ETV Bharat / state

ਭਾਨਾ ਸਿੱਧੂ ਦੀ ਰਿਹਾਈ ਨੂੰ ਲੈਕੇ ਸਮਰਥਕਾਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਮੀਟਿੰਗ ਰਹੀ ਬੇਸਿੱਟਾ­

author img

By ETV Bharat Punjabi Team

Published : Jan 31, 2024, 7:13 AM IST

Bhana Sidhu case: ਭਾਨਾ ਸਿੱਧੂ ਦੀ ਰਿਹਾਈ ਨੂੰ ਲੈਕੇ ਪੁਲਿਸ ਅਤੇ ਉਸ ਦੇ ਸਮਰਥਕਾਂ ਵਿਚਕਾਰ ਮੀਟਿੰਗ ਹੋਈ ਹੈ, ਜੋ ਬੇਸਿੱਟਾ ਰਹੀ ਹੈ। ਇਸ 'ਚ ਸਮਰਥਕਾਂ ਦਾ ਕਹਿਣਾ ਕਿ ਉਹ ਭਾਨਾ ਸਿੱਧੂ ਦੇ ਸਾਰੇ ਕੇਸ ਰੱਦ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦੇ ਹਨ।

ਭਾਨਾ ਸਿੱਧੂ ਦੀ ਰਿਹਾਈ
ਭਾਨਾ ਸਿੱਧੂ ਦੀ ਰਿਹਾਈ

ਲੱਖਾ ਸਿਧਾਣਾ ਤੇ ਰੁਲਦੂ ਸਿੰਘ ਮਾਨਸਾ ਜਾਣਕਾਰੀ ਦਿੰਦੇ ਹੋਏ

ਬਰਨਾਲਾ: ਸੋਸ਼ਲ ਮੀਡੀਆ ’ਤੇ ਚਰਚਿਤ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਉਸਦੇ ਸਮਰਥਕਾਂ ਅਤੇ ਕਿਸਾਨ ਯੂਨੀਅਨ ਆਗੂਆਂ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਬਰਨਾਲਾ ਦੇ ਪੀਡਬਲਯੂਡੀ ਦੇ ਰੈਸਟ ਹਾਊਸ ਵਿੱਚ ਬਾਅਦ ਦੁਪਹਿਰ ਇੱਕ ਘੰਟਾ ਚੱਲੀ ਗੈਰ ਰਸਮੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਐੱਸਐੱਸਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਸ਼ਾਮਲ ਹੋਏ ਜਦਕਿ ਭਾਨਾ ਸਿੱਧੂ ਵਲੋਂ ਲੱਖਾ ਸਿਧਾਣਾ­, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ­, ਜਸਵਿੰਦਰ ਸਿੰਘ ਲੌਂਗੋਵਾਲ­, ਜਗਦੀਪ ਰੰਧਾਵਾ­, ਜੱਗਾ ਸਿੰਘ ਬਦਰਾ­, ਮਨਵੀਰ ਕੌਰ ਰਾਹੀ ਤੇ ਹੋਰ ਕਈ ਜ਼ਿਲ੍ਹਾ ਪੱਧਰ ਦੇ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਭਾਨਾ ਸਿੱਧੂ ਦੇ ਸਮਰਥਕਾਂ ਵਲੋਂ ਬਿਨ੍ਹਾਂ ਸ਼ਰਤ ਉਸਦੇ ਸਾਰੇ ਕੇਸ ਰੱਦ ਕਰਕੇ ਰਿਹਾਈ ਦੀ ਮੰਗ ਕੀਤੀ ਗਈ। ਜਿਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਉਚ ਅਫ਼ਸਰਾਂ ਨਾਲ ਗੱਲ ਕਰਕੇ ਅੱਜ ਮੁੜ ਮੀਟਿੰਗ ਕਰਨ ਦੀ ਗੱਲ ਆਖੀ ਹੈ।

ਰੋਸ ਪ੍ਰਦਰਸ਼ਨ ਅਤੇ ਮੁੱਖ ਮੰਤਰੀ ਕੋਠੀ ਦਾ ਘਿਰਾਓ: ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਅਤੇ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਬੀਤੇ ਕੱਲ੍ਹ ਭਾਨਾ ਸਿੱਧੂ ਦੇ ਪਿੰਡ ਕੋਟਦੁੰਨਾਂ ਵਿਖੇ ਸਫ਼ਲ ਰੋਸ ਇਕੱਠ ਤੋਂ ਬਾਅਦ ਉਸ ਨੂੰ ਰਿਹਾਅ ਕਰਵਾਉਣ ਲਈ ਦੋ ਵੱਡੇ ਪ੍ਰੋਗਰਾਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਮਪੀ ਸਿਮਰਨਜੀਤ ਸਿੰਘ ਮਾਨ ਵਲੋਂ 1 ਫ਼ਰਵਰੀ ਨੂੰ ਧੂਰੀ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਜਦਕਿ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ 3 ਫ਼ਰਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ : ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੁੱਖ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਨਾਲ ਬੇਹੱਦ ਧੱਕਾ ਕਰ ਰਹੀ ਹੈ। ਉਸ ਉਪਰ 4 ਝੂਠੇ ਪਰਚੇ ਦਰਜ ਕੀਤੇ ਗਏ ਹਨ। ਇਸ ਦੇ ਵਿਰੁੱਧ ਵਿੱਚ ਉਸ ਦੀ ਰਿਹਾਈ ਤੱਕ ਇਹ ਸੰਘਰਸ਼ ਦੇ ਪ੍ਰੋਗਰਾਮ ਜਾਰੀ ਰਹਿਣਗੇ। ਉਹਨਾਂ ਇਨਸਾਫ਼ ਪਸੰਦ ਲੋਕਾਂ ਨੂੰ ਇਹਨਾਂ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਅੱਜ ਮੁੜ ਹੋਵੇਗੀ ਪ੍ਰਸ਼ਾਸਨ ਨਾਲ ਮੀਟਿੰਗ: ਉਹਨਾਂ ਦੱਸਿਆ ਕਿ ਭਾਨਾ ਸਿੱਧੂ ਨੂੰ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਪੁਲਿਸ ਅਧਿਕਾਰੀਆਂ ਅੱਗੇ ਰੱਖੀ ਹੈ। ਜਿਸ ਸਬੰਧੀ ਅੱਜ 31 ਜਨਵਰੀ ਨੂੰ ਮੁੜ 11 ਵਜੇ ਮੀਟਿੰਗ ਲਈ ਉਹਨਾਂ ਨੂੰ ਬੁਲਾਇਆ ਗਿਆ ਹੈ। ਸ਼ਾਇਦ ਇਸ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਆਈਜੀ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਉਥੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਵਲੋਂ ਕੁੱਝ ਵੀ ਕਹਿਣ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.