ਜਾਣੋ ਭਗਵਾਨ ਸ਼੍ਰੀ ਰਾਮ ਜੀ ਦਾ ਬਠਿੰਡਾ ਦੇ ਪਿੰਡ ਰਾਮ ਤੀਰਥ ਜਗਾ ਨਾਲ ਕੀ ਹੈ ਸਬੰਧ, ਲੋਕਾਂ ਨੇ ਦੱਸਿਆ ਸੱਚ

author img

By ETV Bharat Punjabi Desk

Published : Jan 21, 2024, 1:14 PM IST

ਭਗਵਾਨ ਸ੍ਰੀ ਰਾਮ ਜੀ ਦਾ ਪਿੰਡ ਨਾਲ ਸਬੰਧ

Lord Shri Ram Relation with Ram Tirtha Jaga village: ਭਗਵਾਨ ਸ਼੍ਰੀ ਰਾਮ ਜੀ ਦਾ ਬਠਿੰਡਾ ਦੇ ਪਿੰਡ ਰਾਮ ਤੀਰਥ ਜਗਾ ਨਾਲ ਖਾਸ ਸਬੰਧ ਹੈ। ਆਪਣੇ ਬਨਵਾਸ ਦੌਰਾਨ ਭਗਵਾਨ ਸ਼੍ਰੀ ਰਾਮ ਇੱਕ ਸਾਲ ਇਥੇ ਰੁਕੇ ਦੱਸੇ ਜਾਂਦੇ ਹਨ।

ਪਿੰਡ ਦੇ ਲੋਕ ਜਾਣਕਾਰੀ ਦਿੰਦੇ ਹੋਏ

ਬਠਿੰਡਾ: ਅਯੋਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੀ ਜਿੱਥੇ ਹਰ ਪਾਸੇ ਚਰਚਾ ਹੋ ਰਹੀ ਹੈ, ਉੱਥੇ ਹੀ ਭਗਤਾਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਜਨਮਭੂਮੀ ਅਯੋਧਿਆ ਵਿਖੇ ਉਤਸਵ ਦੇ ਰੂਪ ਵਿੱਚ 22 ਜਨਵਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਰਾਮ ਤੀਰਥ ਜਗਾ ਦਾ ਨਾਮ ਵੀ ਭਗਵਾਨ ਸ੍ਰੀ ਰਾਮ ਨਾਲ ਜੁੜਿਆ ਹੋਇਆ ਹੈ।

ਦਰਪਣ ਯੁੱਗ ਵਿੱਚ ਆਏ ਸੀ ਭਗਵਾਨ ਸ੍ਰੀ ਰਾਮ: ਇਸ ਸਬੰਧੀ ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਪਿੰਡ 600 ਸਾਲ ਪਹਿਲਾਂ ਜੈਸਲਮੇਰ ਤੋਂ ਆ ਕੇ ਵੱਸਿਆ ਸੀ। ਪਿੰਡ ਵਾਸੀ ਚਾਨਣ ਰਾਮ ਨੇ ਦੱਸਿਆ ਕਿ ਉਨਾਂ ਦੀਆਂ ਛੇ ਪੀੜੀਆਂ ਇਸ ਪਿੰਡ ਦੀਆਂ ਵਸਨੀਕ ਹਨ। ਚਾਨਣ ਰਾਮ ਨੇ ਦੱਸਿਆ ਕਿ ਭਗਵਾਨ ਸ੍ਰੀ ਰਾਮ ਇਸ ਸਥਾਨ 'ਤੇ ਦਰਪਣ ਯੁੱਗ ਵਿੱਚ ਆਏ ਸਨ। ਇਸ ਸਥਾਨ 'ਤੇ ਸਰਸਵਤੀ ਨਦੀ ਵਗਦੀ ਸੀ ਅਤੇ ਇੱਕ ਸਾਲ ਤੱਕ ਭਗਵਾਨ ਸ੍ਰੀ ਰਾਮ ਇਸ ਸਥਾਨ 'ਤੇ ਬਨਵਾਸ ਦੌਰਾਨ ਰਹੇ ਸਨ। ਉਨ੍ਹਾਂ ਦੱਸਿਆ ਕਿ ਸਮੇਂ ਦੇ ਨਾਲ-ਨਾਲ ਸਰਸਵਤੀ ਨਦੀ ਅਲੋਪ ਹੁੰਦੀ ਗਈ ਤੇ ਇਸ ਸਮੇਂ ਇਸ ਪਿੰਡ ਵਿੱਚ ਸ੍ਰੀ ਰਾਮ ਦੇ ਮੰਦਰ ਦੇ ਕੋਲ ਇੱਕ ਤਾਲਾਬ ਦੇ ਰੂਪ ਵਿੱਚ ਰਹਿ ਗਈ ਹੈ।

