ETV Bharat / bharat

Flood News : ਹੜ੍ਹਾਂ ਤੋਂ ਨਹੀਂ ਮਿਲੀ ਰਾਹਤ ! ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਾਰੀ ਯੈਲੋ ਅਲਰਟ

author img

By

Published : Jul 14, 2023, 10:39 AM IST

Updated : Jul 14, 2023, 12:08 PM IST

ਦੇਸ਼ ਭਰ ਵਿੱਚ ਭਾਰੀ ਬਰਸਾਤ ਕਾਰਨ ਪੰਜਾਬ, ਹਿਮਾਚਲ ਤੇ ਉਤਰਾਖੰਡ ਆਦਿ ਦੇ ਵੱਖ ਵੱਖ ਹਿੱਸਿਆਂ ਵਿੱਚ ਤਬਾਹੀ ਮਚੀ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਣੇ ਲਾਹੌਲ-ਸਪੀਤੀ ਅਤੇ ਪਾਕਿਸਤਾਨ ਤੱਕ ਅਜਿਹੇ ਹਾਲਾਤ ਹਨ ਕਿ ਲੋਕ ਚਿੰਤਾ ਵਿੱਚ ਹਨ। ਉੱਥੇ ਹੀ, ਫਿਲਹਾਲ ਬਰਸਾਤ ਤੋਂ ਮਿਲੀ ਰਾਹਤ ਵਿਚਾਲੇ ਵੀ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।

No relief from flood, yellow alert issued in 5 districts of Punjab including Himachal
Flood News : ਹੜ੍ਹ ਤੋਂ ਨਹੀਂ ਮਿਲੀ ਰਾਹਤ,ਹਿਮਾਚਲ ਸਣੇ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਜਾਰੀ ਯੈਲੋ ਅਲਰਟ

ਚੰਡੀਗੜ੍ਹ : ਬੀਤੇ ਕੁਝ ਦਿਨਾਂ ਤੋਂ ਪੰਜਾਬ ਭਰ ਵਿੱਚ ਆਏ ਹੜ੍ਹ ਲੋਕਾਂ ਦਾ ਜਨ ਜੀਵਨ ਅਸਤ ਵਿਅਸਤ ਕਰ ਕੇ ਚਲੇ ਗਏ। ਪਰ, ਅਜੇ ਵੀ ਹੜ੍ਹਾਂ ਦਾ ਇਹ ਖਤਰਾ ਟਲਿਆ ਨਹੀਂ ਹੈ। ਹੜਾਂ ਤੋਂ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ। ਪੰਜਾਬ ਵਿੱਚ ਵੱਖ ਵੱਖ ਥਾਂਵਾ ਉੱਤੇ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਦਾ ਅਸਰ ਸਰਹੱਦੀ ਪਿੰਡਾਂ ਤੱਕ ਪਹੁੰਚ ਗਿਆ। ਜਿੱਥੇ ਭਾਵੇਂ ਹੀ ਪਾਣੀ ਦਾ ਪੱਧਰ ਦਰੁਸਤ ਹੋਣਾ ਸ਼ੁਰੂ ਹੋ ਗਿਆ ਹੈ ਉਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਦਿੱਤਾ ਹੈ। ਜਿਸ ਨੇ ਲੋਕਾਂ ਦੀ ਚਿੰਤਾ ਨੂੰ ਮੁੜ੍ਹ ਤੋਂ ਵਧਾ ਦਿੱਤਾ ਹੈ। ਖਤਰੇ ਦੇ ਨਿਸ਼ਾਨ ਹੇਠਾਂ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਸ਼ਹਿਰ ਹਨ। ਇਹਨਾਂ ਸ਼ਹਿਰਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਫਿਰੋਜ਼ਪੁਰ ਹਲਾਤਾਂ ਦਾ ਜਾਇਜ਼ਾ ਲੈਣ ਜਾਣਗੇ ਮੁੱਖ ਮੰਤਰੀ ਮਾਨ: ਉਥੇ ਹੀ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੀ, ਤਾਂ ਹਿਮਾਚਲ ਵਿੱਚ ਵੀ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਲਈ ਯੈਲੋ ਅਲਰਟ ਐਲਾਨ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਰਸਾਤ ਆਮ ਹੁੰਦੀ ਹੈ ਤਾਂ ਸਭ ਕੁਝ ਕਾਬੂ ਵਿੱਚ ਰਹੇਗਾ। ਪਰ ਜੇਕਰ ਬਾਰਿਸ਼ ਇੱਕ ਵਾਰ ਫਿਰ ਹੋਈ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਤਾਂ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇੱਕ ਵਾਰ ਫਿਰ ਹਾਲਾਤ ਖਰਾਬ ਹੋ ਸਕਦੇ ਹਨ। ਉਥੇ ਹੀ, ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦੌਰੇ 'ਤੇ ਜਾ ਰਹੇ ਹਨ। ਉਹ ਸਵੇਰੇ ਕਰੀਬ 11 ਵਜੇ ਫਿਰੋਜ਼ਪੁਰ ਪਹੁੰਚਣਗੇ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਪਿਛਲੇ ਦੋ ਦਿਨਾਂ ਤੋਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਪਾਣੀ ਦਾ ਪੱਧਰ ਅਜੇ ਵੀ ਉੱਥੇ ਹੀ ਹੈ। ਫ਼ਿਰੋਜ਼ਪੁਰ ਦੇ ਪਿੰਡ ਢੱਕਾ ਬੱਸੀ ਵਿੱਚ ਕਰੀਬ 25 ਘਰ ਢਹਿ ਗਏ ਹਨ। ਅੱਜ ਪਿੰਡ ਵਾਸੀ ਸੀਐਮ ਭਗਵੰਤ ਮਾਨ ਤੋਂ ਆਪਣੀ ਸਮੱਸਿਆ ਦੇ ਹੱਲ ਦੀ ਮੰਗ ਕਰ ਸਕਦੇ ਹਨ।

