ETV Bharat / bharat

ਪੰਜਾਬ ’ਤੇ ਮੰਡਰਾ ਰਿਹੈ ਖ਼ਤਰਾ ! ਜਾਣੋ ਕਿਉਂ...

author img

By

Published : Aug 11, 2021, 11:37 AM IST

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਾਂ, ਬੱਸਾਂ ਤੇ ਹਿੰਦੂ ਮੰਦਿਰਾਂ, ਪ੍ਰਮੁੱਖ ਕਿਸਾਨ ਆਗੂਆਂ (ਅਜਿਹੇ ਪੰਜ ਕਿਸਾਨ ਆਗੂਆਂ ਬਾਰੇ ਠੋਸ ਜਾਣਕਾਰੀ ਮਿਲੀ ਸੀ ਪ੍ਰੰਤੂ ਉਨ੍ਹਾਂ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ), ਪੰਜਾਬ ਨਾਲ ਸਬੰਧਤ ਆਰ.ਐਸ.ਐਸ. ਸ਼ਾਖਾਵਾਂ/ਦਫਤਰਾਂ, ਆਰ.ਐਸ.ਐਸ./ਭਾਜਪਾ/ਸ਼ਿਵ ਸੈਨਾ ਆਗੂਆਂ, ਡੇਰਿਆਂ, ਨਿਰੰਕਾਰੀ ਭਵਨਾਂ ਤੇ ਸਮਾਗਮਾਂ ਸਣੇ ਵਿਅਕਤੀ ਅਤੇ ਇਕੱਠਾਂ ਉਤੇ ਸੰਭਾਵਿਤ ਖਤਰਾ ਹੈ। ਜਾਣੋ ਪੂਰੀ ਖ਼ਬਰ...

ਪੰਜਾਬ ’ਤੇ ਮੰਡਰਾ ਰਿਹੈ ਖ਼ਤਰਾ
ਪੰਜਾਬ ’ਤੇ ਮੰਡਰਾ ਰਿਹੈ ਖ਼ਤਰਾ

ਚੰਡੀਗੜ੍ਹ: ਜਿਵੇਂ-ਜਿਵੇਂ 15 ਅਗਸਤ ਨੇੜੇ ਆ ਰਹੀ ਹੈ ਉਵੇਂ ਹੀ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਵਿਚਾਲੇ ਕਿਸਾਨਾਂ ਵੱਲੋਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖ਼ਤਰੇ ਨੂੰ ਦੇਖਦਿਆਂ ਕੇਂਦਰ ਕੋਲੋ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜੋ: Alert ! ਟਾਰਗੇਟ 'ਤੇ ਪੰਜਾਬ ਦੇ 5 ਵੱਡੇ ਕਿਸਾਨ ਆਗੂ

ਕੈਪਟਨ ਨੇ ਕੇਂਦਰ ਅੱਗੇ ਰੱਖੀ ਮੰਗ

ਸਰਹੱਦ ਪਾਰ ਤੋਂ ਸੂਬੇ ਦੀ ਸੁਰੱਖਿਆ ਨੂੰ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 25 ਕੰਪਨੀਆਂ ਅਤੇ ਬੀ.ਐਸ.ਐਫ. ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਨ ਤੁਰੰਤ ਮੰਗੇ ਹਨ।

