ETV Bharat / state

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਫੈਸਲਾ, ਮੁਲਾਜ਼ਮਾਂ ਦੀ ਵਰਦੀ ਨੂੰ ਲੈਕੇ ਕੀਤਾ ਇਹ ਬਦਲਾਅ - Dress Code By SGPC

author img

By ETV Bharat Punjabi Team

Published : Apr 5, 2024, 9:05 AM IST

Dress Code By SGPC
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਡ੍ਰੈੱਸ ਕੋਡ ਲਾਗੂ

Dress Code By SGPC : ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਡ੍ਰੈਸ ਕੋਡ ਨੂੰ ਲੈਕੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਚੱਲਦੇ, ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਡ੍ਰੈਸ ਕੋਡ ਬਣਾਇਆ ਗਿਆ ਹੈ ਅਤੇ ਨਾਲ ਹੀ ਗਲੇ 'ਚ ਸ਼ਨਾਖਤੀ ਕਾਰਡ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਡ੍ਰੈੱਸ ਕੋਡ ਲਾਗੂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਲਈ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਜਿਸ ਵਿੱਚ ਐਸਜੀਪੀਸੀ ਵੱਲੋਂ ਹੁਣ ਹਰ ਇੱਕ ਮੁਲਾਜ਼ਮ ਦੇ ਲਈ ਵੱਖ-ਵੱਖ ਡਰੈਸ ਕੋਡ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾ ਨਿਭਾਉਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਡ੍ਰੈੱਸ ਕੋਡ ਦੇ ਨਾਲ-ਨਾਲ ਗਲੇ ਵਿਚ ਸ਼ਨਾਖਤੀ ਕਾਰਡ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਸਰਾਵਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਆਸਾਨੀ ਨਾਲ ਹੋ ਸਕਦੀ ਹੈ।

ਪ੍ਰਧਾਨ ਧਾਮੀ ਵਲੋਂ ਹੁਕਮ ਜਾਰੀ: ਇਸ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਲਈ ਡ੍ਰੈੱਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਐੱਸ.ਜੀ.ਪੀ.ਸੀ. ਵਿੱਚ 22 ਹਜ਼ਾਰ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਗਲੇ ਵਿਚ ਸ਼ਨਾਖਤੀ ਕਾਰਡ ਪਾਉਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਧਾਮੀ ਨੇ ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਸਕੱਤਰ ਪ੍ਰਤਾਪ ਸਿੰਘ ਨੂੰ ਸਖਤ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ।

ਡ੍ਰੈਸ ਕੋਡ ਅਤੇ ਸ਼ਨਾਖਤੀ ਕਾਰਡ ਜ਼ਰੂਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਭਾਈ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿਚ ਸੇਵਾ ਨਿਭਾਅ ਰਹੇ ਹਰੇਕ ਮੁਲਾਜ਼ਮ ਜਾਂ ਅਧਿਕਾਰੀ ਲਈ ਇਹ ਹੁਕਮ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਸਰਾਵਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ-ਨਾਲ ਸਕੂਲਾਂ ਕਾਲਜਾਂ ਦੇ ਵਿਚ ਡਿਊਟੀ 'ਤੇ ਤਾਇਨਾਤ ਸੇਵਾਦਾਰ ਵੀ ਇਸ ਹੁਕਮ ਦੀ ਪਾਲਣਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਵਿਚ ਡਿਊਟੀ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀ ਵੀ ਆਪਣਾ ਸ਼ਨਾਖਤੀ ਕਾਰਡ ਗਲੇ ਵਿਚ ਪਾ ਕੇ ਡਿਊਟੀ ਸਮੇਂ ਤਾਇਨਾਤ ਰਹਿਣਗੇ।

ਆਮ ਸੰਗਤਾਂ ਦੀ ਸਹੂਲਤ ਨੂੰ ਦੇਖ ਲਿਆ ਫੈਸਲਾ: ਕਾਬਿਲੇਗੌਰ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਸਥਿਤ ਸੇਵਾਦਾਰਾਂ ਖਾਸ ਕਰਕੇ ਪਰਿਕਰਮਾ ਵਿਚ ਮੌਜੂਦ ਸ਼ਰਧਾਲੂਆਂ ਵੱਲੋਂ ਲਗਾਤਾਰ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਸੰਗਤ ਨੂੰ ਇਸ ਗੱਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਉਕਤ ਮੁਲਾਜ਼ਮਾਂ ਦੀ ਸ਼ਿਕਾਇਤ ਅਧਿਕਾਰੀਆਂ ਤੱਕ ਕਿਵੇਂ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਨੇ ਨਾ ਤਾਂ ਵਰਦੀ ਪਾਈ ਸੀ ਅਤੇ ਨਾ ਹੀ ਗਲੇ ਵਿੱਚ ਪਛਾਣ ਪੱਤਰ ਪਾਇਆ ਹੋਇਆ ਸੀ। ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਵਿਚ ਵੀ ਅਧਿਕਾਰੀ ਕਮੀਜ਼ਾਂ-ਪੈਂਟਾਂ ਪਾ ਕੇ ਆਉਂਦੇ ਸਨ, ਜਿਸ ਕਾਰਨ ਪਤਾ ਨਹੀਂ ਲੱਗਦਾ ਸੀ ਕਿ ਕਿਹੜਾ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਹੈ ਜਾਂ ਫਿਰ ਸੇਵਾ ਨਿਭਾਅ ਰਿਹਾ ਮੁਲਾਜ਼ਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.