ETV Bharat / state

ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਤੇ ਮੰਤਰੀ ਹਰਜੋਤ ਬੈਂਸ ਪਹੁੰਚੇ ਡੇਰਾ ਬਿਆਸ - Punjab Politicians In Dera

author img

By ETV Bharat Punjabi Team

Published : May 13, 2024, 9:47 AM IST

Updated : May 13, 2024, 10:39 AM IST

Punjab Politicians In Dera: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪਹੁੰਚੇ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੀ ਮੌਜੂਦ ਰਹੇ।

Punjab Politicians In Dera Satsang
Punjab Politicians In Dera Satsang (ਈਟੀਵੀ ਭਾਰਤ (ਬਿਆਸ, ਅੰਮ੍ਰਿਤਸਰ))

ਬਿਆਸ/ਅੰਮ੍ਰਿਤਸਰ: ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਮੁਲਾਕਾਤ ਕੀਤੀ ਗਈ।

ਡੇਰੇ ਪਹੁੰਚਿਆਂ ਕਾਫ਼ਲਾ: ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦਾ ਕਾਫਿਲਾ ਸ਼ਾਮ ਨੂੰ ਕਰੀਬ 4.15 ਮਿੰਟ ਤੇ ਡੇਰਾ ਬਿਆਸ ਅੰਦਰ ਦਾਖਲ ਹੋਇਆ ਜਿਸ ਉਪਰੰਤ ਉਹਨਾਂ ਵੱਲੋਂ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਕਰੀਬ 20 ਤੋਂ 25 ਮਿੰਟ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰੀਬ ਪੌਣਾ ਘੰਟਾ ਡੇਰਾ ਬਿਆਸ ਦੇ ਅੰਦਰ ਸਮਾਂ ਗੁਜਾਰਿਆ ਅਤੇ ਬਾਅਦ ਵਿੱਚ ਡੇਰਾ ਬਿਆਸ ਤੋਂ ਉਨ੍ਹਾਂ ਦਾ ਕਾਫਲਾ ਵਾਪਸ ਰਵਾਨਾ ਹੋ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੁੱਜੇ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਡੇਰਾ ਬਿਆਸ ਵਿੱਚ ਕਰੀਬ ਢਾਈ ਘੰਟੇ ਸਮਾਂ ਗੁਜ਼ਾਰਦੇ ਹੋਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਡੇਰੇ ਦੇ ਵੱਖ-ਵੱਖ ਪ੍ਰਬੰਧਾਂ ਨੂੰ ਵੀ ਦੇਖਿਆ ਗਿਆ।

ਜਸਬੀਰ ਸਿੰਘ ਡਿੰਪਾ ਵੀ ਪਹੁੰਚੇ ਰਾਧਾ ਸੁਆਮੀ ਡੇਰੇ: ਐਤਵਾਰ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਰਹੇ ਜਸਬੀਰ ਸਿੰਘ ਡਿੰਪਾ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ ਹਨ। ਜਿੱਥੇ ਉਨ੍ਹਾਂ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਰੀਬ ਇੱਕ ਘੰਟਾ ਡੇਰਾ ਰਾਧਾ ਸੁਆਮੀ ਸਤਸੰਗ ਦੇ ਮੁਖੀ ਢਿੱਲੋ ਨਾਲ ਗੱਲਬਾਤ ਕੀਤੀ।

ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਲਗਾਤਾਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪਹੁੰਚ ਰਹੇ ਹਨ ਅਤੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੇਸ਼ੱਕ ਲੋਕ ਸਭਾ ਚੋਣਾਂ ਦੇ ਦੌਰਾਨ ਡੇਰੇ ਵੱਡਾ ਵੋਟ ਬੈਂਕ ਮੰਨੇ ਜਾਂਦੇ ਹਨ, ਪਰ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਡੇਰਾ ਬਿਆਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ ਨੋਟ ਜਾਰੀ ਕਰਦਿਆਂ ਜਾਂ ਬਿਆਨ ਜਾਰੀ ਕਰਦਿਆਂ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਵੋਟ ਭੁਗਤਾਉਣ ਦਾ ਐਲਾਨ ਅੱਜ ਤੱਕ ਕਦੇ ਵੀ ਨਹੀਂ ਕੀਤਾ ਗਿਆ ਹੈ।

Last Updated : May 13, 2024, 10:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.