ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਕੈਂਸਰ ਦਿਵਸ, ਜਾਣੋ ਇਸ ਦਿਨ ਦਾ ਉਦੇਸ਼

author img

By ETV Bharat Features Team

Published : Feb 4, 2024, 9:55 AM IST

World Cancer Day 2024

World Cancer Day 2024: ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਵਿਸ਼ਵ ਕੈਂਸਰ ਦਿਵਸ "ਕਲੋਜ਼ ਦ ਕੇਅਰ ਗੈਪ" ਵਿਸ਼ੇ 'ਤੇ ਮਨਾਇਆ ਜਾ ਰਿਹਾ ਹੈ।

ਹੈਦਰਾਬਾਦ: ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਹਰ ਤਰ੍ਹਾਂ ਦੇ ਕੈਂਸਰ, ਉਨ੍ਹਾਂ ਦੇ ਕਾਰਨਾਂ, ਲੱਛਣਾਂ ਅਤੇ ਇਸ ਦੇ ਨਿਦਾਨ ਲਈ ਲੋੜੀਂਦੇ ਹਰ ਤਰ੍ਹਾਂ ਦੇ ਇਲਾਜ ਅਤੇ ਦੇਖਭਾਲ ਦੇ ਤਰੀਕਿਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਕੈਂਸਰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੈਂਸਰ ਦੇ ਮਰੀਜਾਂ ਦਾ ਸਹੀ ਸਮੇਂ 'ਤੇ ਪਤਾ ਲਗਾ ਕੇ ਇਲਾਜ ਕਰਵਾ ਲਿਆ ਜਾਵੇ, ਤਾਂ ਇਸ ਬਿਮਾਰੀ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਜੇਕਰ ਜੀਵਨ ਸ਼ੈਲੀ ਨੂੰ ਸੁਧਾਰਿਆ ਜਾਵੇ ਅਤੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ, ਤਾਂ ਕਿਸੇ ਵੀ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਪਰ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦੇ ਲੱਛਣਾਂ ਬਾਰੇ ਲੋਕਾਂ 'ਚ ਜਾਗਰੂਕਤਾ ਦੀ ਕਮੀ ਅਤੇ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਵੀ ਇਲਾਜ ਅਤੇ ਦੇਖਭਾਲ ਦੀ ਕਮੀ ਨਾ ਸਿਰਫ ਬੀਮਾਰੀ ਦੀ ਗੰਭੀਰਤਾ ਨੂੰ ਵਧਾਉਂਦੀ ਹੈ, ਸਗੋ ਇਲਾਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਕਈ ਮਾਮਲਿਆਂ ਵਿੱਚ ਪੀੜਤ ਆਪਣੀ ਜਾਨ ਵੀ ਗੁਆ ਬੈਠਦਾ ਹੈ।

ਵਿਸ਼ਵ ਕੈਂਸਰ ਦਿਵਸ ਦਾ ਇਤਿਹਾਸ: ਵਿਸ਼ਵ ਕੈਂਸਰ ਦਿਵਸ ਸਭ ਤੋਂ ਪਹਿਲਾਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਦੁਆਰਾ ਸਾਲ 1993 ਵਿੱਚ ਮਨਾਇਆ ਗਿਆ ਸੀ। ਪਰ ਪੈਰਿਸ ਵਿੱਚ 4 ਫਰਵਰੀ 2000 ਨੂੰ ਹੋਈ ਵਿਸ਼ਵ ਕੈਂਸਰ ਕਾਨਫਰੰਸ “ਨਵੇਂ ਮਿਲੇਨੀਅਮ ਲਈ ਕੈਂਸਰ ਦੇ ਵਿਰੁੱਧ ਵਿਸ਼ਵ ਕੈਂਸਰ” ਵਿੱਚ ਇਸ ਦਿਨ ਨੂੰ ਇੱਕ ਨਿਯਮਤ ਸਲਾਨਾ ਸਮਾਗਮ ਵਜੋਂ ਮਨਾਇਆ ਜਾਣ ਲੱਗਾ। ਦੱਸ ਦੇਈਏ ਕਿ ਸਾਲ 2022 ਤੋਂ 2024 ਤੱਕ ਵਿਸ਼ਵ ਕੈਂਸਰ ਦਿਵਸ 'ਕਲੋਜ਼ ਦ ਕੇਅਰ ਗੈਪ' ਥੀਮ 'ਤੇ ਹੀ ਮਨਾਇਆ ਜਾ ਰਿਹਾ ਹੈ।

