ETV Bharat / state

ਜਲੰਧਰ 'ਚ ਅੰਗੀਠੀ ਬਾਲ ਕੇ ਸੁੱਤੇ ਪਿਓ-ਪੁੱਤ ਦੀ ਮੌਤ, ਚਚੇਰੇ ਭਰਾ ਦੀ ਹਾਲਤ ਗੰਭੀਰ

author img

By ETV Bharat Punjabi Team

Published : Jan 24, 2024, 7:08 AM IST

Father Son Died: ਜਲੰਧਰ 'ਚ ਅੰਗੀਠੀ ਬਾਲ ਕੇ ਸੁੱਤੇ ਪਿਓ ਪੁੱਤ ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਜੋ ਗੰਭੀਰ ਹਾਲਤ 'ਚ ਹੈ ਤੇ ਹਸਪਤਾਲ 'ਚ ਜੇਰੇ ਇਲਾਜ ਹੈ।

ਦਮ ਘੁਟਣ ਨਾਲ ਪਿਓ ਪੁੱਤ ਦੀ ਮੌਤ
ਦਮ ਘੁਟਣ ਨਾਲ ਪਿਓ ਪੁੱਤ ਦੀ ਮੌਤ

ਜਲੰਧਰ: ਪੰਜਾਬ 'ਚ ਠੰਢ ਲਗਾਤਾਰ ਰਿਕਾਰਡ ਤੋੜ ਰਹੀ ਹੈ ਤਾਂ ਇਸ ਤੋਂ ਬਚਣ ਲਈ ਅਕਸਰ ਲੋਕ ਹੀਟਰਮ ਬਲੋਰ ਜਾਂ ਅੰਗੀਠੀ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਰਾਹਤ ਦੀ ਥਾਂ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੀ ਹੈ। ਅਜਿਹਾ ਹੀ ਇੱਕ ਹਾਦਸਾ ਜਲੰਧਰ 'ਚ ਹੋਇਆ, ਜਿਥੇ ਰਾਤ ਨੂੰ ਅੰਗੀਠੀ ਬਾਲ ਕੇ ਸੁੱਤੇ ਪਿਓ-ਪੁੱਤ ਦੀ ਮੌਤ ਹੋ ਗਈ, ਜਦਕਿ ਚਚੇਰੇ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਮਰੇ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਬਣ ਗਈ, ਜਿਸ ਕਾਰਨ ਤਿੰਨਾਂ ਦਾ ਦਮ ਘੁੱਟ ਗਿਆ।

ਦੋ ਦੀ ਮੌਤ ਤੇ ਇੱਕ ਦੀ ਹਾਲਤ ਗੰਭੀਰ: ਮ੍ਰਿਤਕਾਂ ਦੀ ਪਛਾਣ ਛਾਉਣੀ ਦੇ ਮੁਹੱਲਾ ਨੰਬਰ 20 ਦੇ ਨਾਲ ਲੱਗਦੀ ਢੱਕਾ ਕਲੋਨੀ ਵਾਸੀ ਰਾਮ ਬਲੀ ਮੋਚੀ (50) ਅਤੇ ਉਸ ਦੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ। ਨਵੀਨ ਦੇ ਚਚੇਰੇ ਭਰਾ ਰਾਜੇਸ਼ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਸਵੇਰੇ ਨਹੀਂ ਉਠੇ ਤੱਕ ਗੁਆਂਢੀ ਨੂੰ ਹੋਇਆ ਸ਼ੱਕ: ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਰਾਮ ਬਲੀ ਮੋਚੀ, ਨਵੀਨ ਅਤੇ ਰਾਜੇਸ਼ ਜਲੰਧਰ ਵਿੱਚ ਮਿਸਤਰੀ ਦਾ ਕੰਮ ਕਰਦੇ ਸਨ। ਮੰਗਲਵਾਰ ਸਵੇਰੇ ਤਿੰਨੋਂ ਕਮਰੇ ਤੋਂ ਬਾਹਰ ਨਹੀਂ ਆਏ। ਜਦੋਂ ਕੰਮ 'ਤੇ ਜਾਣ ਦਾ ਸਮਾਂ ਹੋਇਆ ਤਾਂ ਗੁਆਂਢੀ ਉਨ੍ਹਾਂ ਨੂੰ ਲੈਣ ਘਰ ਆਇਆ। ਗੁਆਂਢੀ ਨੇ ਉਨ੍ਹਾਂ ਨੂੰ ਪਾਣੀ ਭਰਨ ਲਈ ਆਵਾਜ਼ ਲਗਾਈ ਪਰ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਉਸ ਨੂੰ ਸ਼ੱਕ ਹੋਇਆ। ਉਸ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਤਿੰਨੋਂ ਬੇਹੋਸ਼ ਪਏ ਸਨ। ਨੇੜੇ ਇੱਕ ਅੰਗੀਠੀ ਬਲ ਰਹੀ ਸੀ।

ਡਾਕਟਰਾਂ ਨੇ ਐਲਾਨੇ ਮ੍ਰਿਤਕ: ਗੁਆਂਢੀ ਨੇ ਨੇੜੇ ਦੇ ਲੋਕਾਂ ਨੂੰ ਬੁਲਾਇਆ। ਇਸ ਤੋਂ ਬਾਅਦ ਰਾਮ ਬਲੀ, ਨਵੀਨ ਅਤੇ ਰਾਜੇਸ਼ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਰਾਮ ਬਲੀ ਅਤੇ ਨਵੀਨ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਰਾਜੇਸ਼ ਦੇ ਸਾਹ ਚੱਲ ਰਹੇ ਸਨ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਿਮਸ ਹਸਪਤਾਲ ਰੈਫਰ ਕਰ ਦਿੱਤਾ।

ਪੁਲਿਸ ਨੇ ਕੀਤੀ ਜਾਂਚ: ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਲੋਕਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਤਿੰਨਾਂ ਦੇ ਕਮਰੇ 'ਚ ਗਈ। ਉਥੇ ਅੰਗੀਠੀ ਅਤੇ ਹੋਰ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਇਤਫਾਕੀਆ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.