ETV Bharat / state

ਕਿਸਾਨਾਂ ਲਈ ਆਫ਼ਤ ਬਣੀ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ 'ਚ ਹੋ ਰਹੀ ਤਬਾਹ - Farmer crops were destroyed

author img

By ETV Bharat Punjabi Team

Published : Apr 30, 2024, 3:44 PM IST

Farmer crops were destroyed
ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ 'ਚ ਹੋ ਰਹੀ ਤਬਾਹ

Farmer crops were destroyed: ਬੇਮੌਸਮੀ ਹੋਈ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਤਬਾਹ ਹੋ ਰਹੀਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ 'ਚ ਹੋ ਰਹੀ ਤਬਾਹ

ਅੰਮ੍ਰਿਤਸਰ : ਪਿਛਲੇ ਕੁੱਝ ਦਿਨ੍ਹਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨਾਲ਼ ਮੌਸਮ ਵਿੱਚ ਤਬਦੀਲੀ ਆਈ ਹੈ, ਉਥੇ ਹੀ ਗਰਮੀ ਤੋਂ ਵੀ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਖਾਸਕਰ ਛੁੱਟੀਆਂ ਮਨਾਉਣ ਲਈ ਬਾਹਰੋਂ ਆ ਰਹੇ ਸੈਲਾਨੀਆਂ ਲਈ ਇਸ ਸਮੇਂ ਅੰਮਿਤਸਰ ਵਿੱਚ ਸ਼ਿਮਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਪਰ ਜੇਕਰ ਗਲ ਕਰੀਏ ਦੇਸ਼ ਦੇ ਅੰਨਦਾਤਾ ਕਿਸਾਨ ਦੀ ਤਾਂ ਪਿਛਲੇ ਕੁੱਝ ਦਿਨ੍ਹਾਂ ਤੋਂ ਹੋ ਰਹੀ ਬਰਸਾਤ ਕਿਸਾਨਾਂ ਲਈ ਆਫ਼ਤ ਬਣੀ ਹੋਈ ਹੈ। ਪੁੱਤਾਂ ਵਾਂਗ ਪਾਲੀ ਫ਼ਸਲ ਬਰਸਾਤ ਕਾਰਣ ਮੰਡੀਆਂ ਵਿੱਚ ਤਬਾਹ ਹੋ ਗਈ ਹੈ। ਕਿਸਾਨਾਂ ਨੂੰ ਇਸ ਫ਼ਸਲ ਤੋਂ ਜੋ ਆਮਦਨ ਹੋਣ ਦੀ ਆਸ ਸੀ, ਉਹ ਸਾਰੀ ਖਰਾਬ ਹੋ ਗਈ ਹੈ।

ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਪੂਰੀ ਤਰ੍ਹਾਂ ਹੋ ਰਹੀ ਹੈ ਖਰਾਬ: ਲਗਾਤਾਰ ਹੋ ਰਹੀ ਬਰਸਾਤ ਕਾਰਣ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ, ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਲਗਾਤਾਰ ਬਰਸਾਤ ਹੋਣ ਕਾਰਨ ਸਾਡੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ। ਬਰਸਾਤ ਕਾਰਨ ਸਾਡੀ ਸਾਰੀ ਕਣਕ ਗਿੱਲੀ ਹੋ ਗਈ ਹੈ, ਜਿਹਦੇ ਕਰਕੇ ਸਾਡੀ ਕਣਕ ਹੁਣ ਚੁੱਕੀ ਨਹੀਂ ਜਾ ਰਹੀ। ਉਹਨਾਂ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾਉਂਦਿਆਂ ਮੰਗ ਕੀਤੀ ਕਿ ਦਾਣਾ ਮੰਡੀ ਦੇ ਵਿੱਚ ਸ਼ੈੱਡ ਬਣਨੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਕਣਕ ਖਰਾਬ ਨਾ ਹੋਵੇ ਅਤੇ ਸਮੇਂ ਸਿਰ ਕਣਕ ਚੁੱਕੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਮੰਡੀ ਵਿੱਚ ਆਉਣ ਦਾ ਪੈਸਾ ਤਾਂ ਲੈ ਰਹੀ ਹੈ ਪਰ ਸਹੂਲਤਾਂ ਨਹੀਂ ਦੇ ਰਹੀ, ਜਿਸ ਦੇ ਚਲਦਿਆਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਦਾਣਾ ਮੰਡੀ ਵਿੱਚ ਨਾ ਤਾਂ ਬਾਥਰੂਮ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਪ੍ਰਣਾਲੀ ਦਾ ਕੋਈ ਪ੍ਰਬੰਧ ਹੈ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।