ਭਾਖੜਾ ਡੈਮ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ : ਦੱਸਣਯੋਗ ਹੈ ਕਿ ਜੋ ਹਾਲਤ ਪੰਜ ਵਿੱਚ ਹੜ੍ਹ ਤੋਂ ਬਾਅਦ ਬਣੇ ਹੋਏ ਹਨ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਲੋਕ ਚਿੰਤਤ ਹਨ ਅਤੇ ਸੂਬਾ ਸਰਕਾਰ ਵੱਲੋਂ ਵੀ ਇਨ੍ਹਾਂ ਹਲਾਤਾਂ ਨੂੰ ਦੇਖਦੇ ਉਚਿਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਗੱਲ ਕੀਤੀ ਜਾਵੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੀ ਤਾਂ ਵੀਰਵਾਰ ਨੂੰ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਪਿਛਲੇ ਸਮੇਂ ਦੇ ਮੁਕਾਬਲੇ ਹੋਰ ਵੀ ਤੇਜ਼ੀ ਨਾਲ ਵਧ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਖੜਾ ਡੈਮ ਮੈਨੇਜਮੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦੀ ਵੱਧ ਤੋਂ ਵੱਧ ਸਟੋਰੇਜ ਸਮਰੱਥਾ 1680 ਫੁੱਟ ਹੈ, ਪਰ ਫਲੱਡ ਗੇਟ 1645 ਫੁੱਟ ’ਤੇ ਖੋਲ੍ਹੇ ਗਏ ਹਨ। ਜੇਕਰ ਪਾਣੀ ਦਾ ਪੱਧਰ 1645 ਤੋਂ ਪਾਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਅਤੇ ਪਾਣੀ ਦੇ ਇਨਪੁਟ ਦੇ ਆਧਾਰ 'ਤੇ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ 'ਤੇ ਪਵੇਗਾ।

