ETV Bharat / state

ਖੰਨਾ 'ਚ ਰੇਲਵੇ ਲਾਈਨਾਂ ਉੱਤੇ ਸ਼ਰਾਬ ਪੀ ਰਹੇ ਲੋਕਾਂ ਉੱਤੇ ਚੜ੍ਹੀ ਰੇਲਗੱਡੀ, ਦੋ ਦੀ ਹੋਈ ਮੌਤ, ਬਾਕੀਆਂ ਨੇ ਭੱਜ ਕੇ ਬਚਾਈ ਜਾਨ - KHANNA TRAIN ACCIDENT DEATHS

author img

By ETV Bharat Punjabi Team

Published : Apr 6, 2024, 6:54 AM IST

People drinking on the railway lines in Khanna were hit by a train and two died
ਖੰਨਾ 'ਚ ਰੇਲਵੇ ਲਾਈਨਾਂ ਉੱਤੇ ਸ਼ਰਾਬ ਪੀ ਰਹੇ ਲੋਕਾਂ ਉੱਤੇ ਚੜ੍ਹੀ ਰੇਲਗੱਡੀ

ਖੰਨਾ ਦੇ ਲਲਹੇੜੀ ਵਿੱਚ 2 ਲੋਕਾਂ ਨੂੰ ਰੇਲਵੇ ਲਾਈਨਾਂ ਉੱਤੇ ਲਾਪਰਵਾਹੀ ਕਰਨੀ ਮਹਿੰਗੀ ਪੈ ਗਈ। ਦਰਅਸਲ ਰੇਲਵੇ ਲਾਈਨਾਂ ਉੱਤੇ ਸ਼ਰਾਬ ਪੀ ਰਹੇ ਦੋ ਲੋਕ ਰੇਲਗੱਡੀ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਦੋ ਦੀ ਹੋਈ ਮੌਤ, ਬਾਕੀਆਂ ਨੇ ਭੱਜ ਕੇ ਬਚਾਈ ਜਾਨ

ਖੰਨਾ (ਲੁਧਿਆਣਾ): ਖੰਨਾ ਦੇ ਲਲਹੇੜੀ ਰੋਡ ਰੇਲਵੇ ਪੁਲ ਨੇੜੇ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਤਿੰਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਹ ਸਾਰੇ ਰੇਲਵੇ ਲਾਈਨਾਂ 'ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਜਦੋਂ ਮਾਲ ਗੱਡੀ ਆ ਗਈ ਤਾਂ ਉਹਨਾਂ ਨੂੰ ਰੇਲਗੱਡੀ ਦਾ ਹਾਰਨ ਜਾਂ ਰਾਹਗੀਰਾਂ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ। ਇਸ ਦੌਰਾਨ ਦੋ ਵਿਅਕਤੀ ਰੇਲਗੱਡੀ ਹੇਠਾਂ ਆ ਗਏ। ਮ੍ਰਿਤਕਾਂ ਦੀ ਪਛਾਣ ਸਤਪਾਲ (58) ਅਤੇ ਪ੍ਰਵੀਨ (38) ਵਾਸੀ ਆਜ਼ਾਦ ਨਗਰ ਖੰਨਾ ਵਜੋਂ ਹੋਈ।

ਸਤਪਾਲ ਮਿਸਤਰੀ ਸੀ ਅਤੇ ਪ੍ਰਵੀਨ ਉਸ ਨਾਲ ਮਜ਼ਦੂਰੀ ਕਰਦਾ ਸੀ। ਦੋਵੇਂ ਇਕੱਠੇ ਕੰਮ ਕਰਦੇ ਸਨ। ਇੱਕੋ ਮੁਹੱਲੇ ਵਿੱਚ ਰਹਿੰਦੇ ਸੀ। ਮ੍ਰਿਤਕ ਪ੍ਰਵੀਨ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਪ੍ਰਵੀਨ ਵੀਰਵਾਰ ਸਵੇਰੇ ਘਰੋਂ ਨਿਕਲਿਆ ਤਾਂ ਵਾਪਸ ਨਹੀਂ ਆਇਆ। ਰਾਤ ਨੂੰ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਅਸੀਂ ਸਤਪਾਲ ਦੇ ਘਰ ਪਤਾ ਕੀਤਾ ਤਾਂ ਉਹ ਵੀ ਨਹੀਂ ਮਿਲਿਆ। ਪਰਿਵਾਰਕ ਮੈਂਬਰ ਸਾਰੀ ਰਾਤ ਉਨ੍ਹਾਂ ਦੀ ਭਾਲ ਕਰਦੇ ਰਹੇ।

