ETV Bharat / state

ਸ੍ਰੀ ਮੁਕਤਸਰ ਸਾਹਿਬ ਵਿੱਚ ਸਿਲਵਰ ਮੈਨ ਸਟੈਚੂ; ਖੜ੍ਹ-ਖੜ੍ਹ ਕੇ ਦੇਖਦੇ ਲੋਕ, ਖਿੱਚਵਾਉਂਦੇ ਫੋਟੋਆਂ

author img

By ETV Bharat Punjabi Team

Published : Jan 23, 2024, 12:02 PM IST

Silver Man In Sri Muktsar Sahib
Silver Man In Sri Muktsar Sahib

Silver Man In Sri Muktsar Sahib : ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ 'ਸਿਲਵਰ ਮੈਨ' ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸਿਲਵਰ ਮੈਨ ਨਾਲ ਲੋਕ ਖੜ੍ਹ-ਖੜ੍ਹ ਕੇ ਫੋਟੋਆਂ ਖਿੱਚਵਾਉਂਦੇ ਹਨ, ਪਰ ਕਈਆਂ ਲਈ ਇਹ 'ਸਿਲਵਰ ਮੈਨ' ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਪਰ, ਇਹ 'ਸਿਲਵਰ ਮੈਨ' ਬਹੁਤ ਹੀ ਮਿਹਨਤੀ ਹੈ। ਪੜ੍ਹੋ ਪੂਰੀ ਖ਼ਬਰ।

ਸਿਲਵਰ ਮੈਨ ਸਟੈਚੂ; ਖੜ੍ਹ-ਖੜ੍ਹ ਕੇ ਦੇਖਦੇ ਲੋਕ

ਸ੍ਰੀ ਮੁਕਤਸਰ ਸਾਹਿਬ : ਅੱਜ ਦੇ ਸਮੇਂ ਵਿੱਚ ਪੰਜਾਬੀਆਂ 'ਚ ਜਿੱਥੇ ਵਿਦੇਸ਼ਾਂ ਵਿੱਚ ਜਾਣ ਦੀ ਹੌੜ ਲੱਗੀ ਹੋਈ ਹੈ, ਉੱਥੇ ਹੀ ਪੰਜਾਬ ਦੇ ਕਈ ਨੌਜਵਾਨ ਵਿਦੇਸ਼ੀ ਰੰਗ ਨੂੰ ਹੀ ਆਪਣੀ ਧਰਤੀ ਉੱਤੇ ਦਿਖਾ ਰਹੇ ਹਨ। ਅਜਿਹੇ ਨੌਜਵਾਨ ਚਾਹੇ ਵਧ ਪੜ੍ਹੇ ਲਿਖੇ ਨਹੀ ਹਨ, ਪਰ ਮਿਹਨਤ ਕਰਨ ਤੋਂ ਝਿਜਕਦੇ ਨਹੀਂ। ਫਿਰ ਚਾਹੇ ਉਸ ਲਈ ਜੋ ਮਰਜ਼ੀ ਕਰਨਾ ਪਵੇ, ਪਰਿਵਾਰ ਨੂੰ ਪਾਲਣ ਲਈ ਅਤੇ ਚਾਰ ਪੈਸੇ ਕਮਾਉਣ ਲਈ ਬਿਨਾਂ ਕਿਸੇ ਦੀ ਪਰਵਾਹ ਕੀਤੇ, ਉਹ ਮਜ਼ਾਕ ਦਾ ਪਾਤਰ ਬਣਨ ਲਈ ਵੀ ਤਿਆਰ ਹੋ ਜਾਂਦੇ ਹਨ। ਅਜਿਹੇ ਹੀ ਇੱਕ ਨੌਜਵਾਨ ਨਾਲ ਅੱਜ ਅਸੀ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਜੋ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਅੱਜ ਕੱਲ੍ਹ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਸਿਲਵਰ ਮੈਨ ਸਟੈਚੁ ਬਣਿਆ ਨੌਜਵਾਨ : ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਨੌਜਵਾਨ ਗੋਬਿੰਦ ਸਿੰਘ ਨੇ ਦੱਸਿਆ ਕਿ ਅਕਸਰ ਵਿਦੇਸ਼ਾ ਦੀ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਇੰਝ ਹੀ ਕੋਈ ਵਿਅਕਤੀ ਸਿਲਵਰ ਜਾਂ ਗੋਲਡਨ ਰੰਗ ਲਗਾ ਕੇ ਕਿਸੇ ਚੌਂਕ ਜਾਂ ਸੜਕਾਂ ਉੱਤੇ ਖੜਦੇ ਹਨ, ਤਾਂ ਲੋਕ ਫੋਟੋ ਖਿਚਵਾਉਂਦੇ ਹਨ ਤੇ ਕੁਝ ਪੈਸੇ ਦਿੰਦੇ ਹਨ। ਗੋਬਿੰਦ ਨੇ ਦੱਸਿਆ ਕਿ ਫਿਰ ਉਸ ਨੇ ਯੂਟਿਊਬ ਤੋਂ ਵੀਡੀਓ ਦੇਖਦੇ ਹੋਏ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ। ਉਸ ਕੋਲ ਕੋਈ ਹੋਰ ਕੰਮ ਨਹੀਂ ਸੀ, ਤਾਂ ਉਸ ਨੇ ਇੰਝ ਹੀ ਸਿਲਵਰ ਮੈਨ ਬਣ ਕੇ ਮੁਕਤਸਰ ਦੀਆਂ ਸੜਕਾਂ ਤੇ ਚੌਂਕ ਵਿੱਚ ਖੜੇ ਹੋਣਾ ਸ਼ੁਰੂ ਕੀਤਾ।

