ETV Bharat / state

ਦਿੱਲੀ ਰਾਮ ਲੀਲਾ ਮੈਦਾਨ 'ਚ SKM ਕਰੇਗਾ ਮਹਾਂਪੰਚਾਇਤ, ਕਿਸਾਨ ਜਥੇਬੰਦੀਆਂ ਨੇ ਕਿਹਾ- ਜੇ ਇਕੱਠੇ ਹੁੰਦੇ ਤਾਂ ਅੰਦੋਲਨ ਹੋਣਾ ਸੀ ਕੁਝ ਹੋਰ

author img

By ETV Bharat Punjabi Team

Published : Mar 3, 2024, 8:13 AM IST

ਦਿੱਲੀ ਰਾਮ ਲੀਲਾ ਮੈਦਾਨ 'ਚ SKM ਕਰੇਗਾ ਮਹਾਂਪੰਚਾਇਤ
ਦਿੱਲੀ ਰਾਮ ਲੀਲਾ ਮੈਦਾਨ 'ਚ SKM ਕਰੇਗਾ ਮਹਾਂਪੰਚਾਇਤ

ਸੰਯੁਕਤ ਕਿਸਾਨ ਮੋਰਚੇ ਵਲੋਂ ਲੁਧਿਆਣਾ 'ਚ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਦਿੱਲੀ 'ਚ ਹੋਣ ਵਾਲੀ ਮਹਾਂਪੰਚਾਇਤ ਨੂੰ ਲੈਕੇ ਚਰਚਾ ਕੀਤੀ ਅਤੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਨੂੰ ਲੈਕੇ ਵੀ ਰਣਨੀਤੀ ਤੈਅ ਕੀਤੀ ਹੈ।

ਕਿਸਾਨ ਆਗੂ ਮਹਾਂਪੰਚਾਇਤ ਅਤੇ ਹੋਰ ਮੁੱਦਿਆਂ 'ਤੇ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ, ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਟਰੇਨਾਂ ਅਤੇ ਬੱਸਾਂ ਰਾਹੀ 14 ਮਾਰਚ ਨੂੰ ਦਿੱਲੀ ਦੇ ਵਿੱਚ ਪਹੁੰਚਣਗੇ ਅਤੇ ਇੱਕ ਵੱਡੀ ਮੀਟਿੰਗ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਨੂੰ ਬਿਨਾਂ ਰੁਕਾਵਟ ਰਾਮ ਲੀਲਾ ਮੈਦਾਨ ਜਾਣ ਦਿੱਤਾ ਜਾਵੇ। ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਬੈਠ ਕੇ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰਨਗੀਆਂ। ਉਹਨਾਂ ਕਿਹਾ ਕਿ ਹਾਈਕੋਰਟ ਨੇ ਵੀ ਸਾਨੂੰ ਕਿਹਾ ਹੈ ਕਿ ਤੁਸੀਂ ਟਰੈਕਟਰ 'ਤੇ ਦਿੱਲੀ ਕਿਉਂ ਜਾ ਰਹੇ ਹੋ, ਤੁਸੀਂ ਟ੍ਰੇਨਾਂ ਜਾਂ ਬੱਸਾਂ ਰਾਹੀ ਵੀ ਜਾ ਸਕਦੇ ਹੋ। ਉਹਨਾਂ ਕਿਹਾ ਕਿ ਹੁਣ ਅਸੀਂ ਹਾਈਕੋਰਟ ਦੇ ਕਹਿਣ ਦੇ ਮੁਤਾਬਿਕ ਹੀ ਚੱਲਾਂਗੇ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੀ 11 ਨੂੰ ਲੁਧਿਆਣਾ ਦੇ ਵਿੱਚ ਇੱਕ ਬੈਠਕ ਹੋਵੇਗੀ। ਉਸ ਦੇ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ।

ਕਿਸਾਨ ਇੱਕਜੁੱਟ ਨਹੀਂ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਇੱਕਜੁੱਟ ਹੁੰਦੇ ਤਾਂ ਅੱਜ ਅੰਦੋਲਨ ਦਾ ਰੂਪ ਕੁਝ ਹੋਰ ਹੋਣਾ ਸੀ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਨਾਂ ਵੱਲੋਂ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਹੈ। ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਸਨ ਅਸੀਂ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦੇ ਮੁੜ ਤੋਂ ਉਹ ਹਾਲਾਤ ਬਣਨ। ਉਹਨਾਂ ਕਿਹਾ ਕਿ ਜੇਕਰ ਅਸੀਂ ਪਹਿਲਾਂ ਹੀ ਇੱਕਜੁੱਟ ਹੋ ਕੇ ਨਾਲ ਦੀਆਂ ਸਟੇਟਾਂ ਦੇ ਕਿਸਾਨਾਂ ਨੂੰ ਲੈ ਕੇ ਚੱਲਦੇ ਤਾਂ ਅੰਦੋਲਨ ਦਾ ਰੂਪ ਕੁਝ ਅੱਜ ਹੋਰ ਹੋਣਾ ਸੀ। ਕਿਸਾਨ ਆਗੂਆਂ ਨੇ ਮੰਨਿਆ ਕਿ ਜਿੰਨਾ ਪਿਛਲਾ ਅੰਦੋਲਨ ਕਾਮਯਾਬ ਸੀ, ਇਹ ਅੰਦੋਲਨ ਨਹੀਂ ਹੋ ਪਾਇਆ। ਕੁਝ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਤੋਂ ਪਹਿਲਾਂ ਸਲਾਹ ਹੀ ਨਹੀਂ ਕੀਤੀ ਗਈ।