ਪੰਜਾਬ ਨੂੰ ਖ਼ਤਰਾ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਆਈ.ਐਸ.ਆਈ. ਦੀਆਂ ਵਧਦੀਆਂ ਸਰਗਰਮੀਆਂ ਨਾਲ ਸੂਬੇ ਵਿੱਚ ਹਾਲੀਆ ਸਮੇਂ ਵਿੱਚ ਹਥਿਆਰਾਂ, ਹੱਥ ਗੋਲਿਆਂ ਅਤੇ ਆਈ.ਈ.ਡੀਜ਼ ਦੀ ਵੱਡੀ ਪੱਧਰ 'ਤੇ ਘੁਸਪੈਠ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਸੁਰੱਖਿਆ ਦੀ ਸਥਿਤੀ ਬਹੁਤ ਭਿਆਨਕ ਹੈ ਜਿਸ ਲਈ ਕੇਂਦਰ ਨੂੰ ਤੁਰੰਤ ਦਖਲ ਦੇਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਤੇ ਮੋਗਾ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਮੰਗ ਕਰਦਿਆਂ ਨਾਲ ਹੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਲਈ ਡਰੋਨਾਂ ਨੂੰ ਨਸ਼ਟ ਕਰਨ ਵਾਲੇ ਉਪਕਰਨ ਮੰਗੇ ਹਨ। ਉਨ੍ਹਾਂ ਅਹਿਮ ਬੁਨਿਆਦੀ ਢਾਂਚੇ/ਥਾਵਾਂ ਅਤੇ ਜਨਤਕ ਮੀਟਿੰਗਾਂ/ਸਮਾਗਮਾਂ ਜਿਨ੍ਹਾਂ ਵਿੱਚ ਵੱਡੇ ਖਤਰੇ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਸ਼ਮੂਲੀਅਤ ਕਰਦੇ ਹਨ, ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੱਤਾ।

ਟਾਰਗੇਟ 'ਤੇ ਪੰਜਾਬ ਦੇ 5 ਵੱਡੇ ਕਿਸਾਨ ਆਗੂ

ਕੇਂਦਰੀ ਅਤੇ ਸੂਬਾਈ ਏਜੰਸੀਆਂ ਵੱਲੋਂ ਮਿਲੇ ਵੇਰਵਿਆਂ ਅਤੇ ਗ੍ਰਿਫਤਾਰ ਕੀਤੇ ਅੱਤਵਾਦੀਆਂ ਵੱਲੋਂ ਮਿਲੇ ਖੁਲਾਸਿਆਂ ਤੋਂ ਹੋਈ ਪੁਸ਼ਟੀ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਾਂ, ਬੱਸਾਂ ਤੇ ਹਿੰਦੂ ਮੰਦਿਰਾਂ, ਪ੍ਰਮੁੱਖ ਕਿਸਾਨ ਆਗੂਆਂ (ਅਜਿਹੇ ਪੰਜ ਕਿਸਾਨ ਆਗੂਆਂ ਬਾਰੇ ਠੋਸ ਜਾਣਕਾਰੀ ਮਿਲੀ ਸੀ ਪ੍ਰੰਤੂ ਉਨ੍ਹਾਂ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ), ਪੰਜਾਬ ਨਾਲ ਸਬੰਧਤ ਆਰ.ਐਸ.ਐਸ. ਸ਼ਾਖਾਵਾਂ/ਦਫਤਰਾਂ, ਆਰ.ਐਸ.ਐਸ./ਭਾਜਪਾ/ਸ਼ਿਵ ਸੈਨਾ ਆਗੂਆਂ, ਡੇਰਿਆਂ, ਨਿਰੰਕਾਰੀ ਭਵਨਾਂ ਤੇ ਸਮਾਗਮਾਂ ਸਣੇ ਵਿਅਕਤੀ ਅਤੇ ਇਕੱਠਾਂ ਉਤੇ ਸੰਭਾਵਿਤ ਖਤਰਾ ਹੈ।

