ETV Bharat / state

ਖੰਨਾ 'ਚ ਮੁਅੱਤਲ ਬੀਡੀਪੀਓ ਤੋਂ ਵਸੂਲੀ ਜਾਵੇਗੀ 58 ਲੱਖ ਰੁਪਏ ਗਬਨ ਦੀ ਰਕਮ, ਬਲਾਕ ਸੰਮਤੀ ਨੇ ਪਾਸ ਕੀਤਾ ਮਤਾ

author img

By ETV Bharat Punjabi Team

Published : Feb 7, 2024, 7:49 PM IST

ਲੁਧਿਆਣਾ ਦੇ ਖੰਨਾ ਵਿੱਚ ਬਲਾਕ ਸੰਮਤੀ ਮੈਂਬਰਾਂ ਨੇ ਇੱਕ ਅਹਿਮ ਮਤਾ ਪਾਸ ਕੀਤਾ ਹੈ। ਮਤੇ ਵਿੱਚ ਮੁਅੱਤਲ ਬੀਡੀਪੀਓ ਤੋਂ 58 ਲੱਖ ਰੁਪਏ ਗਬਨ ਕੀਤੀ ਗਈ ਰਕਮ ਵਸੂਲਣ ਦੀ ਮੰਗ ਕੀਤੀ ਗਈ ਹੈ।

The embezzlement amount of Rs 58 lakh will be recovered
ਖੰਨਾ 'ਚ ਮੁਅੱਤਲ ਬੀਡੀਪੀਓ ਤੋਂ ਵਸੂਲੀ ਜਾਵੇਗੀ 58 ਲੱਖ ਰੁਪਏ ਗਬਨ ਦੀ ਰਕਮ

ਸਤਨਾਮ ਸਿੰਘ ਸੋਨੀ, ਚੇਅਰਮੈਨ

ਲੁਧਿਆਣਾ: ਖੰਨਾ 'ਚ ਮੁਅੱਤਲ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਕੁਲਵਿੰਦਰ ਸਿੰਘ ਰੰਧਾਵਾ ਤੋਂ ਗਬਨ ਦੇ 58 ਲੱਖ ਰੁਪਏ ਵਸੂਲੇ ਜਾਣਗੇ। ਬੁੱਧਵਾਰ ਨੂੰ ਹੋਈ ਬਲਾਕ ਸੰਮਤੀ ਦੀ ਮੀਟਿੰਗ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਮੁਅੱਤਲ ਕੀਤੇ ਬੀਡੀਪੀਓ ਤੋਂ 58 ਲੱਖ ਰੁਪਏ ਦੀ ਗਬਨ ਰਾਸ਼ੀ ਵਸੂਲਣ ਦੀ ਮੰਗ ਕੀਤੀ ਗਈ। ਜਿਸ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸਾਬਕਾ ਬੀਡੀਪੀਓ ਵੱਲੋਂ 58 ਲੱਖ ਰੁਪਏ ਦੇ ਗਬਨ ਤੋਂ ਬਾਅਦ ਬਲਾਕ ਸੰਮਤੀ ਕੋਲ ਸਟਾਫ਼ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਸਟਾਫ ਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।

ਮਤਾ ਸਰਬਸੰਮਤੀ ਨਾਲ ਪਾਸ : ਮੀਟਿੰਗ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਬਲਾਕ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਮੁਅੱਤਲ ਕੀਤੇ ਬੀ.ਡੀ.ਪੀ.ਓ. ਤੋਂ 58 ਲੱਖ ਰੁਪਏ ਦੀ ਵਸੂਲੀ ਕੀਤੀ ਜਾਵੇ। ਇਸ ਸਬੰਧੀ ਮੌਜੂਦਾ ਬੀਡੀਪੀਓ ਮਹਿੰਦਰ ਸਿੰਘ ਅਗਲੀ ਕਾਰਵਾਈ ਕਰਨਗੇ। ਮਤੇ ਦੀ ਕਾਪੀ ਵਿਭਾਗ ਦੇ ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

ਇੰਝ ਹੋਇਆ ਸੀ ਗਬਨ: ਬੈਂਕ ਐਂਟਰੀਆਂ ਨੇ ਇਸ ਗਬਨ ਦਾ ਪਰਦਾਫਾਸ਼ ਕੀਤਾ ਸੀ। ਬੀਡੀਪੀਓ ਕੁਲਵਿੰਦਰ ਸਿੰਘ ਨੇ ਈਓਪੀਐਸ ਦੇ ਤਿੰਨ ਜਾਅਲੀ ਖਾਤੇ ਖੁਲਵਾਏ ਸਨ। ਇਨ੍ਹਾਂ ਵਿੱਚੋਂ 2 ਅਮਲੋਹ ਅਤੇ 1 ਖੰਨਾ ਵਿਖੇ ਖੋਲ੍ਹਿਆ ਗਿਆ। ਪਿੰਡ ਨਸਰਾਲੀ ਦੀ ਪੰਚਾਇਤ ਦੇ ਕਰੀਬ 40 ਲੱਖ ਰੁਪਏ ਅਤੇ ਬੁੱਲੇਪੁਰ ਪੰਚਾਇਤ ਦੇ 18 ਲੱਖ ਰੁਪਏ ਆਪਣੇ ਚਹੇਤਿਆਂ ਦੀਆਂ ਜਾਅਲੀ ਫਰਮਾਂ ਨੂੰ ਟਰਾਂਸਫਰ ਕਰ ਦਿੱਤੇ ਗਏ। ਜਿਸ ਤੋਂ ਬਾਅਦ ਮਤਾ ਪਾਸ ਕਰਕੇ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਡਾਇਰੈਕਟਰ ਅਤੇ ਡੀ.ਸੀ ਨੂੰ ਇਸਦੀ ਕਾਪੀ ਭੇਜੀ ਗਈ ਸੀ। ਬੀਡੀਪੀਓ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਬੀਡੀਪੀਓ ਕੁਲਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਇਸ ਮਾਮਲੇ ਸਬੰਧੀ ਅਦਾਲਤ ਦਾ ਰੁਖ ਕਰ ਚੁੱਕੇ ਹਨ। ਅਦਾਲਤ ਜੋ ਵੀ ਫੈਸਲਾ ਲਵੇਗੀ ਉਸਨੂੰ ਸਵੀਕਾਰ ਕੀਤਾ ਜਾਵੇਗਾ।


ਪੇਂਡੂ ਵਿਕਾਸ ਬਾਰੇ ਵੀ ਚਰਚਾ: ਇਸ ਤੋਂ ਇਲਾਵਾ ਮੀਟਿੰਗ ਵਿੱਚ ਪੇਂਡੂ ਵਿਕਾਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਚੇਅਰਮੈਨ ਸੋਨੀ ਨੇ ਕਿਹਾ ਕਿ ਕਰੋੜਾਂ ਰੁਪਏ ਨਾਲ ਪਿੰਡਾਂ ਦਾ ਵਿਕਾਸ ਚੱਲ ਰਿਹਾ ਹੈ। ਪੰਚਾਇਤਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਪਿੰਡਾਂ ਵਿੱਚ ਫੰਡ ਉਪਲਬਧ ਹਨ, ਉੱਥੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ। ਪੇਂਡੂ ਵਿਕਾਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.