ETV Bharat / hukamnama

22 ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnama

author img

By ETV Bharat Punjabi Team

Published : May 4, 2024, 6:28 AM IST

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama Golden Temple 4 May 2024
Daily Hukamnama Golden Temple 4 May 2024 (ETV BHARAT)

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਸੂਹੀ ਮਹਲਾ ੫ ॥ ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਮਾਨੈ ਹੁਕਮੁ ਤਜੈ ਅਭਿਮਾਨੈ ॥ ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਸਖੀ ਸਹੇਲੀ ਕਉ ਸਮਝਾਵੈ ॥ ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥ ਗਰਬਿ ਗਹੇਲੀ ਮਹਲੁ ਨ ਪਾਵੈ ॥ ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ ਬਿਨਉ ਕਰੀ ਜੇ ਜਾਣਾ ਦੂਰਿ ॥ ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ ਸ਼ਨਿਚਰਵਾਰ, ੨੨ ਵੈਸਾਖ (ਸੰਮਤ ੫੫੬ ਨਾਨਕਸ਼ਾਹੀ) ੪ ਮਈ, ੨੦੨੪ (ਅੰਗ: ੭੩੭)

Daily Hukamnama Golden Temple 4 May 2024
ਅੱਜ ਦਾ ਹੁਕਮਨਾਮਾ (ETV BHARAT)

ਪੰਜਾਬੀ ਵਿਆਖਿਆ: ਸੂਹੀ ਮਹਲਾ ੫ ॥ ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ । ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ।੧। ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ । (ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ।੧।ਰਹਾਉ। (ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ) ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ, ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ।੨। (ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ । ਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ । ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ।੩। ਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ । ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ । ਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੪।੩। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ETV Bharat Logo

Copyright © 2024 Ushodaya Enterprises Pvt. Ltd., All Rights Reserved.