ETV Bharat / state

ਕੇਂਦਰ ਵਧਾ ਰਿਹਾ ਗੱਲਬਾਤ ਲਈ ਹੱਥ, ਕਿਸਾਨਾਂ ਦਾ ਬਿਆਨ, ਨਹੀਂ ਮੰਨੀਆਂ ਮੰਗਾਂ ਤਾਂ ਕਰਾਂਗੇ ਦਿੱਲੀ ਕੂਚ

author img

By ETV Bharat Punjabi Team

Published : Feb 11, 2024, 8:36 AM IST

ਕਿਸਾਨਾਂ ਦਾ ਦਿੱਲੀ ਕੂਚ
ਕਿਸਾਨਾਂ ਦਾ ਦਿੱਲੀ ਕੂਚ

ਇੱਕ ਪਾਸੇ ਕੇਂਦਰੀ ਟੀਮ ਕਿਸਾਨਾਂ ਨਾਲ ਮੀਟਿੰਗ ਕਰ ਰਹੀ ਤਾਂ ਦੂਜੇ ਪਾਸੇ ਕਿਸਾਨ ਮੰਗਾਂ ਨਾ ਮੰਨਣ ਦੀ ਸੂਰਤ 'ਚ ਦਿੱਲੀ ਕੂਚ ਲਈ ਵਚਨਬੱਧ ਹਨ। ਇਸ ਦੇ ਚੱਲਦਿਆਂ ਕਿਸਾਨਾਂ ਵਲੋਂ ਤਿਆਰੀ ਕਰ ਲਈ ਹੈ ਪਰ ਉਧਰ ਹਰਿਆਣਾ ਸਰਕਾਰ ਵਲੋਂ ਵੀ ਇਸ ਸੰਘਰਸ਼ ਨੂੰ ਦਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਕਿਸਾਨ ਆਗੂ ਮੋਰਚੇ ਸਬੰਧੀ ਜਾਣਕਾਰੀ ਦਿੰਦੇ ਹੋਏ

ਬਠਿੰਡਾ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਾਉਣ ਲਈ 13 ਫਰਵਰੀ ਨੂੰ ਮੁੜ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਭਾਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਰਾਹੀਂ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਸਰੇ ਪਾਸੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਸਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ।

ਹਰ ਹਾਲਾਤ ਕਰਾਂਗੇ ਦਿੱਲੀ ਕੂਚ: ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਰਹਿੰਦੀਆਂ ਮੰਗਾਂ ਸਬੰਧੀ ਟੇਬਲ ਟਾਕ ਦਾ ਜੋ ਦੌਰ ਸ਼ੁਰੂ ਕੀਤਾ ਗਿਆ ਹੈ, ਉਸ ਦਾ ਉਹ ਸਵਾਗਤ ਕਰਦੇ ਹਨ ਪਰ ਜੇਕਰ ਕੋਈ ਫੈਸਲਾ ਲੈਣਾ ਹੈ ਤਾਂ ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਫੈਸਲਾ ਲਵੇ ਕਿਉਂਕਿ 13 ਫਰਵਰੀ ਨੂੰ ਹਰ ਹਾਲਤ ਉਹ ਦਿੱਲੀ ਜਾਣਗੇ। ਕਿਸਾਨਾਂ ਦਾ ਕਹਿਣਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਦਿੱਲੀ ਜਾਣ ਤੋਂ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਉਹ ਇਹਨਾਂ ਸੁਰੱਖਿਆ ਪ੍ਰਬੰਧਾਂ ਦੀ ਪ੍ਰਵਾਹ ਕੀਤੇ ਬਿਨਾਂ ਦਿੱਲੀ ਹਰ ਹਾਲਤ ਜਾਣਗੇ। ਕਿਸਾਨ ਆਗੂ ਦਾ ਕਹਿਣਾ ਕਿ 13 ਫਰਵਰੀ ਦੀ ਤਿਆਰੀ ਲਈ ਪਿੰਡ-ਪਿੰਡ ਲੰਗਰ ਦਾ ਰਾਸ਼ਣ, ਆਟਾ, ਲੂਣ, ਖੰਡ, ਚਾਹ, ਦਾਲਾਂ ਆਦਿ ਇਕੱਠਾ ਕੀਤਾ ਜਾ ਰਿਹਾ ਹੈ।

