ETV Bharat / state

ਬਰਨਾਲਾ ਸ਼ਹਿਰ ਦੇ ਕਚਿਹਰੀ ਚੌਂਕ 'ਚ ਗੂੰਜੇ 'ਮੀਤ ਹੇਅਰ ਮੁਰਦਾਬਾਦ' ਦੇ ਨਾਅਰੇ

author img

By ETV Bharat Punjabi Team

Published : Feb 12, 2024, 7:46 PM IST

Barnala city protest against meet hayer
ਬਰਨਾਲਾ ਸ਼ਹਿਰ ਦੇ ਕਚਿਹਰੀ ਚੌਂਕ 'ਚ ਗੂੰਜੇ ਮੀਤ ਹੇਅਰ 'ਮੁਰਦਾਬਾਦ' ਦੇ ਨਾਅਰੇ

Barnala City Protest: 5 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਜਿਸ ਤੋਂ ਬਾਅਦ ਆਗੂਆਂ ਨੇ ਕੈਬਨਿਟ ਮੰਤਰੀ ਮੀਤ ਹੇਅਰ ਖਿਲਾਫ਼ ਕਚਿਹਰੀ ਚੌਂਕ ਤੱਕ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੁੱਲਰੀਆਂ ਜ਼ਮੀਨ ਮਾਲਕਾਂ ਦੀ ਜ਼ਮੀਨ ਦੀ ਰਾਖ਼ੀ ਕਰਨ, ਕਿਸਾਨਾਂ ਉੱਪਰ ਜਾਨਲੇਵਾ ਹਮਲਾ ਕਰਨ ਵਾਲੀ ਗੁੰਡਾ ਢਾਣੀ ਨੂੰ ਗ੍ਰਿਫ਼ਤਾਰ ਕਰਵਾਉਣ, ਕਿਸਾਨ ਆਗੂਆਂ ਖ਼ਿਲਾਫ਼ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। 5 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ।

ਇਸੇ ਤਹਿਤ ਭਾਕਿਯੂ ਏਕਤਾ (ਡਕੌਂਦਾ) ਬਲਾਕ ਬਰਨਾਲਾ ਵੱਲੋਂ ਬਾਬੂ ਸਿੰਘ ਖੁੱਡੀਕਲਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਬਰਨਾਲਾ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਮੰਗ ਪੱਤਰ ਦੇਣ ਲਈ ਪੁੱਜਾ। ਜਿੱਥੇ ਬੁਲਾਰਿਆਂ ਕੁਲਵਿੰਦਰ ਸਿੰਘ ਉੱਪਲੀ, ਰਣ ਸਿੰਘ ਉੱਪਲੀ, ਅਮਰਜੀਤ ਕੌਰ,ਗੋਪਾਲ ਕ੍ਰਿਸ਼ਨ, ਬਲਵੰਤ ਸਿੰਘ ਠੀਕਰੀਵਾਲਾ ਨੇ ਕੁੱਲਰੀਆਂ ਜ਼ਮੀਨ ਮਾਲਕਾਂ ਦੀ ਜ਼ਮੀਨ ਨੂੰ ਗੁੰਡਾ ਸਰਗਣੇ ਸਰਪੰਚ ਰਾਜਵੀਰ ਸਿੰਘ ਦੀ ਸਾਜ਼ਿਸ਼ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ 5 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਲਗਾਤਾਰ ਸੰਘਰਸ਼ ਦੇ ਬਾਵਜੂਦ ਵੀ ਭਗਵੰਤ ਮਾਨ ਸਰਕਾਰ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਸੰਘਰਸ਼ ਨੂੰ ਤੇਜ਼ ਕਰਕੇ ਹੀ ਤੋੜਿਆ ਜਾ ਸਕਦਾ ਹੈ।

16 ਫਰਵਰੀ ਦੇ ਭਾਰਤ ਬੰਦ : 2 ਵਜੇ ਤੱਕ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਮੰਗ ਪੱਤਰ ਹਾਸਲ ਦੀ ਕੋਈ ਸੂਚਨਾ ਪ੍ਰਾਪਤ ਨਾ ਹੋਈ ਨਾ ਹੀ ਮੰਤਰੀ ਦਾ ਅਧਿਕਾਰਤ ਨੁਮਾਇੰਦਾ ਮੰਗ ਪੱਤਰ ਲੈਣ ਲਈ ਪਹੁੰਚਿਆ। ਆਗੂਆਂ ਨੇ ਕੈਬਨਿਟ ਮੰਤਰੀ ਮੀਤ ਹੇਅਰ ਖਿਲਾਫ਼ ਕਚਿਹਰੀ ਚੌਂਕ ਤੱਕ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ 'ਵਾਅਦੇ ਕਰ ਕਰ ਲੋਕਾਂ ਨਾਲ- ਮੁੜ ਮੁੜ ਬਹਿੰਦੇ ਜੋਕਾਂ ਨਾਲ' ਵਾਲੀ ਕਹਾਵਤ ਸੱਚ ਸਾਬਤ ਹੋਈ ਹੈ। ਵੋਟਾਂ ਵੇਲੇ ਗਲੀ ਗਲੀ ਵੋਟਾਂ ਮੰਗਣ ਵਾਲੇ ਵੋਟ ਮੰਗਤੇ ਚੋਣਾਂ ਜਿੱਤਣ ਤੋਂ ਲੋਕਾਂ ਨੂੰ ਭੁਲਾਕੇ ਚੋਰ ਉਚੱਕਿਆਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ।

ਆਗੂਆਂ ਐਲਾਨ ਕੀਤਾ ਕਿ ਲੋਕ ਹਿੱਤਾਂ ਨੂੰ ਦਰਕਿਨਾਰ ਕਰਨ ਵਾਲੇ ਇਸ ਮੰਤਰੀ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਸਿਆਸੀ ਕੀਮਤ ਤਾਰਨੀ ਪਵੇਗੀ। ਇਸ ਦਾ ਪਿੰਡਾਂ ਵਿੱਚ ਦਾਖਲਾ ਬੰਦ ਕੀਤਾ ਜਾਵੇਗਾ। 16 ਫਰਬਰੀ ਦੇ ਭਾਰਤ ਬੰਦ ਅਤੇ ਮਜ਼ਦੂਰ ਹੜਤਾਲ਼ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ।

ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੀਤੀਆਂ ਨਾਲ ਜਲ, ਜੰਗਲ,ਜ਼ਮੀਨ ਨੂੰ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜਨਤਕ ਖੇਤਰ ਦੇ ਅਦਾਰੇ, ਸਿਹਤ, ਸਿੱਖਿਆ, ਰੇਲਵੇ, ਊਰਜਾ, ਟਰਾਂਸਪੋਰਟ, ਬੈਂਕ,ਬੀਮਾ, ਕੋਲਾ ਖਾਣਾਂ, ਸੜਕਾਂ, ਜਹਾਜ਼ਰਾਨੀ ਆਦਿ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਕਿਰਤੀਆਂ ਵੱਲੋਂ ਕੁਰਬਾਨੀਆਂ ਦੇਕੇ ਹਾਸਲ ਕੀਤੇ 44 ਕਿਰਤ ਕਾਨੂੰਨਾਂ ਨੂੰ 4 ਕੋਡਾਂ ਵਿੱਚ ਤਬਦੀਲ ਕਰਕੇ ਕਿਰਤ ਦੀ ਤਿੱਖੀ ਰੱਤ ਨਿਚੋੜਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ 16 ਫਰਬਰੀ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀਆਂ ਤਿਆਰੀਆਂ ਪੂਰੀ ਤਨਦੇਹੀ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.