ETV Bharat / bharat

ਮੁਜ਼ੱਫਰਨਗਰ: ਕਿਸਾਨ ਮਹਾਪੰਚਾਇਤ ’ਚ ਲਏ ਗਏ ਵੱਡੇ ਫੈਸਲੇ

author img

By

Published : Sep 5, 2021, 12:19 PM IST

Updated : Sep 5, 2021, 4:54 PM IST

ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ
ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ

16:51 September 05

27 ਸਤੰਬਰ ਨੂੰ ਭਾਰਤ ਬੰਦ

ਉਥੇ ਹੀ ਕਿਸਾਨ ਮਹਾਪੰਚਾਇਤ ਵਿੱਚ ਫੈਸਲਾ ਲਿਆ ਗਿਆ ਹੈ ਕਿ 25 ਦੀ ਬਜਾਏ ਹੁਣ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ ਤੇ ਹਰ ਸੂਬੇ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਦਰਸ਼ਨ ਕੀਤਾ ਜਾਵੇਗਾ।

16:26 September 05

ਅਦਾਕਾਰਾ ਸੋਨੀਆ ਮਾਨ ਦੀ ਲਲਕਾਰ

ਕਿਸਾਨ ਮਹਾਪੰਚਾਇਤ ’ਚ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਵੀ ਸ਼ਮੂਲੀਅਤ ਕੀਤੀ। ਮੰਚ ਤੋਂ ਸੰਬੋਧਨ ਕਰਦੇ ਹੋਏ ਸੋਨੀਆ ਮਾਨ ਨੇ ਕਿਹਾ ਕਿ ਅੱਜ ਮੁਜ਼ੱਫਰਨਗਰ ਦੀ ਧਰਤੀ ’ਤੇ ਕਿਸਾਨਾਂ ਦਾ ਵੱਡਾ ਇਕੱਠ ਹੋ ਰਿਹਾ ਹੈ। ਸੋਨੀਆ ਮਾਨ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਦੀ ਧੱਕਾ-ਸ਼ਾਹੀ ਅਤੇ ਅੱਤਿਆਚਾਰ ਵੇਖਦੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ। 

ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਪਿਛਲੇ ਇਕ ਸਾਲ ਤੋਂ ਬਾਰਡਰਾਂ ’ਤੇ ਹੈ ਪਰ ਆਰ. ਐੱਸ. ਐੱਸ. ਅਤੇ ਭਾਜਪਾ ਸਰਕਾਰ ’ਤੇ ਜੂੰ ਨਹੀਂ ਸਿਰਕ ਰਹੀ। ਪਿਛਲੇ ਦਿਨੀਂ ਹਰਿਆਣਾ ’ਚ ਕਿਸਾਨਾਂ ਨਾਲ ਗੰਦਾ ਸਲੂਕ ਕੀਤਾ ਗਿਆ, ਉਹ ਵੀ ਭਾਜਪਾ ਦੇ ਅੰਡਰ ਆਉਂਦਾ ਹੈ। ਅਸੀਂ ਭਾਜਪਾ ਦਾ ਬਾਇਕਾਟ ਕਰਦੇ ਹਾਂ, ਇਸ ਸਾਲ ਦੀਆਂ 2022 ਦੀਆਂ ਚੋਣਾਂ ’ਚ ਤੁਸੀਂ ਆਰ. ਐੱਸ. ਐੱਸ. ਦਾ ਵਿਰੋਧ ਕਰੋ, ਹਰ ਕੋਈ ਧਰਮ ਸਿਖਾਉਂਦਾ ਹੈ, ਇਨਸਾਨੀਅਤ ਨਾ ਕਿ ਦੰਗਾ-ਫਸਾਦ। ਸਾਡਾ ਕਿਸਾਨ ਅੰਦੋਲਨ ਸਿਖਾਉਂਦਾ ਹੈ ਏਕਤਾ, ਕਿਸਾਨ ਏਕਤਾ ਜ਼ਿੰਦਾਬਾਦ।

16:12 September 05

ਕਾਨੂੰਨ ਰੱਦ ਕਰਵਾਕੇ ਹੀ ਪਿੱਛੇ ਮੁੜਾਂਗੇ: ਰਾਜੇਵਾਲ

ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸਾਰਾ ਦੇਸ਼ ਸੰਕਟ ’ਚ ਹੈ। ਜੋ ਆਦਮੀ ਸਖ਼ਤ ਮਿਹਨਤ ਕਰਦਾ ਹੈ, ਉਹ ਭੁੱਖਾ ਮਰ ਰਿਹਾ ਹੈ। ਜੋ ਆਦਮੀ ਏ.ਸੀ. ’ਚ ਬੈਠਾ ਹੈ, ਕਾਰਪੋਰੇਟ ਹਾਊਸ ਚਲਾਉਂਦਾ ਹੈ, ਦੇਸ਼ ਦੀ ਸਾਰੀ ਦੌਲਤ ਉਸ ਵੱਲ ਧੱਕੇ ਨਾਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਮੁਸਲਮਾਨ ਦਾ ਨਾਮ ਲੈ ਕੇ ਭਾਜਪਾ ਸੱਤਾ ’ਚ ਆ ਗਈ ਹੈ। ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਵੀ ਕਾਰਪੋਰੇਟ ਹਾਊਸ ਸਾਹਮਣੇ ਪਰੋਸ ਦਿੱਤਾ ਹੈ। ਰਾਜੇਵਾਲ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਅਸੀਂ 11 ਵਾਰ ਬਹਿਸ ਕੀਤੀ ਪਰ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। 