ਲਾਮਬੰਦ ਹੋ ਕੇ ਰਾਸ਼ਨ ਕੀਤਾ ਇਕੱਠਾ: ਉਧਰ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਘੱਟੋ-ਘੱਟ ਛੇ ਮਹੀਨਿਆਂ ਦਾ ਹਰ ਇੱਕ ਟਰਾਲੀ 'ਚ ਰਾਸ਼ਨ ਹੋਵੇਗਾ। ਇਸੇ ਲੜੀ ਤਹਿਤ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਹਰ ਇਕ ਘਰ ਦੇ ਵਿੱਚ ਜਾ ਕੇ ਇਹ ਲੰਗਰ ਦਾ ਰਾਸ਼ਨ ਪਾਣੀ ਇਕੱਠਾ ਕੀਤਾ ਤੇ ਨਾਲ ਹੀ ਘਰ-ਘਰ ਵਿੱਚ ਜਾ ਕੇ ਅਪੀਲ ਕੀਤੀ ਕਿ ਹਰ ਇੱਕ ਘਰ ਦਾ ਮੈਂਬਰ ਇਸ 13 ਫਰਵਰੀ ਮੋਰਚੇ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਜਾਣ ਦਾ ਵਿਸ਼ਵਾਸ ਦਵਾਇਆ ਤੇ ਨਾਲ ਖੁੱਲ੍ਹੇ ਦਿਲ ਨਾਲ ਰਾਸ਼ਨ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਰਹਿੰਦੀਆਂ ਮੰਗਾਂ ਬਾਰੇ ਵੀ ਜਾਣੂ ਕਰਵਾਇਆ, ਜਿਵੇਂ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਵਾਉਣਾ, ਦੋਸ਼ੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਸੀ ਟੂ 50% ਫਾਰਮੂਲੇ ਅਨੁਸਾਰ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣਾ।

ਇਹ ਨੇ ਕਿਸਾਨਾਂ ਦੀਆਂ ਮੰਗਾਂ: ਇਸ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ ਦੀ ਮੰਗ, ਬਿਜਲੀ ਸੋਧ ਬਿੱਲ 2020 ਨੂੰ ਚਿਪ ਵਾਲੇ ਮੀਟਰਾਂ ਰਾਹੀਂ ਲਾਗੂ ਹੋਣ ਤੋਂ ਰੋਕਣਾ ਅਤੇ ਚਿੱਪ ਵਾਲੇ ਮੀਟਰ ਲਗਾਉਣ 'ਤੇ ਰੋਕ ਲਾਉਣਾ ਅਤੇ ਹਰ ਹਾਲਾਤਾਂ ਵਿੱਚ ਸੜਕਾਂ ਬਣਾਉਣ ਸਮੇਂ ਪੁਰਾਣੀ ਤਕਨੀਕ ਬਦਲ ਕੇ ਪਿੱਲਰਾਂ ਵਾਲੀ ਬਣਾਈ ਜਾਵੇ ਅਤੇ ਪਾਣੀ ਦੇ ਕੁਦਰਤੀ ਬਹਾਅ ਨੂੰ ਰੋਕਣ ਅਤੇ ਕਿਸਾਨਾਂ ਨੂੰ ਮਾਰਕੀਟ ਰੇਟ ਤੋਂ 6 ਗੁਣਾ ਵੱਧ ਮੁਆਵਜ਼ਾ ਦੇਣ ਅਤੇ ਆਮ ਜਨਤਾ ਦੀ ਆਵਾਜਾਈ ਲਈ ਪੈਰਲਰ ਸੜਕ ਦਿੱਤੀ ਜਾਣ ਦੀ ਮੰਗ ਸ਼ਾਮਲ ਹੈ।

ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ

ਸਾਨੂੰ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਚਾਰ ਕਰਦਿਆਂ ਕਈ ਮਹੀਨੇ ਹੋ ਗਏ। ਹੁਣ ਕੇਂਦਰ ਨੇ ਵੀ ਚਾਹਿਆ ਕਿ ਜੇ ਗੱਲਬਾਤ ਰਾਹੀ ਮਸਲਾ ਹੱਲ ਹੋ ਜਾਂਦਾ ਤਾਂ ਵਧੀਆ ਤੇ ਅਸੀਂ ਵੀ ਕਦੇ ਮੀਟਿੰਗ ਕਰਨ ਤੋਂ ਭੱਜੇ ਨਹੀਂ ਹਾਂ। ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਇੰਨ੍ਹਾਂ ਮੰਗਾਂ ਨੂੰ ਕੇਂਦਰ ਮੰਨਦਾ ਜਾਂ ਨਹੀਂ ਕਿਉਂਕਿ ਸਾਡੀ 13 ਫਰਵਰੀ ਪੂਰੀ ਤਿਆਰੀ ਹੈ ਤੇ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਵੱਡੇ ਕਾਫ਼ਲਿਆਂ ਨਾਲ ਦਿੱਲੀ ਕੂਚ ਕੀਤਾ ਜਾਵੇਗਾ।-ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ

