ETV Bharat / state

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ - violation of election code

author img

By ETV Bharat Punjabi Team

Published : Apr 9, 2024, 6:37 PM IST

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪੰਜਾਬ ਚੋਣ ਕਮਿਸ਼ਨ ਵਲੋਂ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਇਲਜ਼ਾਮ ਹੈ ਕਿ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ।

violation of election code
violation of election code

ਚੰਡੀਗੜ੍ਹ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੇ ਐਮਸੀਐਮਸੀ, ਪਟਿਆਲਾ (ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ) ਦੀਆਂ ਸਿਫ਼ਾਰਸ਼ਾਂ 'ਤੇ ਪ੍ਰਾਈਮ ਸਿਨੇਮਾ ਦੇ ਮਾਲਕ/ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਇੰਚਾਰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ: ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਇੱਕ ਆਰ.ਟੀ.ਆਈ. ਕਾਰਕੁਨ ਵੱਲੋਂ 6 ਅਪ੍ਰੈਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸੂਬੇ ਭਰ ਦੇ ਸਿਨੇਮਾਘਰਾਂ 'ਚ ਪੰਜਾਬ ਸਰਕਾਰ ਦੇ ਲੋਗੋ ਅਤੇ ਮੁੱਖ ਮੰਤਰੀ, ਪੰਜਾਬ ਦੀ ਮੌਜੂਦਗੀ ਵਾਲੇ ਪ੍ਰਚਾਰ ਵੀਡੀਓ ਇਸ਼ਤਿਹਾਰ ਵਜੋਂ ਦਿਖਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਮੰਗੀ ਸੀ ਰਿਪੋਰਟ: ਇਸ ਸ਼ਿਕਾਇਤ ਦਾ ਤੁਰੰਤ ਨੋਟਿਸ ਲੈਂਦਿਆਂ, ਮੁੱਖ ਚੋਣ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਪਟਿਆਲਾ (ਜਿਸ ਦੇ ਅਧਿਕਾਰ ਖੇਤਰ ਵਿੱਚ ਪ੍ਰਾਈਮ ਸਿਨੇਮਾ, ਰਾਜਪੁਰਾ ਪੈਂਦਾ ਹੈ), ਸਕੱਤਰ ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ (ਜੋ ਪੰਜਾਬ ਸਰਕਾਰ ਦੇ ਸਾਰੇ ਇਸ਼ਤਿਹਾਰਾਂ ਲਈ ਵੱਖ-ਵੱਖ ਏਜੰਸੀਆਂ ਨੂੰ ਰਿਲੀਜ ਆਰਡਰ ਜਾਰੀ ਕਰਦੇ ਹਨ) ਤੋਂ ਇਲਾਵਾ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਕਿਸੇ ਵੀ ਸਿਨੇਮਾਘਰ ਵਿੱਚ ਅਜਿਹੇ ਸਰਕਾਰੀ ਇਸ਼ਤਿਹਾਰਾਂ ਦੇ ਪ੍ਰਸਾਰਣ ਦੀ ਸਥਿਤੀ ਦਾ ਪਤਾ ਲਗਾਉਣ ਲਈ ਰਿਪੋਰਟ ਮੰਗੀ ਗਈ ਸੀ।

ਫਲਾਇੰਗ ਸਕੁਐਡ ਵੱਲੋਂ ਸਿਨੇਮਾ ਦਾ ਦੌਰਾ: ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਾਈਮ ਸਿਨੇਮਾ, ਰਾਜਪੁਰਾ ਦੇ ਮੈਨੇਜਰ ਪਰਮਜੀਤ ਸਿੰਘ ਨੂੰ 6 ਅਪ੍ਰੈਲ ਨੂੰ ਆਰ.ਓ. 113-ਘਨੌਰ/ਏ.ਆਰ.ਓ. 13-ਪਟਿਆਲਾ ਨੇ ਨੋਟਿਸ ਜਾਰੀ ਕੀਤਾ ਅਤੇ ਨਾਲ ਹੀ ਫਲਾਇੰਗ ਸਕੁਐਡ ਵੱਲੋਂ ਉਕਤ ਸਿਨੇਮਾ ਦਾ ਦੌਰਾ ਕੀਤਾ ਗਿਆ। ਸਿਨੇਮਾਘਰ ਵਿੱਚ ਇਸ਼ਤਿਹਾਰਾਂ ਦੇ ਪ੍ਰਸਾਰਣ ਨਾਲ ਸਬੰਧਤ ਮਾਮਲਾ ਹੋਣ ਕਰਕੇ ਇਸ ਨੂੰ ਐਮਸੀਐਮਸੀ ਪਟਿਆਲਾ ਦੇ ਸਾਹਮਣੇ ਰੱਖਿਆ ਗਿਆ।

ਧਾਰਾ 188 ਦੇ ਤਹਿਤ ਪਰਚਾ ਦਰਜ : ਐਮਸੀਐਮਸੀ ਪਟਿਆਲਾ ਦੀਆਂ ਸਿਫ਼ਾਰਸ਼ਾਂ ਅਨੁਸਾਰ, ਪਟਿਆਲਾ ਪੁਲਿਸ ਵੱਲੋਂ 8 ਅਪ੍ਰੈਲ ਨੂੰ ਆਈਪੀਸੀ ਦੀ ਧਾਰਾ 188 ਅਤੇ 177 ਦੇ ਤਹਿਤ ਪ੍ਰਾਈਮ ਸਿਨੇਮਾ ਦੇ ਮਾਲਕ ਤੇ ਪ੍ਰਬੰਧਕਾਂ ਅਤੇ ਕਿਊਬ ਸਿਨੇਮਾ ਦੇ ਨੁਮਾਇੰਦਿਆਂ/ਪ੍ਰਬੰਧਕ/ਇੰਚਾਰਜ ਖਿਲਾਫ ਆਈਪੀਸੀ ਦੀ ਧਾਰਾ 188 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਭਾਰਤੀ ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਰਿਪੋਰਟ : ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਰਿਪੋਰਟ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ 22 ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਦੇ ਕਿਸੇ ਹੋਰ ਹਿੱਸੇ ਤੋਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.