ETV Bharat / state

ਅੱਜ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ - Shri Guru Arjan Dev Ji

author img

By ETV Bharat Punjabi Team

Published : Apr 30, 2024, 9:14 AM IST

Shri Guru Arjan Dev Ji Prakash Purab
Shri Guru Arjan Dev Ji Prakash Purab

Sri Guru Arjan Dev Ji Parkash Purab: ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ ਦੀ ਸੰਗਤ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚੇ ਹਨ।

ਹੈਦਰਾਬਾਦ ਡੈਸਕ : ਬੀਤੇ ਦਿਨ ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜੀ ਤੇ ਦੀਪਮਾਲਾ ਕੀਤੀ ਗਈ, ਉੱਥੇ ਅੱਜ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਬੜੀ ਸ਼ਰਧਾ ਨਾਲ ਸੰਗਤ ਵਲੋਂ ਮਨਾਇਆ ਜਾ ਰਿਹਾ ਹੈ। ਈਟੀਵੀ ਭਾਰਤ ਵਲੋਂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ।

ਜਨਮ ਤੇ ਬਚਪਨ: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ, ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ 1563 ਈ: ਵਿੱਚ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਇਸ ਸਮੇਂ ਗੁਰੂ ਅਮਰਦਾਸ ਜੀ ਗੁਰਤਾਗੱਦੀ 'ਤੇ ਬਿਰਾਜਮਾਨ ਸਨ, ਜੋ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।

ਸਿੱਖਿਆ: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ ਸਨ। ਇਸ ਦੌਰਾਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ਦੀ ਵਿਦਿਆ ਲਈ ਤੇ ਇਸ ਵਿੱਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ, ਗੁਰੂ ਜੀ ਨੇ ਕਈ ਹੋਰਨਾਂ ਭਾਸ਼ਵਾਂ ਦੇਵਨਾਗਰੀ, ਸੰਸਕ੍ਰਿਤ ਅਤੇ ਗਣਿਤ ਦੀ ਵਿਦਿਆ ਹਾਸਲ ਕੀਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਜੀ ਨੂੰ ਅਧਿਆਤਮ ਤੇ ਧਿਆਨ ਲਗਾਉਣ ਦੀ ਵਿਦਿਆ ਵੀ ਸਿਖਾਈ।

ਗੁਰਦੁਆਰਾ ਟਾਹਲੀ ਸਾਹਿਬ: 1574 ਈ: ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ, ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਵਿਖੇ ਆ ਗਏ, ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚੱਲ ਰਹੀ ਸੀ, ਉਸ ਨੂੰ ਅਰੰਭਿਆ ਗਿਆ। ਇਸ ਟਾਹਲੀ ਹੇਠ ਬੈਠ ਕੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਾ ਕਰਦੇ ਸੀ। ਅੱਜਕਲ੍ਹ ਇਸ ਸਥਾਨ 'ਤੇ ਗੁਰਦੁਆਰਾ ਟਾਹਲੀ ਸਾਹਿਬ ਵੀ ਸੁਸ਼ੋਭਿਤ ਹੈ।

ਅੰਮ੍ਰਿਤਸਰ ਸਰੋਵਰ: ਇਸ ਤੋਂ ਇਲਾਵਾ, 1577 ਈ: 'ਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੁੱਖਭੰਜਨੀ ਬੇਰੀ ਵਾਲੀ ਥਾਂ ਇੱਕ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ, ਜਿਸ ਨੂੰ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਂਅ ਅੰਮ੍ਰਿਤਸਰ ਰੱਖਿਆ ਗਿਆ। ਇਸ ਤੋਂ ਹੀ ਇਸ ਨਗਰੀ ਦਾ ਨਾਮ ਅੰਮ੍ਰਿਤਸਰ ਪੈ ਗਿਆ ਸੀ।

ਗੁਰਤਾਗੱਦੀ ਦਿਵਸ: ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਈ: ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਗੁਰਗੱਦੀ ਮਿਲਣ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਸੀ।

ਬਾਣੀ ਦਾ ਸੰਗ੍ਰਹਿ : ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਵਿੱਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇੱਕਠਾ ਕਰਨ ਦਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਗੁਰੂਆਂ, ਸੰਤਾਂ ਤੇ ਮਹਾਂਪੁਰਸ਼ਾਂ ਦੀ ਬਾਣੀ ਦੇ ਅੰਸ਼ ਇਕੱਤਰ ਕਰਕੇ ਇਸ ਪਵਿੱਤਰ ਗ੍ਰੰਥ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਜੀ ਨੇ ਇਕਾਂਤ ਵਾਸ ਥਾਂ ਸ੍ਰੀ ਰਾਮਸਰ (ਅੰਮ੍ਰਿਤਸਰ) ਚੁਣੀ।

ਸੰਨ 1601 ਈ: ਤੋਂ ਲੈ ਕੇ ਅਗਸਤ 1604 ਈ: ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਹੋਇਆ ਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਗਿਆ। ਇਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਗਈ, ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.