ਕਿਸਾਨਾਂ ਨੂੰ 25 ਹਜ਼ਾਰ ਪ੍ਰਤੀ ਏਕੜ ਦੇ ਨਾਲ ਭਾਰੀ ਨੁਕਸਾਨ : ਇਸ ਮੌਕੇ ਦਾਣਾ ਮੰਡੀ ਭਗਤਾਂ ਵਾਲੇ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਸਮੀ ਬਰਸਾਤ ਨੇ ਕਿਸਾਨਾਂ ਦੀ ਫ਼ਸਲ ਖਰਾਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰਤੀ ਇੱਕ ਏਕੜ ਵਿੱਚ ਜਿਹੜੀ 22-23 ਕੁਇੰਟਲ ਕਣਕ ਨਿੱਕਲਦੀ ਸੀ, ਉਹੀ ਹੁਣ 11-12 ਕੁਇੰਟਲ ਨਿਕਲ ਰਹੀ ਹੈ, ਜਿਸਦੇ ਚੱਲਦਿਆਂ ਕਿਸਾਨਾਂ ਨੂੰ 25 ਹਜ਼ਾਰ ਪ੍ਰਤੀ ਏਕੜ ਦੇ ਨਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਹੇਠਾਂ ਦਬਿਆ ਹੋਇਆ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨ ਆਪਣੀ ਕਣਕ ਮੰਡੀ ਵਿੱਚ ਆੜਤੀਏ ਨੂੰ ਦੇ ਜਾਂਦੇ ਹਨ, ਉਹ ਫ਼ਸਲ ਸਾਰੀ ਆੜਤੀਏ ਦੇ ਜਿੰਮੇ ਪੈ ਜਾਂਦੀ ਹੈ, ਇਸਦਾ ਘਾਟਾ ਹੁਣ ਆੜਤੀਆਂ ਨੂੰ ਝੱਲਣਾ ਪਏਗਾ ।

ਉਹਨਾਂ ਕਿਹਾ ਮੰਡੀ ਵਿੱਚ ਲਿਫਟਿੰਗ ਤਾਂ ਹੋ ਰਹੀ ਹੈ, ਪਰ ਬਹੁਤ ਹੌਲੀ-ਹੌਲੀ ਹੋ ਰਹੀ ਹੈ। ਸਰਕਾਰ ਦੀ ਪਰਚੇਜ਼ ਬਹੁਤ ਘੱਟ ਹੈ। ਪ੍ਰਾਈਵੇਟ ਘਰਾਣੇ ਕਣਕ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ 45 ਰੁਪਏ ਪ੍ਰਤੀ ਕੁਇੰਟਲ ਦੀ ਆੜਤ ਮਿਲਦੀ ਹੈ। ਜੇਕਰ ਅਸੀਂ ਪ੍ਰਾਈਵੇਟ ਘਰਾਣੇ ਨੂੰ ਕਣਕ ਵੇਚਦੇ ਹਾਂ ਤਾਂ ਸਾਨੂੰ 56 ਰੂਪਏ ਪ੍ਰਤੀ ਕੁਇੰਟਲ ਵਾਧਾ ਮਿਲਦਾ ਹੈ। ਮੰਡੀ ਦੇ ਵਿੱਚ ਸ਼ੈਡਾਂ ਦੀ ਬਹੁਤ ਕਮੀ ਹੈ। ਸਰਕਾਰ ਨੂੰ ਚਾਹੀਦਾ ਹੈ, ਚਾਰ ਪੰਜ ਸ਼ੈੱਡ ਹੋਰ ਬਣਾਏ ਜਾਣ ਤਾਂ ਜੋ ਕਣਕ ਨੂੰ ਬਰਸਾਤ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.