ETV Bharat / state

ਫ਼ਰੀਦਕੋਟ 'ਚ ਵੱਧੇ ਗੰਦਗੀ ਦੇ ਢੇਰ ! ਕੇਂਦਰ ਸਰਕਾਰ ਦੀ ਸਵੱਛ ਸਰਵੇਖਣ ਦੀ ਰਿਪੋਰਟ 'ਚ ਜ਼ਿਲ੍ਹੇ ਨੂੰ ਵੱਡਾ ਝੱਟਕਾ

author img

By ETV Bharat Punjabi Team

Published : Jan 19, 2024, 11:37 PM IST

Faridkot Ranking In Sanitation Survey Report: ਕੇਂਦਰ ਸਰਕਾਰ ਦੇ ਸਵੱਛ ਸਰਵੇਖਣ ਦੀ ਰਿਪੋਰਟ ਆਈ ਹੈ ਜਿਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨੋਂ ਸਬ ਡਵੀਜ਼ਨਾਂ ਨੂੰ ਝਟਕਾ ਲੱਗਾ ਹੈ। 2023 ਦੇ ਸਰਵੇਖਣ ਅਨੁਸਾਰ ਗੰਦਗੀ ਵੱਡੇ ਪੱਧਰ ਉੱਤੇ ਫੈਲੀ ਹੈ। ਇਸ ਨਾਲ, ਫ਼ਰੀਦਕੋਟ 10ਵੇਂ ਤੋਂ 78 ਨੰਬਰ ਉੱਤੇ, ਕੋਟਕਪੂਰਾ 14ਵੇਂ ਤੋਂ 106 ਅਤੇ ਜੈਤੋ 14ਵੇਂ ਤੋਂ ਸਿੱਧਾ 101 ਰੈਂਕ ਉੱਤੇ ਪਹੁੰਚ ਗਿਆ ਹੈ। ਪੜ੍ਹੋ ਪੂਰੀ ਖ਼ਬਰ।

Faridkot Ranking In Sanitation Survey Report
Faridkot Ranking In Sanitation Survey Report

ਕੇਂਦਰ ਸਰਕਾਰ ਦੀ ਸਵੱਛ ਸਰਵੇਖਣ ਦੀ ਰਿਪੋਰਟ 'ਚ ਜ਼ਿਲ੍ਹੇ ਨੂੰ ਵੱਡਾ ਝੱਟਕਾ

ਫ਼ਰੀਦਕੋਟ: ਕੇਂਦਰ ਸਰਕਾਰ ਦੇ ਸਵੱਛ ਸਰਵੇਖਣ 2023 ਦੇ ਨਤੀਜਿਆਂ ਦੇ ਐਲਾਨ ਵਿੱਚ ਫ਼ਰੀਦਕੋਟ ਨੂੰ ਵੱਡਾ ਝਟਕਾ ਲੱਗਾ ਹੈ। ਸਫਾਈ ਦਰਜਾਬੰਦੀ ਵਿੱਚ ਫ਼ਰੀਦਕੋਟ ਨੂੰ 78ਵਾਂ ਸਥਾਨ ਮਿਲਿਆ ਹੈ। ਇਹ ਦਰਜਾਬੰਦੀ ਪਿਛਲੇ ਸਾਲ ਦੇ ਮੁਕਾਬਲੇ 58 ਸਥਾਨ ਹੇਠਾਂ ਆਈ ਹੈ। ਜਦਕਿ ਪਿਛਲੇ ਸਾਲ ਇਹ ਰਾਜ ਪੱਧਰ 'ਤੇ ਦਸਵੇਂ ਸਥਾਨ 'ਤੇ ਸੀ। ਇਸੇ ਤਰ੍ਹਾਂ ਜ਼ੋਨ ਪੱਧਰ 'ਤੇ ਜਿੱਥੇ ਪਿਛਲੇ ਸਾਲ ਇਹ 18ਵੇਂ ਰੈਂਕ 'ਤੇ ਸੀ, ਉਥੇ ਇਸ ਵਾਰ 41ਵੇਂ ਰੈਂਕ 'ਤੇ ਆ ਗਿਆ ਹੈ।