ਜੇਕਰ ਕੋਈ ਮਿਹਨਤ ਕਰਨ ਵਾਲਾ ਹੋਵੇ, ਤਾਂ ਉਸ ਨੂੰ ਵਿਦੇਸ਼ ਜਾਣ ਦੀ ਵੀ ਲੋੜ ਨਹੀਂ। ਉਹ ਇੱਥੇ ਪੰਜਾਬ ਵਿੱਚ ਹੀ ਰਹਿ ਕੇ ਮਿਹਨਤ ਕਰਕੇ ਕਮਾ ਸਕਦਾ ਹੈ।

- ਗੋਬਿੰਦ ਸਿੰਘ, ਸਿਲਵਰ ਮੈਨ ਸਟੈਚੂ ਬਣਨ ਵਾਲਾ ਨੌਜਵਾਨ

ਗੋਬਿੰਦ ਦੀ 200-300 ਰੁਪਏ ਦਿਹਾੜੀ ਬਣਦੀ : ਗੋਬਿੰਦ ਸਿੰਘ ਨੇ ਦੱਸਿਆ ਕਿ ਉਹ ਪੜ੍ਹਿਆ-ਲਿਖਿਆ ਨਹੀਂ ਹੈ, ਉਸ ਕੋਲ ਕੋਈ ਨੌਕਰੀ ਜਾਂ ਹੋਰ ਰੁਜ਼ਗਾਰ ਵੀ ਨਹੀਂ ਹੈ। ਉਸ ਦੇ ਪਰਿਵਾਰ ਵਿੱਚ ਤਿੰਨ ਬੱਚੇ ਹਨ। ਉਨ੍ਹਾਂ ਨੂੰ ਪਾਲਣ ਲਈ ਉਸ ਨੇ ਇਹ ਰਾਹ ਚੁਣਿਆ ਅਤੇ 200 -300 ਰੁਪਏ ਦੇ ਕਰੀਬ ਦਿਹਾੜੀ ਬਣ ਜਾਂਦੀ ਹੈ। ਗੋਬਿੰਦ ਨੇ ਦੱਸਿਆ ਕਿ ਵਿਹਲੇ ਰਹਿਣ ਨਾਲੋਂ ਉਸ ਨੂੰ ਇੰਝ ਮਿਹਨਤ ਕਰਕੇ ਖੁਸ਼ੀ ਮਿਲਦੀ ਹੈ। ਉਸ ਨੇ ਦੱਸਿਆ ਕਿ ਕਈ ਵਾਰ ਉਸ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ, ਪਰ ਉਹ ਇਸ ਦੀ ਪਰਵਾਹ ਨਹੀਂ ਕਰਦਾ ਹੈ।

ਠੰਡ ਵਿੱਚ ਆਉਂਦੀ ਮੁਸ਼ਕਲ : ਗੋਬਿੰਦ ਸਿੰਘ ਦੱਸਿਆ ਕਿ ਨਾਲ-ਨਾਲ ਉਹ ਲੇਬਰ ਦਾ ਕੰਮ ਕਰਦਾ ਹੈ। ਸਿਲਵਰ ਮੈਨ ਬਣ ਕੇ ਖੜਨ ਦਾ ਕੰਮ ਉਸ ਨੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ ਕਿ ਜੋ ਰੰਗ ਉਹ ਲਗਾਉਂਦਾ ਹੈ, ਜੇਕਰ 3-4 ਘੰਟਿਆਂ ਵੱਧ ਰਹੇ ਤਾਂ, ਨੁਕਸਾਨ ਕਰ ਸਕਦਾ ਹੈ। ਇਸ ਲਈ ਉਹ 2-3 ਘੰਟਿਆਂ ਬਾਅਦ ਸਿਲਵਰ ਰੰਗ ਉਤਾਰ ਦਿੰਦਾ ਹੈ। ਗੋਬਿੰਦ ਨੇ ਦੱਸਿਆ ਕਿ ਠੰਡ ਕਾਰਨ ਕਾਫੀ ਮੁਸ਼ਕਲ ਵੀ ਆਉਂਦੀ ਹੈ, ਕਿਉਂਕਿ ਕਈ ਵਾਰ ਪਾਣੀ ਇਨ੍ਹਾਂ ਕਪੜਿਆਂ ਉੱਤੇ ਰੁਕ ਜਾਂਦਾ ਹੈ। ਉਸ ਨੇ ਦੱਸਿਆ ਕਿ ਇਹ ਕੰਮ ਕਰਨਾ ਉਸ ਦੀ ਮਜ਼ਬੂਰੀ ਵੀ ਹੈ, ਕਿਉਂਕਿ ਉਸ ਕੋਲ ਕੋਈ ਰਾਹ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.