ETV Bharat / state

ਪੰਜਾਬ 'ਚ ਪ੍ਰਚਾਰ ਲਈ ਜਾਖੜ ਦਾ ਯੂਪੀ CM ਯੋਗੀ ਨੂੰ ਸੱਦਾ, ਪੱਤਰ ਲਿਖ ਆਖੀ ਇਹ ਗੱਲ - Lok Sabha Elections

author img

By ETV Bharat Punjabi Team

Published : May 17, 2024, 1:58 PM IST

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਆਪਣੇ ਪ੍ਰਚਾਰ 'ਚ ਜੁਟੀਆਂ ਹੋਈਆਂ ਹਨ। ਇਸ ਦੇ ਚੱਲਦੇ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੀ ਪਹੁੰਚ ਰਹੇ ਹਨ। ਜਿਸ ਦੇ ਚੱਲਦੇ ਸੁਨੀਲ ਜਾਖੜ ਵਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਪੰਜਾਬ 'ਚ ਪ੍ਰਚਾਰ ਲਈ ਸੱਦਾ ਭੇਜਿਆ ਹੈ।

ਯੋਗੀ ਨੂੰ ਪੰਜਾਬ ‘ਚ ਸੱਦਾ
ਯੋਗੀ ਨੂੰ ਪੰਜਾਬ ‘ਚ ਸੱਦਾ (ETV BHARAT + CANVA)

ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈਕੇ ਵੋਟਿੰਗ ਦੇ ਦਿਨ ਨਜ਼ਦੀਕ ਹਨ ਪਰ ਉਥੇ ਹੀ ਸਿਆਸੀ ਲੀਡਰ ਆਪਣੇ ਪ੍ਰਚਾਰ 'ਚ ਰੁਝੇ ਹੋਏ ਹਨ। ਇਸ ਦੇ ਚੱਲਦੇ ਪਾਰਟੀਆਂ ਦੇ ਸਿਆਸੀ ਦਿੱਗਜ ਵੀ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ। ਜਿਸ ਦੇ ਚੱਲਦੇ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਪੰਜਾਬ ਆਉਣਗੇ।

ਜਾਖੜ ਵਲੋਂ ਯੋਗੀ ਨੂੰ ਲਿਖਿਆ ਪੱਤਰ: ਇਸ ਦੇ ਚੱਲਦਿਆਂ ਭਾਜਪਾ ਵੱਲੋਂ ਤਿੰਨ ਥਾਵਾਂ ’ਤੇ ਚੋਣ ਪ੍ਰਚਾਰ ਲਈ ਰੈਲੀਆਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਜਲੰਧਰ, ਲੁਧਿਆਣਾ ਅਤੇ ਬਟਾਲਾ ਸ਼ਾਮਲ ਹਨ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਪੱਤਰ ਲਿਖ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦਾ ਸਮਾਂ ਮੰਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਕੁਝ ਸਮਾਂ ਪੰਜਾਬ ਨੂੰ ਵੀ ਦਿੱਤਾ ਜਾਵੇ, ਤਾਂ ਜੋ ਚੋਣ ਪ੍ਰਚਾਰ ਤੇਜ਼ ਕੀਤਾ ਜਾ ਸਕੇ।

ਚੋਣ ਰੈਲੀਆਂ 'ਚ ਸ਼ਾਮਲ ਹੋਣ ਲਈ ਸੱਦਾ: ਸੁਨੀਲ ਜਾਖੜ ਨੇ ਪੱਤਰ ਵਿੱਚ ਲਿਖਿਆ ਹੈ ਕਿ ਤੁਹਾਡੀ ਯੋਗਤਾ ਅਤੇ ਕਾਰਜਸ਼ੈਲੀ ਦੇ ਚੱਲਦੇ ਪੰਜਾਬ 'ਚ ਤੁਹਾਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਤੁਹਾਡੀ ਕਾਰਜਸ਼ੈਲੀ ਅਤੇ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਪੰਜਾਬ 'ਚ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਦੇ ਚੱਲਦੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਦੀਆਂ ਚੋਣ ਰੈਲੀਆਂ ਦਾ ਹਿੱਸਾ ਬਣੋ, ਕਿਉਂਕਿ ਤੁਹਾਡੇ ਪੰਜਾਬ ਆਉਣ ਨਾਲ ਪਾਰਟੀ ਦੇ ਚੋਣ ਪ੍ਰਚਾਰ ਨੂੰ ਹੋਰ ਹੁੰਗਾਰਾ ਮਿਲੇਗਾ। ਇਸ ਦੇ ਨਾਲ ਹੀ ਪੱਤਰ 'ਚ ਲਿਖਿਆ ਕਿ ਸਹੂਲਤ ਅਨੁਸਾਰ ਲੁਧਿਆਣਾ ਵਿੱਚ ਹੀ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ।

ਮੋਦੀ ਅਤੇ ਯੋਗੀ ਦਾ ਨਾਂ ਸਭ ਤੋਂ ਉੱਪਰ : ਦੱਸ ਦਈਏ ਕਿ ਦੋ ਦਿਨ ਪਹਿਲਾਂ ਪੰਜਾਬ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸਮੇਤ 40 ਲੋਕਾਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਆਗੂਆਂ ਨੂੰ ਸਹੂਲਤ ਅਨੁਸਾਰ ਭਾਜਪਾ ਵਲੋਂ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੂਬੇ 'ਚ ਪਹਿਲੀ ਵਾਰ ਭਾਜਪਾ 13 ਲੋਕ ਸਭਾ ਸੀਟਾਂ 'ਤੇ ਇਕੱਲੀ ਚੋਣ ਲੜ ਰਹੀ ਹੈ। ਅਜਿਹੇ ਵਿੱਚ ਪਾਰਟੀ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਭਾਜਪਾ ਲੀਡਰਾਂ ਦਾ ਕਿਸਾਨਾਂ ਵਲੋਂ ਵਿਰੋਧ: ਕਾਬਿਲੇਗੌਰ ਹੈ ਕਿ ਇੱਕ ਪਾਸੇ ਭਾਜਪਾ ਪੰਜਾਬ 'ਚ ਆਪਣੇ ਪੈਰ ਜਮਉਣ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ ਤਾਂ ਦੂਜੇ ਪਾਸੇ ਭਾਜਪਾ ਉਮੀਦਵਾਰਾਂ ਨੂੰ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦੇ ਪੰਜਾਬ ਦੇ ਕਈ ਪਿੰਡਾਂ 'ਚ ਕਿਸਾਨਾਂ ਜਥੇਬੰਦੀਆਂ ਵਲੋਂ ਭਾਜਪਾ ਉਮੀਦਵਾਰਾਂ ਜਾਂ ਆਗੂਆਂ ਦੇ ਦਾਖਲ ਹੋਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਜਿਸ 'ਚ ਦੇਖਣਾ ਹੋਵੇਗਾ ਕਿ ਭਾਜਪਾ ਇੰਨ੍ਹਾਂ ਚੋਣਾਂ 'ਚ ਕਿਸ ਤਰ੍ਹਾਂ ਉਭਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.