ਇਸੇ ਤਰ੍ਹਾਂ ਕੋਟਕਪੂਰਾ ਜੋ ਪਿਛਲੇ ਸਾਲ ਰਾਜ ਪੱਧਰ ’ਤੇ 14ਵੇਂ ਸਥਾਨ ’ਤੇ ਸੀ, ਇਸ ਸਾਲ ਖਿਸਕ ਕੇ 106ਵੇਂ ਸਥਾਨ ’ਤੇ ਆ ਗਿਆ ਹੈ। ਜ਼ੋਨ ਪੱਧਰ ਦੀ ਗੱਲ ਕਰੀਏ, ਤਾਂ ਪਿਛਲੇ ਸਾਲ ਇਹ 8ਵੇਂ ਰੈਂਕ 'ਤੇ ਸੀ, ਪਰ ਇਸ ਵਾਰ 60ਵੇਂ ਰੈਂਕ 'ਤੇ ਹੈ। ਜਦਕਿ ਪਿਛਲੇ ਸਾਲ ਜੈਤੋ ਦੀ ਰੈਂਕਿੰਗ ਸੂਬਾ ਪੱਧਰ 'ਤੇ 14ਵੀਂ ਅਤੇ ਜ਼ੋਨ ਪੱਧਰ 'ਤੇ 8ਵੀਂ ਸੀ, ਪਰ ਇਸ ਵਾਰ ਇਹ ਪਿਛੜ ਕੇ ਸੂਬਾ ਪੱਧਰ 'ਤੇ 101ਵੇਂ ਸਥਾਨ 'ਤੇ ਰਹੀ ਹੈ। ਜ਼ੋਨ ਪੱਧਰ 'ਤੇ ਇਹ 118 'ਤੇ ਪਹੁੰਚ ਗਿਆ ਹੈ।

600 ਕਰੀਬ ਸਫਾਈ ਕਰਮਚਾਰੀ, ਪਰ ਥਾਂ-ਥਾਂ ਲੱਗੇ ਕੂੜੇ ਦੇ ਢੇਰ: ਇੱਥੇ ਦੱਸਣਯੋਗ ਹੈ ਕੇ ਨਗਰ ਕੌਂਸਲ ਫ਼ਰੀਦਕੋਟ ਵਿੱਚ 600 ਦੇ ਕਰੀਬ ਸਫ਼ਾਈ ਕਰਮਚਾਰੀ ਹਨ। ਕੋਟਕਪੂਰਾ ਵਿੱਚ 128 ਪੱਕੇ ਅਤੇ 20 ਆਰਜ਼ੀ ਸਫ਼ਾਈ ਕਰਮਚਾਰੀ ਹਨ ਅਤੇ ਜੈਤੋ ਸ਼ਹਿਰ ਵਿੱਚ 26 ਪੱਕੇ ਅਤੇ 30 ਕੱਚੇ ਕਰਮਚਾਰੀ ਹਨ, ਪਰ ਸ਼ਹਿਰਾਂ ਸਣੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ। ਪੂਰੇ ਜ਼ਿਲ੍ਹੇ ਵਿੱਚ ਥਾਂ-ਥਾਂ ਤੇ ਲੱਗੇ ਕੂੜੇ ਦੇ ਲੱਗੇ ਢੇਰ ਸਵੱਛਤਾ ਸਰਵੇਖਣ ਦੀ ਰਿਪੋਰਟ ਨੂੰ ਸਹੀ ਦਰਸਾ ਰਹੇ ਹਨ। ਜ਼ਿਲ੍ਹੇ ਦੇ ਤਿੰਨੋਂ ਸ਼ਹਿਰ ਘਰੇਲੂ ਕੂੜਾ ਇਕੱਠਾ ਕਰਨ ਦੇ ਮਾਮਲੇ ਵਿੱਚ ਪਛੜ ਰਹੇ ਹਨ। ਨਿਯਮਾਂ ਅਨੁਸਾਰ ਸਫ਼ਾਈ ਕਰਮਚਾਰੀਆਂ ਨੇ ਕੂੜਾ-ਕਰਕਟ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਹੁੰਦਾ ਹੈ, ਪਰ ਉਹ ਇੱਕ ਥਾਂ 'ਤੇ ਹੀ ਇਕੱਠਾ ਹੋਇਆ ਨਜ਼ਰ ਆਉਂਦਾ ਹੈ।

