ETV Bharat / state

SKM ਗੈਰ ਸਿਆਸੀ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ, ਗ੍ਰਿਫ਼ਤਾਰ ਕੀਤੇ ਕਿਸਾਨ ਛੱਡੋ ਨਹੀਂ ਲਵਾਂਗੇ ਐਕਸ਼ਨ - SKM non political

author img

By ETV Bharat Punjabi Team

Published : Apr 2, 2024, 7:06 PM IST

RELEASE THE ARRESTED FARMERS
RELEASE THE ARRESTED FARMERS

ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਲੋਂ ਮੀਟਿੰਗ ਕਰਕੇ ਸਰਕਾਰ ਨੂੰ 7 ਅਪ੍ਰੈਲ ਤੱਕ ਦੀ ਚਿਤਾਵਨੀ ਦਿੱਤੀ ਗਈ ਹੈ ਕਿ ਗ੍ਰਿਫ਼ਤਾਰ ਕੀਤੇਿ ਕਿਸਾਨਾਂ ਨੂੰ ਛੱਡਿਆ ਜਾਵੇ ਨਹੀਂ ਤਾਂ ਉਨ੍ਹਾਂ ਵਲੋਂ ਰੇਲ ਗੱਡੀਆਂ ਰੋਕੀਆਂ ਜਾਣਗੀਆਂ।

SKM ਗੈਰ ਸਿਆਸੀ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ, ਗ੍ਰਿਫ਼ਤਾਰ ਕੀਤੇ ਕਿਸਾਨ ਛੱਡੋ ਨਹੀਂ ਲਵਾਂਗੇ ਐਕਸ਼ਨ

ਚੰਡੀਗੜ੍ਹ: ਇੱਕ ਪਾਸੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤਾਂ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀਆਂ ਜਥੇਬੰਦੀਆਂ ਵਲੋਂ ਮੀਟਿੰਗ ਕੀਤੀ ਗਈ, ਜਿਸ 'ਚ ਕਿਸਾਨ ਆਗੂ ਜਗਜੀਤ ਡੱਲੇਵਾਲ ਅਤੇ ਸਰਵਨ ਪੰਧੇਰ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਦੋਲਨ ਦੇ ਬਾਵਜੂਦ ਸਰਕਾਰ ਦਮਨਕਾਰੀ ਰਾਹ ਅਖਤਿਆਰ ਕਰ ਰਹੀ ਹੈ, ਜਿਸ ਤਹਿਤ ਕਿਸਾਨਾਂ ਵਿਰੁੱਧ ਫੈਸਲੇ ਲਏ ਜਾ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਕਿ ਇਸ ਸਬੰਧੀ ਬੈਠਕ 'ਚ ਸਰਕਾਰ ਨਾਲ ਗੱਲਬਾਤ ਹੋਈ ਸੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਛੱਡੇ ਜਾਣਗੇ ਪਰ ਇਸ ਦੇ ਬਾਵਜੂਦ ਕਿਸਾਨ ਸਾਥੀ ਜੇਲ੍ਹ 'ਚ ਹੀ ਬੰਦ ਹਨ।

ਪੰਜਾਬ ਦੇ ਇਲਾਕੇ 'ਚ ਕਿਸਾਨਾਂ ਦੀ ਗ੍ਰਿਫ਼ਤਾਰੀ: ਕਿਸਾਨ ਆਗੂਆਂ ਦਾ ਕਹਿਣਾ ਕਿ ਨੌਜਵਾਨ ਕਿਸਾਨ ਨਵਦੀਪ ਅਤੇ ਗੁਰਕੀਰਤ ਨੂੰ ਹਰਿਆਣਾ ਪੁਲਿਸ ਪੰਜਾਬ ਦੇ ਇਲਾਕੇ ਵਿਚੋਂ ਫੜ ਕੇ ਲੈ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਸਰਕਾਰ ਜੇਲ੍ਹ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕਰਨ ਦੀ ਗੱਲ ਕਰ ਰਹੀ ਸੀ ਪਰ ਉਨ੍ਹਾਂ ਨੂੰ ਰਿਹਾਅ ਕਰਨ ਦੀ ਬਜਾਏ ਹੋਰ ਕਿਸਾਨਾਂ ਦੀ ਗ੍ਰਿਫ਼ਤਾਰੀਆਂ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਹਨ।

ਰੇਲਵੇ ਟ੍ਰੈਕ ਕੀਤੇ ਜਾਣਗੇ ਜ਼ਾਮ: ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਕਿ ਸੂਬਾ ਸਰਕਾਰ ਹੁਣ ਮੰਡੀਆਂ ਨੂੰ ਖਤਮ ਕਰਨ ਲਈ ਕੇਂਦਰ ਦੇ ਇਸ਼ਾਰੇ 'ਤੇ ਸਾਈਲੋ ਲਗਾ ਰਿਹਾ ਹੈ। ਹੁਣ 9 ਸਾਈਲੋਜ਼ ਨੂੰ ਮੰਡੀਆਂ ਐਲਾਨਿਆ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਕਿ ਜੇਕਰ ਸਰਕਾਰ ਮੰਡੀਆਂ ਬੰਦ ਕਰਨ ਦਾ ਫੈਸਲਾ ਨਹੀਂ ਲੈਂਦੀ ਅਤੇ ਗ੍ਰਿਫ਼ਤਾਰ ਕੀਤੇ ਸਾਡੇ ਕਿਸਾਨ ਸਾਥੀ ਛੱਡੇ ਨਹੀਂ ਜਾਂਦੇ ਤਾਂ ਮਜ਼ਬੂਰਨ ਸਾਨੂੰ ਐਕਸ਼ਨ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦੇਸ਼ ਭਰ 'ਚ ਭਾਜਪਾ ਦੇ ਪੁਤਲੇ ਸਾੜੇ ਜਾਣਗੇ ਅਤੇ ਨਾਲ ਹੀ ਵੱਡੇ ਮਾਰਚ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਮਜ਼ਬੂਰਨ ਕਿਸਾਨਾਂ ਨੂੰ ਰੇਲ ਦੀਆਂ ਪਟੜੀਆਂ 'ਤੇ ਆਉਣਾ ਪਵੇਗਾ, ਜੋ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਵੀ ਕਰੀਏ।