ਪਾਕਿਸਤਾਨ ਵਿੱਚ ਹੜ੍ਹ ਦੇ ਹਾਲਾਤ : ਜਿਥੇ ਹਿਮਾਚਲ ਅਤੇ ਪੰਜਾਬ ਵਿੱਚ ਹੜ੍ਹ ਦੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਲੋਕਾਂ ਦੀ ਸਥਿਤੀ ਬੇਹਾਲ ਹੋਈ ਹੈ ਉਥੇ ਹੀ ਗਵਾਂਢੀ ਮੁਲਕ ਪਾਕਿਸਤਾਨ 'ਚ ਸਥਿਤ ਪੰਜਾਬ 'ਚ ਵੀ ਤਬਾਹੀ ਮਚਾਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਅਤੇ ਨਾਰੋਵਾਲ ਜ਼ਿਲ੍ਹਿਆਂ ਵਿੱਚ ਭਾਰੀ ਹੜ੍ਹ ਆ ਰਹੇ ਹਨ। ਪਰ, ਬਾਵਜੂਦ ਇਸ ਦੇ ਪਾਕਿਸਤਾਨ ਵੱਲੋਂ ਸਹਿਯੋਗ ਦਿੰਦੇ ਹੋਏ ਮੇਨ 6 ਗੇਟ ਖੋਲ੍ਹੇ ਗਏ, ਤਾਂ ਜੋ ਹੜ੍ਹ ਦੀ ਸਥਿਤੀ ਤੋਂ ਭਾਰਤ ਨੂੰ ਰਾਹਤ ਮਿਲ ਸਕੇ। ਉਥੇ ਹੀ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਕਰੀਬ 7000 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਪਾਕਿਸਤਾਨ ਦੀਆਂ ਬਚਾਅ ਟੀਮਾਂ ਨੇ ਨਾਰੋਵਾਲ ਅਤੇ ਕਸੂਰ ਖੇਤਰਾਂ ਤੋਂ 1122 ਲੋਕਾਂ ਨੂੰ ਬਚਾਇਆ ਹੈ।

ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਹੋ ਚੁੱਕੀ ਹੈ: ਜੇਕਰ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਦੇ ਹਾਲਾਤਾਂ ਬਾਰੇ ਜਾਣੀਏ ਤਾਂ ਚੰਦਰਾਤਲ ਵਿਖੇ 18 ਘੰਟਿਆਂ ਦੀ ਕਾਰਵਾਈ ਦੌਰਾਨ 293 ਸੈਲਾਨੀਆਂ ਨੂੰ ਬਚਾਇਆ ਗਿਆ, ਜਦਕਿ ਸਾਂਗਲਾ ਵਿਖੇ ਫਸੇ 118 ਨੂੰ ਵੀ ਬਚਾਇਆ ਗਿਆ। ਕੁੱਲੂ ਵਿੱਚ 10,000 ਲੋਕ ਅਜੇ ਵੀ ਫਸੇ ਹੋਏ ਹਨ। 24 ਜੂਨ ਤੋਂ ਸੂਬੇ 'ਚ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। 1000 ਰਸਤੇ ਅਜੇ ਵੀ ਬੰਦ ਹਨ। 14 ਜੁਲਾਈ ਤੋਂ 5 ਦਿਨਾਂ ਤੱਕ ਭਾਰੀ ਮੀਂਹ ਦਾ ਰੈੱਡ ਅਲਰਟ ਹੈ। ਜਦੋਂ ਕਿ ਪੰਜਾਬ ਵਿੱਚ ਪਟਿਆਲਾ, ਸੰਗਰੂਰ ਸਮੇਤ 14 ਜ਼ਿਲ੍ਹਿਆਂ ਦੇ 1159 ਪਿੰਡ ਪ੍ਰਭਾਵਿਤ ਹੋਏ ਹਨ।

16 ਜੁਲਾਈ ਤੱਕ ਛੁੱਟੀਆਂ ਦਾ ਐਲਾਨ : ਸਰਕਾਰ ਨੇ 479 ਪਿੰਡਾਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਪੰਜਾਬ ਵਿੱਚ 24 ਘੰਟਿਆਂ ਵਿੱਚ 9 ਮੌਤਾਂ ਹੋਈਆਂ ਹਨ। ਹੁਣ ਤੱਕ 17 ਮੌਤਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 16 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਰਿਆਣਾ ਵਿੱਚ ਵੀ 11 ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ। ਹਰਿਆਣਾ ਵਿੱਚ 6 ਨਦੀਆਂ, 2 ਨਹਿਰਾਂ ਅਤੇ ਕਈ ਵੱਡੇ ਨਾਲੇ ਓਵਰਫਲੋਅ ਹੋਣ ਅਤੇ ਬੰਨ੍ਹ ਟੁੱਟਣ ਕਾਰਨ ਤਬਾਹੀ ਮਚਾ ਰਹੇ ਹਨ। ਹੜ੍ਹ ਦਾ ਪਾਣੀ 854 ਪਿੰਡਾਂ ਵਿੱਚ ਪਹੁੰਚ ਗਿਆ ਹੈ। 5.08 ਲੱਖ ਏਕੜ ਫਸਲ ਪਾਣੀ ਦੀ ਮਾਰ ਹੇਠ ਹੈ।

Last Updated : Jul 14, 2023, 12:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.