2022 ਦੀਆਂ ਚੋਣਾਂ ਦਾ ਦਿੱਤਾ ਹਵਾਲਾ

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਦੇਸ਼ ਵਿਚਲੀਆਂ ਹੋਰ ਤਾਕਤਾਂ ਵੱਲੋਂ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਸੂਬੇ ਵਿੱਚ ਵੱਡੀ ਮਾਤਰਾ 'ਚ ਹਥਿਆਰ, ਹੱਥ ਗੋਲੇ, ਆਰ.ਡੀ.ਐਕਸ. ਵਿਸਫੋਟਕ, ਡੈਟੋਨੇਟਰ, ਟਾਈਮਰ ਉਪਕਰਨ, ਅਤਿ-ਆਧੁਨਿਕ ਲੈਬਾਰਟਰੀ ਦੁਆਰਾ ਬਣਾਏ ਗਏ ਟਿਫਿਨ ਬੰਬ ਭੇਜੇ ਜਾਣ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ''ਫਰਵਰੀ-ਮਾਰਚ 2022 ਦੌਰਾਨ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਈ.ਐਸ.ਆਈ. ਵੱਲੋਂ ਬਹੁਤ ਸਾਰੇ ਅੱਤਵਾਦੀ ਅਤੇ ਕੱਟੜਪੰਥੀ ਸਰਗਰਮੀਆਂ 'ਤੇ ਅਤਿਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਘਟਨਾਵਾਂ ਹਨ ਜੋ ਸਰਹੱਦੀ ਸੂਬੇ ਅਤੇ ਇਥੋਂ ਦੇ ਲੋਕਾਂ ਲਈ ਸੁਰੱਖਿਆ ਦੇ ਪੱਖ ਤੋਂ ਕਾਫ਼ੀ ਗੰਭੀਰ ਹਨ।''

ਮੌੜ ਬੰਬ ਧਮਾਕਾ ਕਰਵਾਇਆ ਯਾਦ

ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਵਿੱਚ ਆਈ.ਐਸ.ਆਈ. ਦੁਆਰਾ ਆਰ.ਐਸ.ਐਸ./ਸ਼ਿਵ ਸੈਨਾ/ਡੇਰਾ ਆਗੂਆਂ ਅਤੇ ਆਰ.ਐਸ.ਐਸ. ਸ਼ਾਖਾਵਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਉਣ ਬਾਰੇ ਗ੍ਰਹਿ ਮੰਤਰੀ ਨੂੰ ਯਾਦ ਦਿਵਾਇਆ। ਇਸ ਦੇ ਨਾਲ ਹੀ 31 ਜਨਵਰੀ, 2017 ਨੂੰ ਮੌੜ ਬੰਬ ਧਮਾਕਾ ਵੋਟਾਂ ਵਾਲੇ ਦਿਨ ਭਾਵ 4 ਫਰਵਰੀ, 2017 ਤੋਂ ਸਿਰਫ ਤਿੰਨ ਦਿਨ ਪਹਿਲਾਂ ਕੀਤਾ ਗਿਆ ਸੀ।