ਪਿੰਡਵਾਸੀਆਂ ਨੇ ਚੁੱਕੇ ਸਵਾਲ: ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਿੱਧੇ ਤੌਰ ਉੱਤੇ ਸ਼ਹਿਰਾਂ ਵਿੱਚ ਫੈਲ ਰਹੀ ਗੰਦਗੀ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਹੁਣ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਸਫਾਈ ਵੱਧ ਹੈ। ਸ਼ਹਿਰਾਂ ਦਾ ਬੁਰਾ ਹਾਲ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰਾਂ ਦੀਆਂ ਜਨਤਕ ਥਾਵਾਂ 'ਤੇ ਲੱਗੇ ਕੂੜੇ ਦੇ ਢੇਰ ਸਿੱਧੇ ਤੌਰ ਉੱਤੇ ਸਰਕਾਰ ਅਤੇ ਪ੍ਰਸਾਸ਼ਨ ਦੀ ਨਕਾਮੀ ਦਰਸਾ ਰਹੇ ਹਨ, ਜਿੱਥੇ ਇਹ ਲੋਕਾਂ ਲਈ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਹੇ ਹਨ। ਉੱਥੇ ਸਵੱਛਤਾ ਸਰਵੇਖਣ ਵਿੱਚ ਆਈ ਰੈੰਕਿੰਗ ਦੀ ਰਿਪੋਰਟ ਨੇ ਸ਼ਰਮਸ਼ਾਰ ਕਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ, ਲੋਕਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਦੇ 'ਤੇ ਪਹਿਲ ਦੇ ਅਧਾਰ ਉੱਤੇ ਧਿਆਨ ਦਿੱਤਾ ਜਾਵੇ, ਤਾਂ ਜੋ ਸ਼ਹਿਰਾਂ ਵਿੱਚ ਸਫਾਈ ਹੋਵੇ ਅਤੇ ਲੋਕ ਬੀਮਾਰੀਆਂ ਤੋਂ ਬਚ ਸਕਣ।

ਖਰਾਬ ਰੈਂਕਿੰਗ ਤੋਂ ਸਬਕ ਲੈਣ ਦੀ ਲੋੜ: ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਸਰਵੇਖਣ ਦੀ ਆਈ ਰਿਪੋਰਟ ਅਨੁਸਾਰ, ਜੋ ਰੈਂਕਿੰਗ ਪਿੱਛੇ ਆਈ ਹੈ, ਉਹ ਸਾਡੇ ਲਈ ਸਬਕ ਹੈ ਅਤੇ ਇਸ ਤੋਂ ਸਿੱਖਣ ਦੀ ਲੋੜ ਹੈ। ਅਸੀਂ ਉਕਤ ਰਿਪੋਰਟ ਦੀ ਪੜਤਾਲ ਕਰਾਂਗੇ ਕਿ ਆਖਿਰ ਕਿੱਥੇ ਸਾਡੀਆਂ ਕਮੀਆਂ ਰਹੀਆਂ ਹਨ, ਜੋ ਵੀ ਕਮੀਆਂ ਹੋਣਗੀਆਂ, ਉਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਤਿੰਨਾਂ ਸ਼ਹਿਰਾਂ ਵਿੱਚ ਜੋ ਮਸ਼ੀਨਰੀ ਦੀ ਕਮੀ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਹਰ ਹਫ਼ਤੇ ਪਹਿਲਾਂ ਵੀ ਮੀਟਿੰਗ ਹੁੰਦੀ ਹੈ। ਹੁਣ ਇਸ ਉੱਤੇ ਬਰੀਕੀ ਨਾਲ ਵਿਚਾਰ ਕੀਤਾ ਜਾਵੇਗਾ, ਜਿੱਥੇ ਸਫਾਈਕਰਮੀਆਂ ਦੀ ਲੋੜ ਹੈ, ਉਹ ਵੀ ਪੂਰੀ ਕਰੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ ਹੋਵੇਗੀ ਕਿ ਅਗਲੀ ਸਵੱਛਤਾ ਰਿਪੋਰਟ ਸਾਲ ਬਾਅਦ ਆਵੇਗੀ, ਤਾਂ ਅਸੀਂ ਦੋ ਮਹੀਨਿਆਂ ਵਿੱਚ ਕਮੀਆਂ ਪੂਰੀਆਂ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਸ਼ਹਿਰ ਦਿਖਾ ਦੇਈਏ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਡੀ ਅਗਲੀ ਰਿਪੋਰਟ ਬਹੁਤ ਵਧੀਆ ਆਵੇ। ਇਸ ਲਈ ਲੋਕ ਸਾਥ ਜ਼ਰੂਰ ਦੇਣ, ਜੋ ਕਮੇਟੀ ਵਾਲੇ ਕੂੜਾ ਲੈਣ ਆਉਂਦੇ, ਉਨ੍ਹਾਂ ਦਾ ਸਾਥ ਦਿੱਤਾ ਜਾਵੇ ਅਤੇ ਸੜਕਾਂ ਵਗੈਰਹ ਉੱਤੇ ਕੂੜਾ ਨਾ ਸੁੱਟਿਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.