ਲੱਖਾਂ ਦੀ ਤਦਾਦ 'ਚ ਕਰਾਂਗੇ ਕੈਚ: ਕਿਸਾਨ ਆਗੂ ਨੇ ਦੱਸਿਆ ਕਿ 2013 ਤੋਂ ਪਹਿਲਾਂ ਦੇ ਭੂਮੀ ਅਧਿਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵਿਤ ਢੰਗ ਨਾਲ ਮੁੜ ਲਾਗੂ ਕਰਨ ਦੀ ਮੰਗ, ਵਿਦੇਸ਼ ਤੋਂ ਆ ਰਹੀਆਂ ਵਸਤੂਆਂ 'ਤੇ ਇੰਪੋਰਟ ਡਿਊਟੀ ਲਗਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਭਾਵਸਾਲੀ ਭਾਵ ਦੇਣਾ ਯਕੀਨੀ ਬਣਾਉਣ ਦੀ ਮੰਗ, ਪਰਾਲੀ ਸਬੰਧੀ ਮੁਕੱਦਮੇ ਤੇ ਜ਼ੁਰਮਾਨੇ, ਰੈਡ ਐਂਟਰੀਆਂ ਰੱਦ ਕਰਵਾਉਣਾ ਤੇ ਖੇਤੀ ਰਹਿੰਦ ਖੂੰਦ ਨੂੰ ਪ੍ਰਦੂਸ਼ਣ ਐਕਟ ਵਿੱਚੋਂ ਬਾਹਰ ਕਰਨਾ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਨੂੰ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਦਿੱਲੀ ਵੱਲ ਕੂਚ ਕਰਨਗੇ।

ਹਰ ਅੜਿੱਕੇ ਨੂੰ ਤੋੜਨ ਲਈ ਪ੍ਰਬੰਧ: ਕਿਸਾਨ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਇਹਨਾਂ ਮੰਨੀਆਂ ਹੋਈਆਂ ਮੰਗਾਂ ਨੂੰ ਹਰ ਹਾਲਤ ਦੇ ਵਿੱਚ ਲਾਗੂ ਕਰਾ ਕੇ ਵਾਪਸ ਮੁੜਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਵੱਡੇ-ਵੱਡੇ ਰਸਤਿਆਂ ਦੇ ਵਿੱਚ ਨਾਕੇ ਜਾਂ ਵੱਡੇ ਪਿੱਲਰਾਂ ਰਾਹੀਂ ਨਾਕੇ ਲਾ ਕੇ ਰੱਖੇ ਨੇ ਪਰ ਆਪਣੇ ਬਲ ਪ੍ਰਯੋਗ ਨਾਲ ਕਿਸਾਨ ਇਹਨਾਂ ਨੂੰ ਪਿੱਛੇ ਧੱਕ ਕੇ ਹਰ ਹਾਲਤ ਵਿੱਚ ਦਿੱਲੀ ਪਹੁੰਚਣਗੇ, ਕਿਉਂਕਿ ਕਿਸਾਨਾਂ ਨੇ ਵੀ ਆਪਣੇ ਵੱਡੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਟਰੈਕਟਰਾਂ ਮੂਹਰੇ ਵੱਡੇ ਜੰਤਰ ਲਾਏ ਹੋਏ ਹਨ ਤਾਂ ਜੋ ਦਿੱਲੀ ਜਾਣ ਲਈ ਜੋ ਵੀ ਰਾਹ ਦੇ ਵਿੱਚ ਅਡਿੱਕਾ ਆਉਂਦਾ ਹੈ, ਉਸ ਨੂੰ ਹਟਾਉਣ ਲਈ ਪ੍ਰਬੰਧ ਹੋ ਸਕਣ। ਉਨ੍ਹਾਂ ਕਿਹਾ ਕਿ ਸਾਡੀਆਂ ਜ਼ਿੰਦਗੀਆਂ ਕਿਉਂ ਨਾ ਲੱਗ ਜਾਣ ਪਰ ਕਿਸੇ ਵੀ ਕੀਮਤ 'ਤੇ ਵਾਪਸ ਮੁੜ ਕੇ ਨਹੀਂ ਆਵਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.