ਲੁਧਿਆਣਾ: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਤਿੰਨਾਂ ਆਗੂਆਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਇਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜਿਹਨਾਂ ਦੀ ਅੱਜ ਪੇਸ਼ੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸੀ ਆਗੂ ਸ਼ਿਆਮ ਸੁੰਦਰ ਅਰੋੜਾ ਨੂੰ ਵੀ ਜ਼ਮਾਨਤ ਮਿਲ ਗਈ, ਚਾਰੇ ਆਗੂ 3 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਆਉਣਗੇ, ਕੱਲ੍ਹ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਬੀਤੇ ਦਿਨ ਆਗੂਆਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ: ਬੀਤੇ ਦਿਨ ਇਹਨਾਂ ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ ਸੀ, ਇਸੇ ਦੌਰਾਨ ਮੈਡੀਕਲ ਕਰਵਾਉਣ ਆਏ ਦੋਵਾਂ ਹੀ ਆਗੂਆਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ। ਇਸ ਦੌਰਾਨ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਇੰਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ 6 ਮਾਰਚ ਨੂੰ ਮੁੜ ਤੋਂ ਪੇਸ਼ ਕਰਨ ਲਈ ਕਿਹਾ ਸੀ।
ਸਰਕਾਰ ਦੀ ਕਠਪੁਤਲੀ ਬਣੇ ਅਫ਼ਸਰ: ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਉਹਨਾਂ 'ਤੇ ਪਰਚਾ ਹੋਇਆ ਹੈ ਤਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਤਾਲੇ ਲਗਾਏ ਗਏ ਸਨ, ਉਸਦਾ ਹਿਸਾਬ ਕੌਣ ਦੇਵੇਗਾ। ਉਹਨਾਂ ਕਿਹਾ ਕਿ ਅਫਸਰ ਸਾਰੇ ਹੀ ਕਠਪੁਤਲੀ ਸਰਕਾਰ ਦੀ ਬਣੀ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਰਾਘਵ ਚੱਢਾ ਦੇ ਕਹਿਣ 'ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਰਾਘਵ ਚੱਢਾ ਜਿਸ ਨੂੰ ਕਮਿਸ਼ਨਰ ਕਹਿੰਦਾ ਹੈ, ਉਸ ਨੂੰ ਕਮਿਸ਼ਨਰ ਲਗਾਇਆ ਜਾਂਦਾ ਹੈ।