ਵਿਸ਼ਵ ਕੈਂਸਰ ਦਿਵਸ ਦਾ ਉਦੇਸ਼: ਇਸ ਦਿਨ ਦਾ ਉਦੇਸ਼ ਨਾ ਸਿਰਫ ਕੈਂਸਰ ਨਾਲ ਜੁੜੇ ਸਾਰੇ ਮੁੱਦਿਆਂ ਸਮੇਤ ਦੁਨੀਆ ਦੇ ਕੋਨੇ-ਕੋਨੇ ਵਿੱਚ ਇਸ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕਤਾ ਫੈਲਾਉਣਾ ਹੈ, ਬਲਕਿ ਇਸ ਕੰਮ ਨੂੰ ਸਰਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨਾ ਵੀ ਹੈ, ਕਿਉਂਕਿ ਕੋਸ਼ਿਸ਼ਾਂ ਕੈਂਸਰ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਘਟਾਉਣ ਅਤੇ ਇਸ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਘਟਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦੀਆਂ ਹਨ। ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਹਰ ਤਰ੍ਹਾਂ ਦੇ ਕੈਂਸਰ ਦੇ ਨਿਦਾਨ ਅਤੇ ਖਾਤਮੇ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਨਾ ਸਿਰਫ਼ ਡਾਕਟਰਾਂ, ਸਗੋ ਸਰਕਾਰੀ, ਸਮਾਜਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰਕਾਰ, ਗੈਰ-ਸਰਕਾਰੀ, ਸਮਾਜਿਕ, ਵਿਦਿਅਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: ਸਿਰਫ਼ ਕੈਂਸਰ ਹੀ ਨਹੀਂ, ਬਲਕਿ ਜ਼ਿਆਦਾਤਰ ਬਿਮਾਰੀਆਂ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਬਤ ਅਨਾਜ, ਹਰੀਆਂ ਸਬਜ਼ੀਆਂ ਅਤੇ ਫਲਾਂ ਵਾਲੀ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਖਾਣਾ, ਅਨੁਸ਼ਾਸਿਤ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਨਿਯਮਤ ਸਿਹਤ ਜਾਂਚ ਕਰਵਾਓ। ਸਰੀਰ ਵਿੱਚ ਲਗਾਤਾਰ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ। ਸਿਗਰਟਨੋਸ਼ੀ ਅਤੇ ਨਸ਼ੇ ਤੋਂ ਬਚੋ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਹੈ, ਉਨ੍ਹਾਂ ਲਈ ਨਿਯਮਤ ਸਿਹਤ ਜਾਂਚ ਕਰਵਾਉਣਾ ਬਹੁਤ ਮਹੱਤਵਪੂਰਨ ਹੈ।