ਭਾਜਪਾ ਖਿਲਾਫ਼ ਕੀਤਾ ਜਾਵੇਗਾ ਪ੍ਰਚਾਰ: ਇਸ ਦੇ ਨਾਲ ਹੀ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਦੇ ਵੱਡੇ-ਵੱਡੇ ਪੋਸਟਰ ਦੇਸ਼ ਭਰ 'ਚ ਲਗਾਏ ਜਾਣਗੇ ਤਾਂ ਜੋ ਭਾਜਪਾ ਅਤੇ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਸਕੇ ਅਤੇ ਨਾਲ ਹੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਪੰਜਾਬ 'ਚ ਵੀ ਕਿਸਾਨ ਜਥੇਬੰਦੀਆਂ ਵਲੋਂ ਜਾਗ੍ਰਿਤੀ ਯਾਤਰਾ ਕੱਢੀ ਜਾਵੇਗੀ ਅਤੇ ਪੰਜਾਬ ਦੇ ਪਿੰਡਾਂ 'ਚ ਵੀ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ।

ਕੇਂਦਰ ਦੀਆਂ ਨੀਤੀਆਂ 'ਤੇ ਚੱਲੀ ਪੰਜਾਬ ਸਰਕਾਰ: ਉਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਤੋਂ ਕਿਸਾਨਾਂ ਦੀਆਂ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਕੇਂਦਰ ਦਾ ਰਵੱਈਆ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਦਬਾਅ ਹੇਠ ਆ ਕੇ ਕਾਰੋਬਾਰੀਆਂ ਨੂੰ ਖੁਸ਼ ਕਰਨ ਲਈ ਆਮ ਆਦਮੀ ਪਾਰਟੀ ਨੇ ਸਾਈਲੋ ਮਨਜ਼ੂਰ ਕੀਤੇ ਹਨ। ਇਸ ਲਈ ਜੇਕਰ ਸਰਕਾਰ ਚਾਹੁੰਦੀ ਤਾਂ ਇਨਕਾਰ ਵੀ ਕਰ ਸਕਦੀ ਸੀ। ਪਹਿਲਾਂ ਵੀ ਅਜਿਹੇ ਇਲਾਕੇ ਉਜਾੜੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਮੰਡੀਆਂ ਦੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈ ਰਹੀ ਹੈ ਅਤੇ ਇਹ ਸਭ ਕਾਲੇ ਕਾਨੂੰਨਾਂ ਵਿਚ ਲਿਖਿਆ ਗਿਆ ਸੀ, ਜੋ ਹੁਣ ਸਰਕਾਰ ਵਲੋਂ ਉਹ ਹੀ ਗੱਲ ਦੁਹਰਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਰੱਦ ਕੀਤੇ ਕਾਨੂੰਨਾਂ ਨੂੰ ਪੰਜਾਬ ਦੀ ਸਰਕਾਰ ਲਾਗੂ ਕਰ ਰਹੀ ਹੈ।

ਸਰਕਾਰ ਨੂੰ ਐਕਸ਼ਨ ਦੀ ਚਿਤਾਵਨੀ: ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਮੰਡੀ ਫੀਸ ਨਾ ਹੋਣ ਦੇ ਲਾਲਚ ਵਿੱਚ ਆ ਕੇ ਸਾਇਲੋ ਵੱਲ ਨਾ ਜਾਣ, ਕਿਉਂਕਿ ਅੱਜ ਜੋ ਤੁਹਾਨੂੰ ਮੁਨਾਫ਼ੇ ਦਾ ਸੌਦਾ ਲੱਗੇਗਾ, ਉਹ ਹੀ ਭਵਿੱਖ 'ਚ ਖ਼ਤਰਨਾਕ ਹੋ ਸਕਦਾ ਹੈ। ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੀ ਸਰਕਾਰ ਦਾ ਪੁਤਲਾ ਵੀ ਸਾੜਾਂਗੇ ਕਿਉਂਕਿ ਇਸ ਨੇ ਵੀ ਕੇਂਦਰ ਵਰਗੀਆਂ ਨੀਤੀਆਂ ਨੂੰ ਅੱਗੇ ਤੋਰਿਆ ਹੈ ਅਤੇ 7 ਅਪ੍ਰੈਲ ਤੋਂ ਬਾਅਦ ਸ਼ੰਭੂ ਬਾਰਡਰ ਨੇੜੇ ਰੇਲਵੇ ਟ੍ਰੈਕ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਮੰਡੀ ਬੋਰਡ ਦਾ ਨੋਟੀਫਿਕੇਸ਼ਨ ਰੱਦ ਕਰੇ ਅਤੇ ਗ੍ਰਿਫ਼ਤਾਰ ਕੀਤੇ ਹੋਏ ਕਿਸਾਨਾਂ ਨੂੰ 7 ਅਪ੍ਰੈਲ ਤੋਂ ਪਹਿਲਾਂ ਰਿਹਾਅ ਕੀਤਾ ਜਾਵੇ, ਨਹੀਂ ਉਹ ਐਕਸ਼ਨ ਲੈਣ ਲਈ ਮਜ਼ਬੂਰ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.