ਚੋਣ ਨਹੀਂ ਲੜਨਗੇ ਕਿਸਾਨ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਕੋਈ ਵੀ ਕਿਸਾਨ ਜੋ ਇਸ ਵਕਤ ਐਸਕੇਐਮ ਦੇ ਵਿੱਚ ਸ਼ਾਮਿਲ ਹੈ। ਉਹ ਕਿਸੇ ਵੀ ਤਰ੍ਹਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਚੋਣ ਨਹੀਂ ਲੜਾਂਗੇ, ਸਾਡਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ ਤੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਚੋਣ ਜਾਬਤੇ ਨੂੰ ਲੈ ਕੇ ਵੀ ਅਸੀਂ ਨਹੀਂ ਰੁਕਾਂਗੇ, ਜੇਕਰ ਚੋਣ ਜਾਬਤਾ ਲੱਗਦਾ ਹੈ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੇ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।

6 ਮੈਂਬਰੀ ਕਮੇਟੀ ਦਾ ਗਠਨ: ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇ ਮੈਂਬਰੀ ਕਮੇਟੀ ਦਾ ਇੱਕ ਗਠਨ ਕੀਤਾ ਗਿਆ ਹੈ। ਜਿਨਾਂ ਵੱਲੋਂ ਡੱਲੇਵਾਲ ਨਾਲ ਸੰਬੰਧਿਤ ਪੰਜ ਜਥੇਬੰਦੀਆਂ ਅਤੇ ਪੰਧੇਰ ਨਾਲ ਸੰਬੰਧਿਤ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਤੋਂ ਉਹਨਾਂ ਦੇ ਸੁਝਾਵ ਪੁੱਛੇ ਹਨ ਅਤੇ ਨਾਲ ਹੀ ਉਹਨਾਂ ਨੂੰ ਪੁੱਛਿਆ ਗਿਆ ਹੈ ਕਿ ਜਿਸ ਤਰ੍ਹਾਂ 26 ਜਨਵਰੀ ਨੂੰ ਹਾਲਾਤ ਬਣੇ ਸਨ, ਅਜਿਹੇ ਮੁੜ ਤੋਂ ਨਾ ਬਣਨ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਬਕਾਇਦਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਸਾਡੀਆਂ ਗੱਲਾਂ ਮੰਨਦੇ ਹਨ ਅਤੇ ਸਾਰੀ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਨਾਲ ਚੱਲਦੇ ਹਨ। ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਜਾਵੇਗਾ ਕਿ ਉਹ ਸਾਡੇ ਨਾਲ ਮਿਲ ਕੇ ਅੰਦੋਲਨ ਚਲਾ ਸਕਦੇ ਹਨ। ਪਰ ਉਹਨਾਂ ਨੂੰ ਐਸਕੇਐਮ ਦੇ ਮੁਤਾਬਿਕ ਹੀ ਚੱਲਣਾ ਪਵੇਗਾ।

ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਫੈਸਲਾ: ਕਿਸਾਨ ਆਗੂਆਂ ਨੇ ਇਹ ਵੀ ਮੰਨਿਆ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਵਿੱਚ ਜੋ ਸਾਡੇ ਕਿਸਾਨ ਡਟੇ ਹੋਏ ਹਨ, ਉਹ ਜਿਹੜੀਆਂ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਬਾਰੇ ਉਹ ਹੀ ਆਖਰੀ ਫੈਸਲਾ ਲੈਣਗੀਆਂ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜ਼ਰੂਰ ਸੱਦਾ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਜਾਣ ਲਈ ਬੱਸਾਂ ਅਤੇ ਟ੍ਰੇਨਾਂ ਦਾ ਇਸਤੇਮਾਲ ਕੀਤਾ ਜਾਵੇ। ਉੱਥੇ ਸਾਰੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਅਤੇ ਦੇਸ਼ ਪੱਧਰੀ ਅੰਦੋਲਨ ਫਿਰ ਸ਼ੁਰੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.