ETV Bharat / bharat

Canada Travel Advisory: ਕੈਨੇਡਾ ਨੇ ਭਾਰਤ ਲਈ ਜਾਰੀ ਕੀਤੀ ਐਡਵਾਈਜ਼ਰੀ, ਨਾਗਰਿਕਾਂ ਨੂੰ ਕਿਹਾ ਨਾ ਜਾਣ ਜੰਮੂ-ਕਸ਼ਮੀਰ

author img

By ETV Bharat Punjabi Team

Published : Sep 20, 2023, 9:13 AM IST

ਕੈਨੇਡਾ ਨੇ ਸੋਮਵਾਰ ਨੂੰ ਇਕ ਭਾਰਤੀ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਉਨ੍ਹਾਂ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਭਾਰਤ ਛੱਡਣ ਦੇ ਆਦੇਸ਼ ਜਾਰੀ ਕੀਤੇ। ਹੁਣ ਕੈਨੇਡਾ ਨੇ ਭਾਰਤ ਦੀ ਯਾਤਰਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। (Canada Travel Advisory)

Canada Travel Advisory
Canada Travel Advisory

ਓਟਾਵਾ: ਕੈਨੇਡਾ ਸਰਕਾਰ ਨੇ ਭਾਰਤ ਦੀ ਯਾਤਰਾ ਨੂੰ ਲੈ ਕੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਦੌਰਾਨ 'ਉੱਚ ਪੱਧਰੀ ਸਾਵਧਾਨੀ ਵਰਤਣ' ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਅਤੇ ਕੈਨੇਡਾ ਵਿਚਾਲੇ ਡਿਪਲੋਮੈਟਿਕ ਡੈੱਡਲਾਕ ਬਣ ਗਿਆ ਸੀ।

ਇਸ ਤੋਂ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਖਾਲਿਸਤਾਨੀ ਆਗੂ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਕੈਨੇਡਾ ਛੱਡਣ ਲਈ ਕਿਹਾ ਸੀ। ਜਿਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਹਾਈ ਕਮਿਸ਼ਨਰ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਦੋਸ਼ ਲਗਾਉਂਦੇ ਹੋਏ ਆਪਣੇ ਇੱਕ ਸੀਨੀਅਰ ਡਿਪਲੋਮੈਟ ਨੂੰ ਕੱਢਣ ਲਈ ਵੀ ਸੂਚਿਤ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਕਿਹਾ ਕਿ ਸਬੰਧਤ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ ਦੇਸ਼ ਛੱਡਣਾ ਹੋਵੇਗਾ।

ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਕਤਲ ਮਾਮਲਾ: ਇਹ ਸਾਰਾ ਟਕਰਾਅ ਉਸ ਸਮੇਂ ਖੜਾ ਹੋ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਭਾਰਤ ਦੇ ਡਿਪਲੋਮੈਟ ਨੂੰ ਆਪਣੇ ਨਾਗਰਿਕ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਥਿਤ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ 'ਤੇ ਭਾਰਤ ਸਰਕਾਰ ਨਾਲ ਵੀ ਗੱਲ ਕੀਤੀ ਹੈ। ਹੁਣ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਨੂੰ ਲੈ ਕੇ ਜਾਰੀ ਕੀਤੀ ਇੱਕ ਨਵੀਂ ਐਡਵਾਈਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ।

ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਬਚਣ ਦੀ ਸਲਾਹ: ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉੱਥੇ ਸੁਰੱਖਿਆ ਨੂੰ ਲੈਕੇ ਉਹ ਖਤਰੇ 'ਚ ਹਨ। ਕੈਨੇਡੀਅਨ ਸਰਕਾਰ ਨੇ ਇਕ ਤਰ੍ਹਾਂ ਨਾਲ ਜੰਮੂ-ਕਸ਼ਮੀਰ ਦੀ ਅੰਦਰੂਨੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਿਹਾ ਹੈ ਕਿ ਉਥੇ ਅੱਤਵਾਦ, ਕੱਟੜਪੰਥ, ਨਾਗਰਿਕ ਅਸ਼ਾਂਤੀ ਅਤੇ ਅਗਵਾ ਹੋਣ ਦਾ ਖਤਰਾ ਹੈ। ਹਾਲਾਂਕਿ, ਇਸ ਸਲਾਹ ਵਿੱਚ ਭਾਰਤ ਦੇ ਕਿਸੇ ਹੋਰ ਰਾਜ ਦੀ ਯਾਤਰਾ ਸ਼ਾਮਲ ਨਹੀਂ ਹੈ, ਸਗੋਂ ਜੰਮੂ-ਕਸ਼ਮੀਰ ਦੇ ਗੁਆਂਢੀ ਲੱਦਾਖ ਦੀ ਯਾਤਰਾ ਸ਼ਾਮਲ ਹੈ। ਕੈਨੇਡੀਅਨ ਸਰਕਾਰ ਨੇ ਨਾਗਰਿਕਾਂ ਨੂੰ ਭਾਰਤ ਵਿੱਚ ਇਕੱਠੇ ਹੋਣ ਅਤੇ ਪ੍ਰਦਰਸ਼ਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ: ਸੋਮਵਾਰ ਨੂੰ ਸੰਸਦ ਵਿੱਚ ਭਾਰਤੀ ਡਿਪਲੋਮੈਟ 'ਤੇ ਦੋਸ਼ ਲਗਾਉਣ ਤੋਂ ਬਾਅਦ, ਕੈਨੇਡੀਅਨ ਪੀਐਮ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਕੈਨੇਡੀਅਨ ਪੀਐਮ ਨੇ ਮੰਗਲਵਾਰ ਨੂੰ ਓਟਾਵਾ ਵਿੱਚ ਪੂਰੀ ਸਥਿਤੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਕੋਈ ਵਿਵਾਦ ਜਾਂ ਟਕਰਾਅ ਪੈਦਾ ਨਹੀਂ ਕਰ ਰਹੇ ਹਾਂ। ਜਾਂਚ ਦੌਰਾਨ ਜੋ ਤੱਥ ਸਾਡੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਹੀ ਅੱਗੇ ਰੱਖਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡੀਅਨ ਪੀਐਮ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਜਿਵੇਂ ਅਸੀਂ ਲੈ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.