ETV Bharat / hukamnama

10 ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Daily Hukamnam

author img

By ETV Bharat Punjabi Team

Published : May 23, 2024, 6:20 AM IST

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਅੱਜ ਦਾ ਹੁਕਮਨਾਮਾ (ETV BHARAT)
10 ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਸਲੋਕ ਮਃ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭੁ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ ਮਃ ੫ ॥ ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ ਪਉੜੀ ॥ ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥

ਪੰਜਾਬੀ ਵਿਆਖਿਆ: ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ; (ਹੇ ਭਾਈ!) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ । ਹੇ ਗੁਰ-ਸਿੱਖੋ! (ਸਿਫ਼ਤਿ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ । ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤਿ ਸਫਲ ਹੋ ਜਾਇਗੀ । ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ । ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ।੧। ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮਤਿ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ; (ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ । ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ । ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ । ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ, ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ । ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ । ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ।੨। ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ), (ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ । ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ, ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ । ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ । ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ । ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ! ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ।੧੨।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ETV Bharat Logo

Copyright © 2024 Ushodaya Enterprises Pvt. Ltd., All Rights Reserved.