ਬਨਵਾਸ ਦੌਰਾਨ ਇੱਕ ਸਾਲ ਇਥੇ ਰਹੇ: ਉਹਨਾਂ ਦੱਸਿਆ ਕਿ ਇਸ ਪਿੰਡ ਵਿੱਚ ਸ੍ਰੀ ਰਾਮ ਜੀ ਦੇ ਮੰਦਰ ਤੋਂ ਇਲਾਵਾ ਸ਼੍ਰੀ ਹਨੂੰਮਾਨ ਜੀ ਦਾ ਮੰਦਰ ਵੀ ਮੌਜੂਦ ਹੈ ਅਤੇ ਨਾਲ ਹੀ ਕਈ ਹੋਰ ਧਾਰਮਿਕ ਸਥਾਨ ਵੀ ਮੌਜੂਦ ਹੈ। ਜਿੱਥੇ ਸਵੇਰੇ ਸ਼ਾਮ ਪਾਠ ਹੁੰਦਾ ਹੈ। ਉਨਾਂ ਦੱਸਿਆ ਕਿ ਇਸ ਸਥਾਨ ਦਾ ਨਾਮ ਕਾਗਜ਼ਾਂ ਵਿੱਚ ਵੀ ਰਾਮ ਤੀਰਥ ਜਗਾ ਹੈ ਅਤੇ ਜਿਹੜੇ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਇਹ ਬਨਵਾਸ ਯਾਤਰਾ ਦੇ ਰੂਟ ਦਾ ਪਤਾ ਹੈ, ਉਹ ਇਸ ਸਥਾਨ 'ਤੇ ਆਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੱਛੇ ਕੁਝ ਸਮਾਂ ਪਹਿਲਾਂ ਵੀ ਦੂਸਰੇ ਸੂਬਿਆਂ ਤੋਂ ਕਈ ਯਾਤਰੀ ਇਸ ਅਸਥਾਨ 'ਤੇ ਆਏ ਸਨ ਤੇ ਉਹਨਾਂ ਵੱਲੋਂ ਇਸ ਸਥਾਨ ਦੀ ਇਤਿਹਾਸਿਕ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਸੀ।

ਬਾਹਰੀ ਸੂਬਿਆਂ ਤੋਂ ਵੀ ਆਉਂਦੇ ਸ਼ਰਧਾਲੂ: ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਫਿਲਹਾਲ ਇਸ ਪਿੰਡ ਵਿੱਚ ਉਸਾਰੀ ਅਧੀਨ ਭਗਵਾਨ ਸ੍ਰੀ ਰਾਮ ਜੀ ਦਾ ਮੰਦਰ ਅਧੂਰਾ ਪਿਆ ਹੈ। ਉਨਾਂ ਸ੍ਰੀ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਉਸਾਰੀ ਅਧੀਨ ਮੰਦਰ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਯੋਧਿਆ ਵਿੱਚ ਬਣੇ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਨੂੰ ਲੈ ਕੇ ਜਿੱਥੇ ਭਗਤਾਂ ਵਿੱਚ ਵੱਡੀ ਖੁਸ਼ੀ ਹੈ, ਉੱਥੇ ਹੀ ਉਹ 22 ਜਨਵਰੀ ਨੂੰ ਦੀਪਮਾਲਾ ਕਰਕੇ ਇਸ ਦਿਨ ਨੂੰ ਉਤਸਵ ਵਜੋਂ ਮਨਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.