ETV Bharat / state

ਸਰਹੱਦੀ ਇਲਾਕਿਆਂ 'ਚ ਪਾਕਿ ਤੋਂ ਆਈ ਹੈਰੋਇਨ ਮਿਲਣ ਦਾ ਸਿਲਸਿਲਾ ਜਾਰੀ, ਪੁਲਿਸ ਤੇ BSF ਹੱਥ ਲੱਗੀ ਸਫ਼ਲਤਾ

author img

By ETV Bharat Punjabi Team

Published : Feb 23, 2024, 2:18 PM IST

ਹੈਰੋਇਨ ਦੇ ਪੈਕੇਟ ਬਰਾਮਦ
ਹੈਰੋਇਨ ਦੇ ਪੈਕੇਟ ਬਰਾਮਦ

ਸਰਹੱਦੀ ਇਲਾਕਿਆਂ ਦੇ ਨਜ਼ਦੀਕੀ ਪਿੰਡਾਂ ਤੋਂ ਪਾਕਿਸਤਾਨ ਤੋਂ ਡਰੋਨ ਰਾਹੀ ਸੁੱਟੀ ਜਾਂਦੀ ਹੈਰੋਇਨ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਹਨ। ਜਿਸ 'ਚ ਬੀਐਸਐਫ਼ ਤੇ ਪੁਲਿਸ ਹੱਥ ਸਫ਼ਲਤਾ ਲੱਗੀ ਹੈ।

ਪੁਲਿਸ ਅਧਿਕਾਰੀ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ

ਤਰਨ ਤਾਰਨ/ ਗੁਰਦਾਸਪੁਰ: ਜਿਥੇ ਪੰਜਾਬ 'ਚ ਨਸ਼ਾ ਅਤੇ ਨਸ਼ੇ ਦੇ ਵਪਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ ਤਾਂ ਉਥੇ ਹੀ ਪੰਜਾਬ ਨਾਲ ਲੱਗਦੀਆਂ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਡਰੋਨ ਰਾਹੀ ਭਾਰਤੀ ਸਰਹੱਦ 'ਚ ਹੈਰੋਇਨ ਜਾਂ ਹੋਰ ਗੈਰ ਕਾਨੂੰਨੀ ਸਮਾਨ ਸੁੱਟਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸ ਸਭ ਦੇ ਵਿਚਾਲੇ ਭਾਰਤੀ ਫੌਜ ਅਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਦੁਸ਼ਮਣ ਦੀਆਂ ਨਾਪਾਕਿ ਹਰਕਤਾਂ ਨੂੰ ਸਫ਼ਲ ਨਹੀਂ ਹੋਣ ਦਿੰਦੀਆਂ।

ਪਾਕਿਸਤਾਨੀ ਡਰੋਨ ਦੀ ਘੁਸਪੈਠ: ਇਸ ਦੇ ਚੱਲਦਿਆਂ ਭਾਰਤੀ ਫੌਜ ਅਤੇ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਖੇਤਾਂ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ। ਤਰਨ ਤਾਰਨ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਪਿੰਡ ਡੱਲ ਨੇੜਿਓ ਕਰੀਬ ਅੱਧਾ ਕਿਲੋ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਧਰਮਾਂ ਦੇ ਏਰੀਏ ਅੰਦਰ 22 ਫਰਵਰੀ ਨੂੰ ਪਾਕਿਸਤਾਨੀ ਡਰੋਨ ਦੀ ਘੁਸਪੈਠ ਵੇਖੀ ਗਈ ਸੀ।

ਅੱਧਾ ਕਿਲੋ ਹੈਰੋਇਨ ਬਰਾਮਦ: ਉਨ੍ਹਾਂ ਦੱਸਿਆ ਕਿ ਇਸ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਸਰਹੱਦੀ ਪਿੰਡ ਡੱਲ ਦੇ ਨੇੜਿਓਂ ਲੰਘਦੀ ਡਿਫੈਂਸ ਡਰੇਨ ਦੀ ਪਟੜੀ ਤੋਂ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ, ਜਿਸ ਨੂੰ ਹੁੱਕ ਲੱਗੀ ਹੋਈ ਸੀ। ਇਸ ਦੇ ਨਾਲ ਹੀ ਡੀਐੱਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਸ ਵਿਚ 498 ਗ੍ਰਾਮ ਹੈਰੋਇਨ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਗਈ ਹੋਵੇਗੀ ਅਤੇ ਪਾਕਿਸਤਾਨੀ ਡਰੋਨ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਹੈਰੋਇਨ ਦੇ ਪੈਕੇਟ ਬਰਾਮਦ
ਹੈਰੋਇਨ ਦੇ ਪੈਕੇਟ ਬਰਾਮਦ

ਖੇਤਾਂ 'ਚ ਦਿਖੀ ਕਿਸਾਨ ਨੂੰ ਸ਼ੱਕੀ ਚੀਜ: ਉਧਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਸਥਿਤ ਧਰਮਕੋਟ ਰੰਧਾਵਾ ਚੌਕੀ ਦੀ ਪੁਲਿਸ ਨੇ ਗੰਨੇ ਦੇ ਖੇਤ 'ਚ ਪਿਆ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ। ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਲਾਲਦੀਪ ਸਿੰਘ ਵਾਸੀ ਗੁਰਚੱਕ ਨੇ ਥਾਣਾ ਧਰਮਕੋਟ ਰੰਧਾਵਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਖੇਤਾਂ ਵਿੱਚ ਇੱਕ ਸ਼ੱਕੀ ਪੈਕਟ ਪਿਆ ਹੈ ਤਾਂ ਤੁਰੰਤ ਪੁਲਿਸ ਟੀਮ ਗੰਨੇ ਦੇ ਖੇਤਾਂ ਵਿੱਚ ਪੁੱਜੀ। ਜਦੋਂ ਉਨ੍ਹਾਂ ਨੇ ਤਲਾਸ਼ੀ ਲਈ ਤਾਂ ਇਕ ਪੈਕਟ ਬਰਾਮਦ ਹੋਇਆ। ਇਸ ਪੀਲੇ ਰੰਗ ਦੇ ਪੈਕਟ ਨੂੰ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਦੇ ਨਾਲ ਇੱਕ ਹੁੱਕ ਵੀ ਲੱਗੀ ਹੋਈ ਸੀ।

ਪੁਲਿਸ ਸਰਚ ਦੌਰਾਨ ਦੋ ਪੈਕੇਟ ਬਰਾਮਦ: ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਪਾਰਟੀ ਨੇ ਹੈਰੋਇਨ ਦਾ ਇਕ ਹੋਰ ਪੈਕਟ ਬਰਾਮਦ ਕੀਤਾ। ਪੁਲਿਸ ਨੇ ਦੋਵੇਂ ਪੈਕਟ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਨੇ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਖੇਤਰ ਵਿੱਚ ਭੇਜਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਲੋਂ ਇਸ ਹੈਰੋਇਨ ਨੂੰ ਡਰੋਨ ਰਾਹੀਂ ਖੇਤਾਂ ਵਿੱਚ ਸੁੱਟਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.