ETV Bharat / state

ਬਰਨਾਲਾ ਵਿਖੇ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਕੀਤੀ ਖੁ਼ਦਕੁਸ਼ੀ - youth committed suicide

author img

By ETV Bharat Punjabi Team

Published : May 1, 2024, 8:53 AM IST

ਨੌਜਵਾਨ ਨੇ ਕੀਤੀ ਖੁ਼ਦਕੁਸ਼ੀ
ਨੌਜਵਾਨ ਨੇ ਕੀਤੀ ਖੁ਼ਦਕੁਸ਼ੀ

ਬਰਨਾਲਾ 'ਚ ਇੱਕ 17 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਪਰਿਵਾਰ ਵਲੋਂ ਗੁਆਂਢੀ 'ਤੇ ਕਤਲ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ, ਜਦਕਿ ਉਸ ਦੀ ਲਾਸ਼ ਘਰ 'ਚ ਹੀ ਛੱਤ ਨਾਲ ਲਟਕਦੀ ਮਿਲੀ ਹੈ।

ਨੌਜਵਾਨ ਨੇ ਕੀਤੀ ਖੁ਼ਦਕੁਸ਼ੀ

ਬਰਨਾਲਾ: ਸ਼ਹਿਰ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਗੁਆਂਢੀ ਉਪਰ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲਗਾਏ ਗਏ ਹਨ। ਜਦਕਿ ਪੁਲਿਸ ਇਸ ਨੂੰ ਨੌਜਵਾਨ ਵਲੋਂ ਖੁਦਕੁਸ਼ੀ ਕੀਤੀ ਦੱਸ ਰਹੀ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਬਰਨਾਲਾ ਵਿਖੇ ਪਹੁੰਚ ਕੇ ਪੁਲਿਸ ਵਿਰੁੱਧ ਰੋਸ ਵੀ ਜ਼ਾਹਰ ਕੀਤਾ। ਇਹ ਮਾਮਲਾ ਬਰਨਾਲਾ ਸ਼ਹਿਰ ਦੇ ਪੱਤੀ ਰੋਡ ਦਾ ਹੈ। ਜਿੱਥੇ ਦੋ ਗੁਆਂਢੀ ਪਰਿਵਾਰਾਂ ਵਿੱਚ ਕੁੱਝ ਮਹੀਨਿਆਂ ਤੋਂ ਤਕਰਾਰਬਾਜ਼ੀ ਚੱਲਦੀ ਆ ਰਹੀ ਸੀ। ਮ੍ਰਿਤਕ ਨੌਜਵਾਨ ਵਲੋਂ ਆਪਣੇ ਗੁਆਂਢੀਆਂ ਦੀ ਕੁੜੀ ਨੂੰ ਫ਼ੋਨ ਕੀਤਾ ਜਾ ਰਿਹਾ ਸੀ, ਜਿਸਦੀ ਸਿਕਾਇਤ ਪੁਲਿਸ ਥਾਣੇ ਵੀ ਆਈ ਸੀ। ਇਸ ਮਾਮਲੇ ਦਾ ਭਾਵੇਂ ਸਮਝੌਤਾ ਹੋ ਗਿਆ ਸੀ, ਪਰ ਰੰਜਿਸ਼ ਜਾਰੀ ਸੀ। ਜਿਸ ਦੇ ਚੱਲਦਿਆਂ ਨੌਜਵਾਨ ਦੀ ਮੌਤ ਹੋਈ ਹੈ।

ਪਰਿਵਾਰ ਨੂੰ ਕਤਲ ਦਾ ਸ਼ੱਕ: ਇਸ ਸਬੰਧੀ ਮ੍ਰਿਤਕ ਦੇ ਪਿਤਾ ਪਿੰਟੂ ਸ਼ਰਮਾ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਗਲਤੀ ਨਾਲ ਗੁਆਂਢੀ ਦੀ ਇਕ ਲੜਕੀ ਨੂੰ ਫੋਨ ਕਰ ਲਿਆ ਸੀ। ਇਸ ਸਬੰਧਤ ਮਾਮਲਾ ਥਾਣੇ ਵੀ ਗਿਆ ਸੀ। ਜਿੱਥੇ ਉਸ ਦੇ ਬੇਟੇ ਨੇ ਵੀ ਆਪਣੀ ਗਲਤੀ ਮੰਨ ਲਈ। ਇਸ ਦੇ ਬਾਵਜੂਦ ਗੁਆਂਢੀ ਨੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਜਦੋਂ ਉਸ ਦਾ ਲੜਕਾ ਸਕੂਲ ਤੋਂ ਆਇਆ ਤਾਂ ਉਹ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਉਹ ਅਤੇ ਉਸਦੀ ਪਤਨੀ ਗੁਆਂਢ ਵਿੱਚ ਕਿਸੇ ਕੰਮ ਲਈ ਗਏ ਹੋਏ ਸਨ। ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਸ ਦੇ ਲੜਕੇ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਰੰਜਿਸ਼ ਕਾਰਨ ਸਾਡੇ ਗੁਆਂਢੀ ਨੇ ਸਾਡੇ ਲੜਕੇ ਦਾ ਕਤਲ ਕਰ ਕੇ ਲਾਸ਼ ਨੂੰ ਛੱਤ ਨਾਲ ਲਟਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇਵੇ।

ਪੁਲਿਸ ਨੇ ਆਖੀ ਕਾਰਵਾਈ ਦੀ ਗੱਲ: ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ 17 ਸਾਲਾ ਨੌਜਵਾਨ ਸ਼ਿਵ ਸ਼ਰਮਾ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਪੜ੍ਹਦਾ ਸੀ। ਗੁਆਂਢੀਆਂ ਦੀ ਲੜਕੀ ਨੂੰ ਫੋਨ ਕਰਨ ਨੂੰ ਲੈ ਕੇ ਉਨ੍ਹਾਂ ਦੇ ਗੁਆਂਢ 'ਚ ਝਗੜਾ ਹੋ ਰਿਹਾ ਸੀ। ਲੜਕੀ ਦੇ ਪਿਤਾ ਨੇ ਮ੍ਰਿਤਕ ਲੜਕੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਇਹ ਨੌਜਵਾਨ ਉਸ ਦੀ ਲੜਕੀ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ 7/51 ਦਾ ਕੇਸ ਦਰਜ ਕਰਕੇ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਵੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਤਿਆਰ ਹੈ। ਜਦਕਿ ਮ੍ਰਿਤਕ ਦਾ ਪਰਿਵਾਰ ਪੋਸਟਮਾਰਟਮ ਅਤੇ ਬਿਆਨ ਦਰਜ ਨਹੀਂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.