ਦੋ ਦੀ ਹੋਈ ਮੌਤ: ਸ਼ੁੱਕਰਵਾਰ ਸਵੇਰੇ ਰੇਲਵੇ ਲਾਈਨਾਂ ਨੇੜੇ ਪਤਾ ਲੱਗਾ ਕਿ ਬੀਤੀ ਰਾਤ ਦੋ ਵਿਅਕਤੀ ਰੇਲਗੱਡੀ ਹੇਠ ਆ ਗਏ ਸਨ। ਜਦੋਂ ਉਹਨਾਂ ਨੇ ਰੇਲਵੇ ਪੁਲੀਸ ਕੋਲ ਜਾ ਕੇ ਪੁੱਛਗਿੱਛ ਕੀਤੀ ਤਾਂ ਫੋਟੋ ਤੋਂ ਦੋਵਾਂ ਦੀ ਪਛਾਣ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਰੇਲਵੇ ਲਾਈਨ 'ਤੇ ਕੁਝ ਲੋਕ ਸ਼ਰਾਬ ਪੀ ਰਹੇ ਸਨ। ਇਹ ਸਾਰੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ (ਡੀਐਫਸੀਸੀ) ਲਾਈਨ 'ਤੇ ਬੈਠੇ ਸਨ, ਜੋ ਮਾਲ ਗੱਡੀਆਂ ਲਈ ਸਪੈਸ਼ਲ ਲਾਈਨ ਹੈ। ਉਦੋਂ ਹੀ ਇਕ ਮਾਲ ਗੱਡੀ ਆਈ ਅਤੇ ਦੋ ਜਣੇ ਇਸਦੀ ਲਪੇਟ 'ਚ ਆ ਗਏ। ਬਾਕੀ ਤਿੰਨ ਆਪਣੀ ਜਾਨ ਬਚਾਉਣ ਲਈ ਭੱਜ ਗਏ।



ਹਾਦਸੇ ਦੀ ਜਾਂਚ ਸ਼ੁਰੂ: ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਰਾਹਗੀਰ ਨੇ ਰੇਲਵੇ ਪੁਲਿਸ ਨੂੰ ਟਰੈਕ ’ਤੇ ਦੋ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਦਿੱਤੀ ਸੀ। ਅਣਗਹਿਲੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਸਬੰਧੀ ਥਾਣਾ ਨਵਾਂ ਖੰਨਾ ਦੇ ਕਿਸੇ ਅਧਿਕਾਰੀ ਨੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਜਦੋਂ ਕਿ ਅਜਿਹੇ ਹਾਦਸਿਆਂ ਵਿੱਚ ਰੇਲ ਗੱਡੀ ਦਾ ਡਰਾਈਵਰ ਜਾਂ ਗਾਰਡ ਸਬੰਧਤ ਸਟੇਸ਼ਨ ਮਾਸਟਰ ਨੂੰ ਸੂਚਿਤ ਕਰਦਾ ਹੈ ਅਤੇ ਫਿਰ ਸਟੇਸ਼ਨ ਮਾਸਟਰ ਇੱਕ ਮੀਮੋ ਰਾਹੀਂ ਰੇਲਵੇ ਪੁਲਿਸ ਨੂੰ ਸੂਚਿਤ ਕਰਦਾ ਹੈ। ਇਸ ਦੇ ਬਾਵਜੂਦ ਜੀਆਰਪੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਡਿਊਟੀ ਨਿਭਾਈ। ਦੋਵਾਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੀ ਪਛਾਣ ਸ਼ੁੱਕਰਵਾਰ ਸਵੇਰੇ ਹੀ ਹੋਈ। ਰੇਲਵੇ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.