀਓ, ਸੀਸੀਟੀਵੀ ਫੁਟੇਜ ਅਤੇ ਫੋਟੋਆਂ ਮੰਗੀਆਂ ਹਨ।

ਨਵੀਂ ਦਿੱਲੀ: ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਤਿੰਨ ਦੇਸ਼ਾਂ ਤੋਂ ਸਹਿਯੋਗ ਮੰਗਿਆ ਹੈ। ਦਿੱਲੀ ਪੁਲਿਸ ਨੇ ਕਜ਼ਾਕਿਸਤਾਨ, ਮੰਗੋਲੀਆ ਅਤੇ ਇੰਡੋਨੇਸ਼ੀਆ ਦੇ ਕੁਸ਼ਤੀ ਫੈਡਰੇਸ਼ਨਾਂ ਨੂੰ ਨੋਟਿਸ ਭੇਜ ਕੇ ਈਵੈਂਟ ਦੌਰਾਨ ਵੀਡੀਓ, ਸੀਸੀਟੀਵੀ ਫੁਟੇਜ ਅਤੇ ਫੋਟੋਆਂ ਮੰਗੀਆਂ ਹਨ। ਮਹਿਲਾ ਪਹਿਲਵਾਨਾਂ ਨੇ ਇਨ੍ਹਾਂ ਦੇਸ਼ਾਂ 'ਚ ਆਯੋਜਿਤ ਸਮਾਗਮਾਂ ਦੌਰਾਨ ਸੰਸਦ ਮੈਂਬਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਦਿੱਲੀ ਪੁਲੀਸ ਨੇ 15 ਜੂਨ ਤੱਕ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨੀ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਨੇ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ ਲਈ ਇਹ ਪਹਿਲ ਕੀਤੀ ਹੈ।

ਭੂਸ਼ਣ ਉੱਤੇ ਲੱਗੇ ਇਲਜ਼ਾਮ: ਇੱਕ ਪਹਿਲਵਾਨ ਨੇ ਸਾਲ 2022 ਵਿੱਚ ਮੰਗੋਲੀਆ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਉੱਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਇੱਕ ਹੋਰ ਪਹਿਲਵਾਨ ਨੇ ਸਾਲ 2016 ਵਿੱਚ ਮੰਗੋਲੀਆ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਛੇੜਛਾੜ ਦਾ ਇਲਜ਼ਾਮ ਲਾਇਆ ਹੈ। ਤੀਜੇ ਪਹਿਲਵਾਨ ਨੇ ਸਿੰਘ 'ਤੇ ਸਾਲ 2018 'ਚ ਇੰਡੋਨੇਸ਼ੀਆ 'ਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਛੇੜਛਾੜ ਦਾ ਇਲਜ਼ਾਮ ਲਗਾਇਆ ਹੈ। ਤੀਜੇ ਪਹਿਲਵਾਨ ਨੇ ਹੀ ਉਸ 'ਤੇ ਕਜ਼ਾਕਿਸਤਾਨ 'ਚ ਵੀ ਛੇੜਛਾੜ ਕਰਨ ਦਾ ਇਲਜ਼ਾਮ ਲਗਾਇਆ ਹੈ।

ਦਿੱਲੀ ਪੁਲਿਸ ਇਸ ਮਾਮਲੇ ਵਿੱਚ 15 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਕਰ ਰਹੀ ਹੈ। ਮਾਮਲੇ 'ਚ ਦਿੱਲੀ ਪੁਲਿਸ ਨੇ ਇਲਜ਼ਾਮ ਲਗਾਉਣ ਵਾਲੀਆਂ ਸਾਰੀਆਂ ਖਿਡਾਰਨਾਂ ਤੋਂ ਇਲਾਵਾ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ, ਕੋਚਾਂ ਅਤੇ ਰੈਫਰੀ ਸਮੇਤ 230 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਸੰਸਦ ਮੈਂਬਰ ਦੇ ਸਾਥੀਆਂ, ਯੂਨੀਅਨ ਦੇ ਅਹੁਦੇਦਾਰਾਂ ਅਤੇ ਦਫ਼ਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਬਿਆਨ ਵੀ ਲਏ ਹਨ।

ਪਹਿਲਵਾਨਾਂ ਦਾ 15 ਜੂਨ ਤੱਕ ਦਾ ਅਲਟੀਮੇਟਮ: ਸ਼ਨੀਵਾਰ ਨੂੰ ਸੋਨੀਪਤ ਵਿੱਚ ਪਹਿਲਵਾਨਾਂ ਦੀ ਮਹਾਪੰਚਾਇਤ ਹੋਈ। ਇਸ ਵਿੱਚ ਪਹਿਲਵਾਨਾਂ ਨੇ ਆਪਣੇ ਸਮਰਥਕਾਂ ਨੂੰ ਬੁਲਾਇਆ ਸੀ। ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਹਾਪੰਚਾਇਤ 'ਚ ਚਰਚਾ ਕੀਤੀ ਗਈ। ਪਹਿਲਵਾਨਾਂ ਨੇ ਦੱਸਿਆ ਕਿ ਸਰਕਾਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਹੈ। ਬਜਰੰਗ ਪੂਨੀਆ, ਸਾਕਸ਼ੀ ਮਲਿਕ, ਸਤਿਆਵਰਤ ਕਾਦਿਆਨ ਅਤੇ ਵਿਨੇਸ਼ ਫੋਗਾਟ ਦੇ ਪਤੀ ਸੋਮਵੀਰ ਰਾਠੀ ਵੀ ਮਹਾਪੰਚਾਇਤ 'ਚ ਹਿੱਸਾ ਲੈਣ ਪਹੁੰਚੇ। ਬਜਰੰਗ ਪੁਨੀਆ ਨੇ ਮਹਾਪੰਚਾਇਤ ਦੇ ਸਾਹਮਣੇ ਕਿਹਾ, ਇਹ ਬ੍ਰਿਜਭੂਸ਼ਣ ਨਾਲ ਮੇਰੀ ਨਿੱਜੀ ਲੜਾਈ ਨਹੀਂ ਹੈ। ਇਹ ਲੜਾਈ ਭੈਣਾਂ/ਧੀਆਂ ਦੀ ਇੱਜ਼ਤ ਲਈ ਹੈ। ਅਸੀਂ 15 ਜੂਨ ਤੱਕ ਇੰਤਜ਼ਾਰ ਕਰਾਂਗੇ। ਸਾਡਾ ਅੰਦੋਲਨ ਖ਼ਤਮ ਨਹੀਂ ਹੋਇਆ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ, ਤਾਂ ਅਸੀਂ 15 ਜੂਨ ਤੋਂ ਬਾਅਦ ਜੰਤਰ-ਮੰਤਰ ਵਿਖੇ ਆਪਣਾ ਧਰਨਾ ਦੁਬਾਰਾ ਸ਼ੁਰੂ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.