ਡਾਕਟਰ ਕੀ ਕਹਿੰਦੇ ਹਨ?: ਇੰਦੌਰ ਦੇ ਸੀਨੀਅਰ ਓਨਕੋਲੋਜਿਸਟ ਅਤੇ ਇੰਦੌਰ ਕੈਂਸਰ ਫਾਊਂਡੇਸ਼ਨ ਦੇ ਸੰਸਥਾਪਕ ਡਾ. ਦਿਗਪਾਲ ਧਾਰਕਰ ਦੇ ਅਨੁਸਾਰ, ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਗੈਰ-ਸਿਹਤਮੰਦ ਜੀਵਨ ਸ਼ੈਲੀ, ਮੋਟਾਪਾ ਅਤੇ ਜੈਨੇਟਿਕ ਕਾਰਨ ਜ਼ਿੰਮੇਵਾਰ ਹੁੰਦੇ ਹਨ। ਡਾਕਟਰ ਦੱਸਦੇ ਹਨ ਕਿ ਅਜੋਕੇ ਸਮੇਂ ਵਿੱਚ ਹਰ ਉਮਰ ਦੇ ਲੋਕਾਂ ਵਿੱਚ ਵੱਖ-ਵੱਖ ਕਿਸਮਾਂ ਦੇ ਕੈਂਸਰ ਦੇ ਵੱਧ ਰਹੇ ਮਾਮਲਿਆਂ ਲਈ ਹੀ ਨਹੀਂ, ਸਗੋਂ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਈ ਗਲਤ ਜੀਵਨ ਸ਼ੈਲੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਗਲਤ ਆਦਤਾਂ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੁੰਦੀਆ ਹਨ। ਇਸ ਤੋਂ ਇਲਾਵਾ, ਕੈਂਸਰ ਦੇ ਕੁੱਲ ਮਾਮਲਿਆਂ 'ਚੋਂ ਲਗਭਗ 10 ਫੀਸਦੀ ਲਈ ਜੈਨੇਟਿਕ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ, ਪਰ ਜੇਕਰ ਬਿਮਾਰੀ ਦੀ ਸ਼ੁਰੂਆਤ ਵਿੱਚ ਜਾਂ ਇਸਦੀ ਪਹਿਲੀ ਸਟੇਜ ਵਿੱਚ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਜ਼ਿਆਦਾਤਰ ਮਰੀਜ਼ਾਂ ਲਈ ਇਲਾਜ ਸੰਭਵ ਹੁੰਦਾ ਹੈ। ਪਰ ਜੇਕਰ ਜਾਂਚ ਵਿੱਚ ਦੇਰੀ ਹੋ ਜਾਵੇ ਅਤੇ ਦੂਜੀ ਜਾਂ ਤੀਜੀ ਸਟੇਜ ਵਿੱਚ ਬਿਮਾਰੀ ਦਾ ਪਤਾ ਲੱਗੇ, ਤਾਂ ਨਾ ਸਿਰਫ਼ ਇਲਾਜ ਵਿੱਚ ਮੁਸ਼ਕਲ ਆ ਸਕਦੀ ਹੈ, ਸਗੋਂ ਪੀੜਤ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵੀ ਘੱਟ ਹੋ ਸਕਦੀ ਹੈ।

ਕੈਂਸਰ ਨਾਲ ਸਬੰਧਤ ਅੰਕੜੇ: ਇਹ ਸੱਚ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਕੈਂਸਰ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜੋ ਕਿ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹੈ। ਅੰਕੜਿਆਂ ਦੀ ਗੱਲ ਕਰੀਏ, ਤਾਂ ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਏਜੰਸੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੇ ਅਨੁਸਾਰ, ਸਾਲ 2022 ਵਿੱਚ ਕੈਂਸਰ ਦੇ ਦੋ ਕਰੋੜ ਨਵੇਂ ਮਾਮਲੇ ਸਾਹਮਣੇ ਆਏ ਅਤੇ ਲਗਭਗ 97 ਲੱਖ ਲੋਕਾਂ ਨੇ ਇਸ ਬਿਮਾਰੀ ਕਾਰਨ ਆਪਣੀ ਜਾਨ ਗਵਾਈ। ਜੇਕਰ ਅਸੀਂ ਇਕੱਲੇ ਭਾਰਤ ਦੀ ਗੱਲ ਕਰੀਏ, ਤਾਂ ਸਾਲ 2022 ਤੱਕ ਇਕੱਲੇ ਭਾਰਤ ਵਿਚ ਕੈਂਸਰ ਦੇ 1,413,316 ਨਵੇਂ ਕੇਸ ਦਰਜ ਹੋਏ, ਜਿਨ੍ਹਾਂ ਵਿਚ ਔਰਤਾਂ ਦਾ ਅਨੁਪਾਤ ਪੁਰਸ਼ਾਂ ਨਾਲੋਂ ਜ਼ਿਆਦਾ ਸੀ। ਇਸ ਰਿਪੋਰਟ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਖ਼ਦਸ਼ਾ ਜਤਾਇਆ ਹੈ ਕਿ ਸਾਲ 2050 ਵਿੱਚ ਵਿਸ਼ਵ ਪੱਧਰ ’ਤੇ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਗਿਣਤੀ 35 ਮਿਲੀਅਨ ਤੋਂ ਵੱਧ ਜਾਵੇਗੀ, ਜੋ ਕਿ 2022 ਦੇ ਮੁਕਾਬਲੇ 77 ਫ਼ੀਸਦੀ ਵੱਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.