ਹਥਿਆਰ ਹੋਏ ਬਰਾਮਦ

ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਦੱਸਿਆ ਕਿ 4 ਜੁਲਾਈ ਤੋਂ 8 ਅਗਸਤ, 2021 ਦਰਮਿਆਨ ਵਿਦੇਸ਼ਾਂ ਵਿਚਲੀਆਂ ਖਾਲਿਸਤਾਨ ਪੱਖੀ ਸੰਸਥਾਵਾਂ, ਜੋ ਆਈ.ਐਸ.ਆਈ. ਦੇ ਨਾਲ ਨੇੜਿਓਂ ਤਾਲਮੇਲ ਜ਼ਰੀਏ ਕੰਮ ਕਰ ਰਹੀਆਂ ਸਨ, 30 ਤੋਂ ਵੱਧ ਪਿਸਤੌਲ, ਇੱਕ ਐਮ.ਪੀ.-4 ਰਾਈਫਲ, ਇੱਕ ਏ.ਕੇ.-47 ਰਾਈਫਲ, 35 ਦੇ ਕਰੀਬ ਹੱਥ ਗੋਲੇ, ਆਧੁਨਿਕ ਲੈਬਾਰਟਰੀ ਵਿੱਚ ਤਿਆਰ ਕੀਤਾ ਗਿਆ ਟਿਫਿਨ ਬੰਬ, 6 ਕਿਲੋਗ੍ਰਾਮ ਤੋਂ ਵੱਧ ਆਰ.ਡੀ.ਐਕਸ. ਅਤੇ ਆਈ.ਈ.ਡੀਜ਼ (9 ਡੈਟੋਨੇਟਰ, 1 ਮਲਟੀਪਲ ਟਾਈਮਰ ਡਿਵਾਈਸ ਅਤੇ ਫਿਊਜ਼-ਵਾਇਰ) ਦੇ ਨਿਰਮਾਣ ਲਈ ਵੱਖ-ਵੱਖ ਪੁਰਜ਼ਿਆਂ ਨੂੰ ਸੂਬੇ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਰਹੀਆਂ। ਉਨ੍ਹਾਂ ਅਤਿਮ ਸ਼ਾਹ ਨੂੰ ਅੱਗੇ ਦੱਸਿਆ ਕਿ ਪਿਛਲੇ 35 ਦਿਨਾਂ ਵਿੱਚ ਹਥਿਆਰ, ਹੱਥ ਗੋਲੇ, ਵਿਸਫੋਟਕ ਸਮੱਗਰੀ ਅਤੇ ਆਈ.ਈ.ਡੀਜ਼ ਬਣਾਉਣ ਲਈ ਵੱਖ-ਵੱਖ ਸਮਾਨ ਦੀਆਂ 17 ਸਪਲਾਈਆਂ ਭੇਜੇ ਜਾਣ ਦਾ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਪਤਾ ਚੱਲਿਆ ਹੈ ਜਿਸ ਦਾ ਭਾਵ ਹੈ ਕਿ ਹਥਿਆਰਾਂ/ਹੱਥ ਗੋਲਿਆਂ/ਆਈ.ਈ.ਡੀਜ਼ ਦੀ ਖੇਪ ਜੁਲਾਈ ਵਿੱਚ ਹਰ ਦੂਜੇ ਦਿਨ ਪੰਜਾਬ ਆਧਾਰਤ ਦਹਿਸ਼ਤਗਰਦਾਂ ਨੂੰ ਭੇਜੀ ਗਈ ਸੀ ਅਤੇ ਇਹੀ ਰੁਝਾਨ ਅਗਸਤ ਵਿੱਚ ਵੀ ਜਾਰੀ ਰੱਖਿਆ ਗਿਆ।

ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ PM ਮੋਦੀ ਨਾਲ ਕਰ ਸਕਦੇ ਹਨ ਮੁਲਾਕਾਤ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਆਈ.ਐਸ.ਆਈ. ਅਤੇ ਪਾਕਿਸਤਾਨ ਆਧਾਰਿਤ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੁਆਰਾ ਵਿਕਸਤ ਕੀਤੀ ਗਈ ਵਿਸ਼ਾਲ ਸਮਰੱਥਾ ਅਤੇ ਮੁਹਾਰਤ ਦੇ ਨਤੀਜੇ ਵਜੋਂ ਪ੍ਰਭਾਵਹੀਣ ਹੋ ਗਈ ਹੈ, ਜਿਸ ਦੇ ਸਿੱਟੇ ਵਜੋਂ ਉਹ ਪੰਜਾਬ ਅੰਦਰ ਡਰੋਨ ਰਾਹੀਂ ਆਸਾਨੀ ਨਾਲ ਅਤਿਵਾਦੀ ਗਤੀਵਿਧੀਆਂ ਲਈ ਸਮਾਨ ਅਤੇ ਨਸ਼ੇ ਭੇਜ ਸਕਦੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁੱਦਾ ਰਾਸ਼ਟਰੀ ਸੁਰੱਖਿਆ ਨੂੰ ਗੰਭੀਰ ਚਿੰਤਾ ਵਜੋਂ ਉਭਰਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.