14:20 September 05

ਕਰਨਾਲ ਐਸ.ਡੀ.ਐਮ 'ਤੇ ਹੋਵੇ ਕਾਰਵਾਈ: ਰਾਜੇਵਾਲ

ਇਸ ਦੇ ਨਾਲ ਹੀ ਬਲਬੀਰ ਰਾਜੇਵਾਲ ਵਲੋਂ ਕਰਨਾਲ ਲਾਠੀਚਾਰਜ ਨੂੰ ਲੈਕੇ ਐਸ.ਡੀ.ਐਮ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ  ਤਾਂ 7 ਸਤੰਬਰ ਨੂੰ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

14:10 September 05

ਬਲਬੀਰ ਰਾਜੇਵਾਲ ਵਲੋਂ ਕੀਤਾ ਗਿਆ ਸੰਬੋਧਨ

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਅੰਦੋਲਨ ਨੂੰ ਕਈ ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

13:40 September 05

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਸ਼ਾਮਲ

ਕਿਸਾਨ ਮਹਾਪੰਚਾਇਤ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ ਹਨ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਰੁਲਦੂ ਸਿੰਘ ਮਾਨਸਾ, ਦਰਸ਼ਨਪਾਲ ਅਤੇ ਹੋਰ ਕਈ ਕਿਸਾਨ ਆਗੂ ਮੌਜੂਦ ਹਨ।

13:06 September 05

ਰਾਕੇਸ਼ ਟਿਕੈਤ ਵੀ ਮੰਚ 'ਤੇ ਮੌਜੂਦ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਮਹਾਪੰਚਾਇਤ 'ਚ ਪਹੁੰਚੇ ਹਨ। ਉਨ੍ਹਾਂ ਦਾ ਕਾਫਲਾ ਕਰੀਬ ਸਾਢੇ 11 ਵਜੇ ਮੁਜ਼ੱਫਰਨਗਰ ਪਹੁੰਚਿਆ ਸੀ। ਹੁਣ ਟਿਕੈਤ ਸਟੇਜ ਤੇ ਪਹੁੰਚ ਚੁੱਕੇ ਹਨ ਅਤੇ ਕੁਝ ਸਮੇਂ ਵਿੱਚ ਕਿਸਾਨਾਂ ਨੂੰ ਸੰਬੋਧਿਤ ਵੀ ਕਰਨਗੇ।

13:06 September 05

ਹਰਿਆਣਾ ਦੇ ਜੀਂਦ ਤੋਂ ਪੈਦਲ ਪਹੁੰਚਿਆ ਜਥਾ

ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦੀ ਇੱਕ ਟੀਮ ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਪੈਦਲ ਪਹੁੰਚੀ ਹੈ। ਇਸ ਪਾਰਟੀ ਦੇ ਸਾਰੇ ਲੋਕ ਮਹਾਂ ਪੁਰਸ਼ਾਂ ਦਾ ਰੈਪ ਧਾਰ ਕੇ ਆਏ ਹਨ। ਕੁਝ ਮਹਾਤਮਾ ਗਾਂਧੀ, ਕੁਝ ਨੇਤਾ ਜੀ ਸੁਭਾਸ਼ ਚੰਦਰ ਬੋਸ, ਅਤੇ ਕੁਝ ਸਰਦਾਰ ਭਗਤ ਸਿੰਘ ਦੇ ਪਹਿਰਾਵੇ ਵਿੱਚ ਦਿਖਾਈ ਦੇ ਰਹੇ ਹਨ। ਇਸ ਮੌਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪਹਿਰਾਵੇ 'ਚ ਆਏ ਵਿਅਕਤੀ ਨੇ ਕਿਹਾ ਕਿ ਸਰਕਾਰ ਨੂੰ ਹੁਣ ਕਿਸਾਨਾਂ ਦੀ ਗੱਲ ਸਮਝਣੀ ਚਾਹੀਦੀ ਹੈ। ਅਸੀਂ ਅਹਿੰਸਕ ਢੰਗ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ।

12:40 September 05

ਮਹਿਲਾਵਾਂ ਵੀ ਕਰ ਰਹੀਆਂ ਸ਼ਮੂਲੀਅਤ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ 5 ਸਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਕਿਸਾਨ ਪਹੁੰਚ ਰਹੇ ਹਨ। ਕਿਸਾਨਾਂ ਦੇ ਨਾਲ -ਨਾਲ ਮਹਿਲਾਵਾਂ ਵੀ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਲਈ ਪਹੁੰਚੀਆਂ ਹਨ।

11:59 September 05

ਕਿਸਾਨਾਂ ਵਲੋਂ ਕੀਤੀ ਜਾ ਰਹੀ ਮਹਾਪੰਚਾਇਤ

ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਅੱਜ 5 ਸਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਹੈ। ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਕਿਸਾਨ ਇੱਥੇ ਪਹੁੰਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਤਿੰਨਾਂ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਨ।  

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਸਰਕਾਰ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਨੁਕਸਾਨ ਸਹਿਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਤੋਂ ਵੱਖ -ਵੱਖ ਕਿਸਾਨ ਸੰਗਠਨਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਹਨ। ਜਿਸ ਵਿੱਚ ਮਹਿਲਾਵਾਂ ਵੀ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।

Last Updated :Sep 5, 2021, 4:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.